ਵਿਹੜੇ ਅੰਦਰ ਧੀ ਤੇ ਛਾਂ ਲਈ
ਬਿਰਖ਼ ਜ਼ਰੂਰੀ ਹੈ ।
ਖ਼ੁਸ਼ਬੂ ਤੇ ਹਰਿਆਵਲ ਤੋਂ ਬਿਨ
ਧਰਤ ਅਧੂਰੀ ਹੈ ।
ਛਤਰੀ ਵਾਲੇ ਬਿਰਖ਼ਾਂ ਨੂੰ
ਕਟਵਾਈ ਜਾਂਦੇ ਹੋ ।
ਖਿੜਨੋਂ ਪਹਿਲਾਂ ਕਲੀਆਂ
ਮਸਲ ਮੁਕਾਈ ਜਾਂਦੇ ਹੋ ।
ਜ਼ਿੰਦਗੀ ਨਰਕ ਬਣਾਉਣੀ,
ਕਰੀ ਤਿਆਰੀ ਪੂਰੀ ਹੈ ।
ਪਲੰਘ, ਪੰਘੂੜਾ, ਅਰਥੀ
ਖੇਡ ਖਿਡੌਣਾ ਕਹਿੰਦੇ ਨੇ
ਰੁੱਖਾਂ ਦੇ ਮੁੱਢ ਆਰੀ ਨੂੰ ਹੀ
ਪਰਲੋ ਕਹਿੰਦੇ ਨੇ ।
ਧਰਤ ਤਰੇੜੀ ਵੇਖੋ,
ਮੱਥੇ ਪਾ ਲਈ ਘੂਰੀ ਹੈ ।
ਧੀਆਂ ਧਰਮ ਧਰਤ ਦਾ
ਗੁਰੂਆਂ ਨੇ ਫੁਰਮਾਇਆ ਹੈ ।
ਘੂਕੀ ਦੇ ਵਿੱਚ ਆਪਾਂ
ਸੁੱਚਾ ਸਬਕ ਭੁਲਾਇਆ ਹੈ ।
ਲੱਭਦੇ ਫਿਰੀਏ ਬਾਹਰੋਂ
ਅੰਦਰ ਪਈ ਕਸਤੂਰੀ ਹੈ ।
ਰਾਜ ਭਾਗ ਦੇ ਸੂਰਜ ਤਾਂ ਨਿੱਤ ਚੜ੍ਹਦੇ ਲਹਿੰਦੇ ਨੇ ।
ਮਿਲਖ ਜਾਗੀਰਾਂ ਠੀਕਰੀਆਂ ਨੂੰ ਮਿਥਿਆ ਕਹਿੰਦੇ ਨੇ ।
ਕਹਿਣੀ ਤੇ ਕਰਨੀ ਵਿੱਚ
ਕਿਉਂ ਕੋਹਾਂ ਦੀ ਦੂਰੀ ਹੈ ।
ਵਿਹੜੇ ਅੰਦਰ ਧੀ ਤੇ ਛਾਂ ਲਈ
ਬਿਰਖ਼ ਜ਼ਰੂਰੀ ਹੈ।
ਗੁਰਭਜਨ ਗਿੱਲ

