ਦੱਸ ਭਲਾ ਵੈਰੀ ਨੂੰ ਬੀਮਾਰੀ ਕਿਹੜੀ ਏ।
ਡਾਕਟਰਾ ਇੱਕ ਤੂੰ ਸਕੈਨ ਕਰਦੇ।
ਚੈੱਕ ਸ਼ੈੱਕ ਸਭ ਕੁੱਝ ਐਨ ਕਰਦੇ।
ਕਿਹੜੇ ਵੇਲ਼ੇ ਅੜ੍ਹਦੀ ਗਰਾਰੀ ਕਿਹੜੀ ਏ।
ਦੱਸ ਭਲਾ ਵੈਰੀ ਨੂੰ ਬੀਮਾਰੀ ਕਿਹੜੀ ਏ।
ਪੁਠੇ ਕੰਮਾਂ ਵਿੱਚ ਇਹਨੂੰ ਆੳਂਦਾ ਹਾਸਾ ਏ।
ਹਰ ਵੇਲ਼ੇ ਚਾਹੁੰਦਾ ਵੇਖਣਾ ਤਮਾਸ਼ਾ ਏ।
ਇਹਦੇ ਪਿੱਛੇ ਚੂਲ਼ ਕਿਸੇ ਮਾਰੀ ਕਿਹੜੀ ਏ।
ਦੱਸ ਭਲਾ ਵੈਰੀ ਨੂੰ ਬੀਮਾਰੀ ਕਿਹੜੀ ਏ।
ਥੋੜ੍ਹਾ ਥੋੜ੍ਹਾ ਖਚਰਾ ਜਿਹਾ ਏ ਹੱਸਦਾ।
ਵੱਖੀਆਂ ‘ਚ ਹੱਸੇ ਕਿਸੇ ਨੂੰ ਨਹੀਂ ਦੱਸਦਾ।
ਜ਼ਹਿਰ ਇਹਦੇ ਅੰਦਰ ਖਿਲਾਰੀ ਕਿਹੜੀ ਏ।
ਦੱਸ ਭਲਾ ਵੈਰੀ ਨੂੰ ਬੀਮਾਰੀ ਕਿਹੜੀ ਏ।
ਹਰ ਪਾਸੇ ਅੜਾਉਂਦਾ ਏ ਕਸੂਤੀ ਟੰਗ ਨੂੰ।
ਮੂੰਹ ;ਤੇ ਬੇਸ਼ਰਮੀ ਨਾ ਆਵੇ ਸੰਗ ਨੂੰ।
ਕਿਸੇ ਨੇ ਪੰਜ਼ੀਰੀ ਇਹਨੂੰ ਚਾਰੀ ਕਿਹੜੀ ਏ।
ਦੱਸ ਭਲਾ ਵੈਰੀ ਨੂੰ ਬੀਮਾਰੀ ਕਿਹੜੀ ਏ।
ਥੋੜ੍ਹੀ ਥੋੜ੍ਹੀ ਗੱਲ ਅਸ਼ਲੀਲ ਕਰਦਾ।
ਕਰ ਕੋਈ ਟੈਸਟ ਨਾ ਰਹੇ ਪਰਦਾ।
ਨਾੜ ਲੱਭ ਇਹਦੀ ਹੰਕਾਰੀ ਕਿਹੜੀ ਏ।
ਦੱਸ ਭਲਾ ਵੈਰੀ ਨੂੰ ਬੀਮਾਰੀ ਕਿਹੜੀ ਏ।
ਗਿੱਝ ਗਿਆ ਵੇਖਣੇ ਲੜਾਈ ਝਗੜੇ।
ਚੋਰੀਂ ਚੋਰੀਂ ਕਈਆਂ ਨੂੰ ਲਗਾਏ ਰਗੜੇ।
ਡਰੀਂ ਨਾ ਦੱਸੀ ਤੰੂ ਗੱਲ ਸਾਰੀ ਕਿਹੜੀ ਏ।
ਦੱਸ ਭਲਾ ਵੈਰੀ ਨੂੰ ਬੀਮਾਰੀ ਕਿਹੜੀ ਏ।
ਸ਼ਿਨਾਗ ਸੰਧੂ ਇਹਦੇ ਵਿੱਚੋਂ ਜ਼ਹਿਰ ਕੱਢਣਾ।
ਦਿਲ ਇਹਦੇ ਵਿੱਚੋਂ ਬਾਹਰ ਵੈਰ ਕੱਢਣਾ।
ਕਾਲ਼ੇ ਦਿਲ ਵਿੱਚ ਚੀਜ਼ ਭਾਰੀ ਕਿਹੜੀ ਏ।
ਦੱਸ ਭਲਾ ਵੈਰੀ ਨੂੰ ਬੀਮਾਰੀ ਕਿਹੜੀ ਏ।

ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816-93300
