ਕਿਸੇ ਵੀ ਲਾਲਚ ਅਧੀਨ ਆਪਣੀ ਜ਼ਮੀਰ ਨਾ ਵੇਚਿਓ : ਸਮਾਜਸੇਵੀ

ਕੋਟਕਪੂਰਾ, 25 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੂਬੇ ਭਰ ‘ਚ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਨਗਰ ਕਾਰਪੋਰੇਸ਼ਨਾਂ ਲਈ ਆਉਂਦੀ 26 ਮਈ 2026 ਦਿਨ ਮੰਗਲਵਾਰ ਨੂੰ ਚੋਣਾਂ ਹੋ ਰਹੀਆਂ ਹਨ ਅਤੇ ਸਮੁੱਚੇ ਪੰਜਾਬ ਵਿੱਚ ਸਾਰੇ ਉਮੀਦਵਾਰ ਆਪਣੀ ਜਿੱਤ ਯਕੀਨੀ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਵੋਟਰਾਂ ਨੂੰ ਸਬਜਬਾਗ ਦਿਖਾਏ ਜਾ ਰਹੇ ਹਨ, ਕਈ ਤਰ੍ਹਾਂ ਦੇ ਲਾਲਚ ਅਤੇ ਡਰਾਵੇ ਦਿੱਤੇ ਜਾ ਰਹੇ ਹਨ। ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਮਾਜਸੇਵੀਆਂ ਗੁਰਮੀਤ ਸਿੰਘ ਪ੍ਰਜਾਪਤੀ, ਹੰਸ ਰਾਜ ਪ੍ਰਜਾਪਤੀ ਅਤੇ ਐਡਵੋਕੇਟ ਅਜੀਤ ਵਰਮਾ ਆਦਿ ਨੇ ਵੋਟਰਾਂ ਨੂੰ ਕਿਸੇ ਡਰ, ਦਬਾਅ ਜਾਂ ਲਾਲਚ ਤੋਂ ਬਿਨਾਂ ਆਪਣੀ ਵੋਟ ਪਾਉਣ ਲਈ ਅਪੀਲ ਕੀਤੀ ਹੈ। ਉਹਨਾ ਆਖਿਆ ਕਿ ਵੋਟ ਦਾ ਅਧਿਕਾਰ ਸਭਨਾਂ ਦਾ ਕਾਨੂੰਨੀ ਹੱਕ ਹੈ, ਸਾਨੂੰ ਸਾਰਿਆਂ ਨੂੰ ਇਸ ਅਧਿਕਾਰ ਦੀ ਲਾਜ਼ਮੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਵੋਟਰਾਂ ਨੂੰ ਇਹਨਾਂ ਚੋਣਾਂ ਦੌਰਾਨ ਆਪਣੀ ਸਦਭਾਵਨਾ ਅਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਆਪਸੀ ਭਾਈਚਾਰਾ ਅਤੇ ਸਦਭਾਵਨਾ ਸਦਾ ਬਰਕਰਾਰ ਰਹਿਣ ਵਾਲੀ ਵਿਵਸਥਾ ਜੋ ਹਰ ਹਾਲਤ ਕਾਇਮ ਰੱਖੀ ਜਾਣੀ ਚਾਹੀਦੀ ਹੈ। ਉਹਨਾਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਾਂ ਵਾਲੇ ਦਿਨ ਆਪਣੀ ਵੋਟ ਸਵੇਰ ਵੇਲੇ ਠੰਢੇ-ਠੰਢੇ ਭੁਗਤਾਉਣ ਦੀ ਅਪੀਲ ਕੀਤੀ ਹੈ।

