ਸਟੇਜੀ ਕਵਿਤਾ ਦੇ ਬੇਤਾਜ ਬਾਦਸ਼ਾਹ ਸ. ਗੁਰਦਿੱਤ ਸਿੰਘ ਕੁੰਦਨ ਦਾ ਜਨਮ 1911 ਈ. ਨੂੰ ਚੱਕ ਨੰ: 67(ਗਿਦੜ ਵਿੰਡੀ) ਤਹਿਸੀਲ ਜੜ੍ਹਾਂ ਵਾਲਾ ਜ਼ਿਲਾ ਲਾਇਲਪੁਰ ਵਿੱਚ ਸ. ਭਾਗ ਸਿੰਘ ਦੇ ਘਰ ਹੋਇਆ ।
ਪੰਜਾਬ ਦੇ ਪ੍ਰਮੁੱਖ ਸਟੇਜੀ ਕਵੀਆਂ ਵਿੱਚੋਂ ਮੰਨੇ ਜਾਂਦੇ ਸਰਦਾਰ ਵਿਧਾਤਾ ਸਿੰਘ ਤੀਰ ਦੇ ਉਹ ਸ਼ਾਗਿਰਦ ਸਨ। ਉਨ੍ਹਾਂ ਦੀ ਕਵਿਤਾ ਦੀ ਰਵਾਨੀ ਕਮਾਲ ਦੀ ਹੈ।
ਉਨ੍ਹਾਂ ਦੀਆਂ ਚਾਰ ਰਚਨਾਵਾਂ ਵਿੱਚ ਚਮਕਣ ਤਾਰੇ, ਅੱਗ ਦਾ ਸਫ਼ਰ, ਲਹੂ ਤੇ ਲਾਟਾਂ ਅਤੇ ਨਵੇਂ ਪੱਤਰ ਹਨ । ਦੇਸ਼ ਵੰਡ ਉਪਰੰਤ ਉਹ ਨਕੋਦਰ ਆਣ ਵੱਸੇ।
ਉਹਨਾਂ ਦੀ ਕਵਿਤਾ ਜੋਸ਼ੀਲੀ ਅਤੇ ਸਟੇਜ ਨੂੰ ਕੀਲਣ ਵਾਲੀ ਹੁੰਦੀ ਸੀ। ਸਿੱਖੀ ਸਿਦਕ, ਸ਼ਹੀਦੀ ਅਤੇ ਗੁਰੂਆਂ ਦੇ ਇਤਿਹਾਸ ਨੂੰ ਬਿਆਨ ਕਰਦੀਆਂ ਸਨ ਕੁੰਦਨ ਜੀ ਦੀਆਂ ਕਵਿਤਾਵਾਂ।
ਉਨ੍ਹਾਂ ਦੀਆਂ ਪ੍ਰਸਿੱਧ ਕਵਿਤਾਵਾਂ ਵਿੱਚ ਸਿੱਖੀ ਸਰੂਪ ਅਤੇ ਸਿਦਕ ਨੂੰ ਸਮਰਪਣ ਹੁੰਦਾ ਸੀ।
ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਸਿੱਖ ਕੌਮ ਦੇ ਬਹਾਦਰੀ ਭਰੇ ਇਤਿਹਾਸ ਅਤੇ ਆਤਮ-ਬਲ ਦਾ ਵੀ ਜ਼ਿਕਰ ਮਿਲਦਾ ਹੈ।
ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਮੈਨੂੰ ਕਿਤਿਉਂ ਵੀ ਕੁੰਦਨ ਜੀ ਦਾ ਜੀਵਨ ਵੇਰਵਾ ਨਹੀਂ ਮਿਲਿਆ। ਪੰਜਾਬੀ ਕਵਿਤਾ ਡਾਟ ਕਾਮ ਵਿੱਚ ਕੁੱਲ ਤਿੰਨ ਕਵਿਤਾਵਾਂ ਹਨ ਜਿੰਨ੍ਹਾਂ ਵਿੱਚੋਂ ਇੱਕ ਕਵਿਤਾ ਤੁਹਾਡੇ ਸਨਮੁੱਖ ਪੇਸ਼ ਕਰ ਰਿਹਾਂ।
ਤਸਵੀਰ ਵੀ ਭਾ ਜੀ ਅਮਰਜੀਤ ਚੰਦਨ ਜੀ ਦੇ ਭੰਡਾਰ ਵਿੱਚੋਂ ਵੀਰ ਡਾ. ਇਮਰੋਜ਼ ਸਿੰਘ ਮਾਨ ਨੇ ਮੰਗਵਾ ਕੇ ਦਿੱਤੀ ਹੈ।
ਜੇ ਕਿਸੇ ਕੌਲ ਉਨ੍ਹਾਂ ਦੀਆਂ ਕਿਤਾਬਾਂ ਹੋਣ ਤਾਂ ਫੋਟੋ ਕਾਪੀ ਕਰਕੇ ਵਟਸਐਪ ਰਾਹੀਂ ਭੇਜਣ ਦੀ ਖੇਚਲ ਕਰਨ।
ਪੰਜਾਬ ਦੀ ਵਾਰ
ਗੁਰਦਿੱਤ ਸਿੰਘ ਕੁੰਦਨ
(ਇਸ ਵਾਰ ਵਿੱਚ ਦੇਸ਼ ਵੰਡ ਵੇਲੇ (1947) ਦੀ ਤ੍ਰਾਸਦੀ ਦਾ ਬਿਆਨ ਹੈ)
1
ਵਾਹ ਦੇਸ ਪੰਜਾਬ ਪਿਆਰਿਆ, ਤੇਰੀ ਅਜਬ ਕਹਾਣੀ।
ਤੇਰੀ ਪਰਬਤ ਵਰਗੀ ਹਿੱਕ ਵੀ, ਅਜ ਤੀਰਾਂ ਛਾਣੀ।
ਹਰ ਟੁੱਟੀ ਤੰਦ ਸਲੂਕ ਦੀ, ਸਭ ਪਿਲਚੀ ਤਾਣੀ।
ਪਈ ਰੋਂਦੀ ਵਿਚ ਤ੍ਰਿੰਜਣਾਂ, ਤੇਰੀ ਰੀਤ ਪੁਰਾਣੀ।
ਨਹੀਂ ਦੁੱਧ ਭਰੇ ਦਰਿਆ ਵਿਚ, ਇਕ ਬੂੰਦ ਨਿਮਾਣੀ।
ਸ਼ਿੰਗਾਰ ਤੇਰੀ ਪ੍ਰਭਾਤ ਦਾ, ਟੁੱਟ ਗਈ ਮਧਾਣੀ।
ਤੇਰਾ ਸਤਲੁਜ ਕਮਲਾ ਹੋ ਗਿਆ, ਸਣੇ ਰਾਵੀ ਰਾਣੀ।
ਉਹ ਪਿਆਰਾਂ ਭਰੀ ਝਨਾਂ ਦਾ, ਅੱਗ ਹੋ ਗਿਆ ਪਾਣੀ।
ਤੇਰਾ ਸੋਚੀਂ ਪਿਆ ਹਿਮਾਲੀਆ, ਸਦੀਆਂ ਦਾ ਹਾਣੀ।
ਜਿਹਨੂੰ ਕਈਆਂ ਦੁਸ਼ਮਣ ਦਲਾਂ ਦੀ, ਪਈ ਕਬਰ ਬਨਾਣੀ।
ਨ ਸਮੇਂ ਦੇ ਭੋਲੇ ਪਾਤਸ਼ਾਹ,
ਤੂੰ ਕਬਰ ਪਛਾਣੀ।
ਤੈਨੂੰ ਓਨ੍ਹਾਂ ਵੱਢਿਆ ਛਾਂਗਿਆ,
ਛਾਂ ਜਿਨ੍ਹਾਂ ਮਾਣੀ।
ਜਿਹੜੀ ਜੱਲ੍ਹਿਆਂ ਵਾਲੇ ਬਾਗ਼ ਸੀ, ਪਈ ਰੱਤ ਵਹਾਣੀ।
ਇਕ ਵਾਰੀ ਜ਼ਾਲਮ ਸਮੇਂ ਨੇ,
ਕਰ ਦਿੱਤੀ ਪਾਣੀ।
ਤੈਨੂੰ ਸ਼ੇਰਾ ! ਜ਼ਖਮੀ ਕਰ ਗਈ, ਗਿੱਦੜਾਂ ਦੀ ਢਾਣੀ।
ਨਹੀਂ ਭਰਨੇ ਜ਼ਖਮ ਸਰੀਰ ਦੇ,
ਤੇਰੇ ਸਦੀਆਂ ਤਾਣੀ ।1।
2
ਸਾਮਰਾਜੀਆਂ ਡਾਕੂਆਂ,
ਬੇਦਰਦ ਕਸਾਈਆਂ।
ਤੇਰੇ ਗੋਡੇ ਗਿੱਟੇ ਵੱਢ ਕੇ,
ਜੰਜ਼ੀਰਾਂ ਲਾਹੀਆਂ।
ਤੇਰੀ ਪਾਗਲ ਹੋ ਗਈ ਬੀਰਤਾ, ਧੀਰਜ ਦਿਆ ਸਾਂਈਆਂ।
ਤੇਰੇ ਸਾਗਰ ਜਿਹੇ ਸੁਭਾਅ ਵਿਚ, ਚੜ੍ਹ ਕਾਂਗਾਂ ਆਈਆਂ।
ਤੂੰ ਚੁਕੇ ਸ਼ੁਰੇ ਫੌਲਾਦ ਦੇ, ਤੇਗ਼ਾਂ ਲਿਸ਼ਕਾਈਆਂ।
ਤੇਰੇ ਆਪਣੇ ਲਹੂ ਵਿਚ ਡੁੱਬੀਆਂ, ਤੇਰੀਆਂ ਚਤੁਰਾਈਆਂ।
ਤੇਰੀ ਅੰਨ੍ਹੀ ਹੋਈ ਅਣਖ ਨੇ, ਲਈਆਂ ਅੰਗੜਾਈਆਂ।
ਤੈਨੂੰ ਆਪਣੀਆਂ ਧੀਆਂ ਜਾਪੀਆਂ, ਇਕ ਵਾਰ ਪਰਾਈਆਂ।
ਤੇਰੇ ਸਾਧੂ ਰਾਕਸ਼ ਬਣ ਗਏ, ਨਜ਼ਰਾਂ ਹਲਕਾਈਆਂ।
ਤੇਰੀ ਸ਼ਾਹ -ਰਗ ਉਤੇ ਹਾਣੀਆਂ, ਛੁਰੀਆਂ ਚਲਵਾਈਆਂ।
ਤੇਰੀ ਖਾਕ ਵਰੋਲੇ ਬਣ ਗਈ,
ਹੋਈ ਵਾਂਗੁ ਸ਼ੁਦਾਈਆਂ।
ਬਣ ਫ਼ਨੀਅਰ ਉਡੇ ਕੱਖ ਵੀ,
ਜਿਉਂ ਉਡਣ ਹਵਾਈਆਂ।
ਜਿਨ੍ਹਾਂ ਸਿਰ ਤੇ ਲੱਖ ਹਨ੍ਹੇਰੀਆਂ, ਬੇਖੌਫ਼ ਲੰਘਾਈਆਂ।
ਉਨ੍ਹਾਂ ਬਾਜ਼ਾਂ ਹਾਰੇ ਹੌਂਸਲੇ,
ਕੂੰਜਾਂ ਕੁਰਲਾਈਆਂ।
ਉਹ ਤੁਰ ਗਏ ਪਾਰ ਸਮੁੰਦਰੋਂ, ਜਿਨ੍ਹਾਂ ਅੱਗਾਂ ਲਾਈਆਂ।
ਉਹ ਘਰ ਘਰ ਪਾ ਗਏ ਪਿੱਟਣੇ, ਥਾਂ ਥਾਂ ਦੁਹਾਈਆਂ ।2।
3
ਤੇਰੇ ਸੂਰਜ ਵਰਗੇ ਤੇਜ ਤੇ,
ਪੈ ਸ਼ਾਮਾਂ ਗਈਆਂ।
ਤੇਰੇ ਧੰਨੀ ਪੋਠੋਹਾਰ ਤੇ,
ਟੁੱਟ ਬਿਜਲੀਆਂ ਪਈਆਂ।
ਅਜ ਸਾਂਦਲ ਬਾਰ ਦੀ ਹਿੱਕ ਤੇ, ਰੁਲ ਹੱਡੀਆਂ ਰਹੀਆਂ।
ਉਹ ਆਪ ਉਜਾੜਿਆ ਮਾਲਵਾ, ਹੱਥੀਂ ਮਲਵਈਆਂ।
ਤੇਰੇ ਦਿਲ ਮਾਝੇ ਨੂੰ ਵਿੰਨ੍ਹਿਆ,
ਫੜ ਨੇਜ਼ੇ ਕਹੀਆਂ।
ਕਰ ਟੁਕੜੇ ਤੇਰੀ ਲਾਸ਼ ਦੇ,
ਪਾ ਵੰਡੀਆਂ ਲਈਆਂ।
ਸਭ ਰਾਸ ਲੁਟਾਈ ਬਾਣੀਆਂ,
ਤੇ ਮੂਲ ਮੁੱਦਈਆਂ।
ਛਡ ਦਿਤੇ ਕਾਅਬੇ ਆਪਣੇ,
ਸਿਖਾਂ ਮਿਰਜ਼ਈਆਂ।
ਦਿਲ ਕੋਲੇ ਹੋਇਆ ਇਨਸਾਨ ਦਾ, ਤੇ ਆਸਾਂ ਢਹੀਆਂ।
ਵਿਚ ਗਿੱਧੇ ਰੋਂਦੀਆਂ ਝਾਜਰਾਂ,
ਕਰ ਚੇਤੇ ਸਈਆਂ।
ਮੈਖ਼ਾਨੇ ਫੂਕੇ ਸਾਕੀਆਂ ਤੇ ਸਾਜ਼ ਗਵਈਆਂ ।3।
4
ਤੇਰੀ ਮੜ੍ਹੀ ਤੇ ਮਹਿਲ ਉਸਾਰਿਆ, ਬੇਤਰਸ ਜ਼ਮਾਨੇ।
ਰਿਹਾ ਮੌਤ ਤੇਰੀ ਨੂੰ ਪਾਲਦਾ, ਉਹ ਅੰਦਰ ਖਾਨੇ।
ਤੈਨੂੰ ਦਿੱਤਾ ਨਰਕ ਫ਼ਰਿਸ਼ਤਿਆਂ, ਸੁਰਗਾਂ ਦੇ ਬਹਾਨੇ।
ਤੇਰੇ ਬਾਗ਼ ਬਹਾਰਾਂ ਆਉਂਦੀਆਂ, ਬਣ ਗਏ ਵੀਰਾਨੇ।
ਸੀ ਇਸ਼ਕ ਜਿਨ੍ਹਾਂ ਦਾ ਉਡਦਾ, ਹੁੰਦਾ ਅਸਮਾਨੇ।
ਪਰ ਸੜਗੇ ਉਡਿਆ ਜਾਏ ਨਾ ਤੜਫਣ ਪਰਵਾਨੇ।
ਸੁਣ ਸੁਣ ਕੇ ਤੇਰੀ ਰੂਹ ਦੇ, ਦਿਲ-ਜਲੇ ਤਰਾਨੇ।
ਕਈ ਕੋਇਲੇ ਹੁੰਦੇ ਜਾ ਰਹੇ, ਅਣਮੁੱਲ ਖਜ਼ਾਨੇ।
ਗਈਆਂ ਵੰਡੀਆਂ ‘ਸ਼ਰਫ਼ ਨਿਸ਼ਾਨੀਆਂ’ ਤੇ ‘ਨਵੇਂ ਨਿਸ਼ਾਨੇ’।
ਹੋਇ ਵਾਘਿਓਂ ਪਾਰ ਉਰਾਰ ਦੇ, ਸਭ ਗੀਤ ਬੇਗਾਨੇ।
ਰੱਬ ਪਾਸਾ ਐਸਾ ਪਰਤਿਆ,
ਹੋ ਕੇ ਦੀਵਾਨੇ।
ਬੁਤਖਾਨੇ ਕਾਅਬੇ ਬਣ ਬਏ, ਕਾਅਬੇ ਬੁਤਖਾਨੇ।
ਪੀ ਨਾਨਕ ਦੇ ਮੈਖਾਨਿਓਂ,
ਹੋ ਕੇ ਮਸਤਾਨੇ।
ਜਿਹੜੀ ਸਾਂਝ ਵਿਖਾਈ ਜਗ ਨੂੰ, ਬਾਲੇ ਮਰਦਾਨੇ।
ਗੁਰੂ ਅਰਜਨ ਮੀਆਂ ਮੀਰ ਦੇ, ਟੁਟ ਗਏ ਯਰਾਨੇ।
ਉਹ ਸੂਰਜ ਜਿਹੀਆਂ, ਹਕੀਕਤਾਂ, ਬਣੀਆਂ ਅਫ਼ਸਾਨੇ। ।4।
5
ਉਹ ਲੰਮੀਆਂ ਦਰਦ ਕਹਾਣੀਆਂ, ਤੇ ਪੰਧ ਲੰਮੇਰੇ।
ਤੇਰੇ ਰਾਹ ਵਿਚ ਕੰਡੇ ਦੁਸ਼ਮਣਾਂ, ਬੇਅੰਤ ਖਲੇਰੇ।
ਪਰ ਰਾਹੀਆ ਤੁਰਿਆ ਚੱਲ ਤੂੰ, ਕਰ ਲੰਮੇ ਜੇਰੇ।
ਬੰਗਾਲ ਜਿਹੇ ਹੋਰ ਵੀ ਮਿਲਣਗੇ, ਤੈਨੂੰ ਸਾਥ ਬਥੇਰੇ।
ਅਜ ਜਾਗ ਰਹੀ ਏ ਜ਼ਿੰਦਗੀ,
ਤੇਰੇ ਚਾਰ ਚੁਫੇਰੇ।
ਬਣ ਚਾਨਣ ਰਹੇ ਜਹਾਨ ਦਾ, ਕਬਰਾਂ ਦੇ ਨ੍ਹੇਰੇ।
ਕਈ ਨਵੇਂ ਭੁਚਾਲ ਲਿਆਉਣਗੇ, ਇਹ ਹੌਕੇ ਤੇਰੇ।
ਬਣ ਜਾਣੇ ਇਕ ਦਿਨ ਬਿਜਲੀਆਂ, ਤੇਰੇ ਅੱਥਰੂ ਕੇਰੇ।
ਮਿਟ ਜਾਣੇ ਨਵੀਂ ਤਾਰੀਖ਼ ਤੋਂ,
ਸਭ ਖ਼ੂਨੀ ਡੇਰੇ।
ਅਜ ਸੂਰਜ ਵਾਂਙ ਅਟੱਲ ਨੇ,
ਇਹ ਦਾਅਵੇ ਮੇਰੇ।
ਪਲ਼ ਰਹੇ ਰਾਤਾਂ ਕਾਲੀਆਂ ‘ਚ, ਕਈ ਨਵੇਂ ਸਵੇਰੇ।
ਗੁਰਭਜਨ ਗਿੱਲ
98726 31199

