ਪੀਐਸਯੂ ਵੱਲੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦਾ ਘਿਰਾਓ
ਕੋਟਕਪੂਰਾ, 25 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਮਾਲਵਾ ਪੱਛਮੀ ਜੋਨ ਦੇ ਵਿਦਿਆਰਥੀਆਂ ਵੱਲੋਂ ਸਿੱਖਿਆ ਦੇ ਵਿਸ਼ੇ ਨੂੰ ਰਾਜ ਸੂਚੀ ਵਿੱਚ ਸ਼ਾਮਲ ਕਰਵਾਉਣ, ਪੰਜਾਬ ਵਾਸੀਆਂ ਲਈ ਨੌਕਰੀਆਂ ਵਿੱਚ 90 ਫ਼ੀਸਦੀ ਰਾਖਵਾਂਕਰਣ ਅਤੇ ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਦੇ ਕੀਤੇ ਜਾ ਰਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਨਿਆਇਕ ਜਾਂਚ ਦੀ ਮੰਗ ਨੂੰ ਲੈ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦਾ ਘਿਰਾਓ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪੀ.ਐਸ.ਯੂ. ਦੇ ਸੂਬਾਈ ਆਗੂ ਹਰਵੀਰ ਗੰਧੜ, ਸੁਖਪ੍ਰੀਤ ਕੌਰ ਅਤੇ ਜ਼ੋਨਲ ਸਕੱਤਰ ਰਜਿੰਦਰ ਢਿੱਲਵਾਂ ਅਤੇ ਮਮਤਾ ਲਾਧੂਕਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਅਧਿਕਾਰਾਂ ਨੂੰ ਕੇਂਦਰ ਕੋਲ ਲੁੱਟਾ ਰਹੀ ਹੈ। ਮੋਦੀ ਸਰਕਾਰ ਵਲੋਂ ਲਿਆਂਦੀ ਸਿੱਖਿਆ ਨੀਤੀ 2020 ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਲਾਗੂ ਕਰ ਦਿੱਤੀ ਹੈ। ਨਵੀਂ ਸਿੱਖਿਆ ਨੀਤੀ 2020 ਦੇ ਮਾੜੇ ਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਸਰਕਾਰ ਨੂੰ ਇਸ ਨੀਤੀ ਨੂੰ ਪੰਜਾਬ ਵਿਧਾਨ ਸਭਾ ਵਿਚ ਰੱਦ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਸਿੱਖਿਆ ਨੀਤੀ ਖੁਦ ਬਣਾਉਣੀ ਚਾਹੀਦੀ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਵਿੱਚ ਹਰਿਆਣਾ, ਕਰਨਾਟਕ ਵਾਂਗ ਹੀ ਏਥੋਂ ਦੇ ਵਾਸੀਆਂ ਲਈ ਨੌਕਰੀਆਂ ਵਿੱਚ ਰਾਖਵਾਂਕਰਨ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਪੰਜਾਬ ਵਾਸੀਆਂ ਲਈ ਨੌਕਰੀਆਂ ਵਿੱਚ 90 ਫੀਸਦੀ ਰਾਖਵਾਂਕਰਨ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਅੰਦੋਲਨਾਂ ਨੂੰ ਦਬਾਉਣ ਲਈ ਪੁਰਾ ਜ਼ੋਰ ਲਾ ਰਹੀ ਹੈ। ਪੰਜਾਬ ਅੰਦਰ ਪੁਲਿਸ ਦੀ ਦਹਿਸ਼ਤ ਪੈਦਾ ਕਰਨ ਲਈ ਲਗਾਤਰ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੈ। ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਨਿਆਇਕ ਜਾਂਚ ਕੀਤੀ ਜਾਵੇ। ਪੀ.ਐਸ.ਯੂ ਦੇ ਆਗੂ ਅਦਿੱਤਿਆ ਫਾਜ਼ਿਲਕਾ, ਨੌਨਿਹਾਲ ਸਿੰਘ, ਸੁਖਬੀਰ ਸਿੰਘ ਜਥੇਬੰਦੀ ਵੱਲੋਂ ਲਗਭਗ ਇੱਕ ਮਹੀਨੇ ਤੋਂ ਵਿਦਿਆਰਥੀ ਮੰਗਾਂ ਸਬੰਧੀ ਸਪੀਕਰ ਸੰਧਵਾਂ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਵਿਦਿਆਰਥੀ 100-100 ਕਿਲੋਮੀਟਰ ਤੋਂ ਚੱਲ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਆਪਣੀਆਂ ਮੰਗਾਂ ਲੈ ਕੇ ਆਏ ਸਨ। ਪਹਿਲਾਂ ਵਿਦਿਆਰਥੀਆਂ ਨੇ ਘਰ ਤੋਂ ਪਿੱਛੇ ਪ੍ਰਦਰਸ਼ਨ ਸ਼ੁਰੂ ਕੀਤਾ ਅਤੇ ਮੰਗ ਕੀਤੀ ਕਿ ਸਪੀਕਰ ਖ਼ੁਦ ਸਾਡਾ ਮੰਗ ਪੱਤਰ ਲੈਣ ਆਉਣ, ਜਦੋਂ ਉਹ ਨਹੀਂ ਆਏ ਤਾਂ ਵਿਦਿਆਰਥੀਆਂ ਨੇ ਘਰ ਜਾ ਕੇ ਸਟੇਜ ਚਲਾਉਣ ਦਾ ਐਲਾਣ ਕਰ ਦਿੱਤਾ। ਘਰ ਵੱਲ ਜਾਂਦੇ ਵਿਦਿਆਰਥੀਆਂ ਨਾਲ ਪੁਲਿਸ ਵੱਲੋਂ ਧੱਕਾਮੁੱਕੀ ਕੀਤੀ ਗਈ ਪਰ ਵਿਦਿਆਰਥੀ ਘਰ ਅੱਗੇ ਪਹੁੰਚਣ ਵਿੱਚ ਕਾਮਯਾਬ ਹੋ ਗਏ। ਸੰਘਰਸ਼ ਦੇ ਦਬਾਅ ਸਦਕਾ ਕੁਲਤਾਰ ਸਿੰਘ ਸੰਧਵਾਂ ਆਪਣੇ ਘਰ ਤਾਂ ਆ ਗਏ ਪਰ ਮੰਗ ਪੱਤਰ ਲੈਣ ਧਰਨੇ ਨਹੀਂ ਆਏ ਜਿਸ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਵੱਲੋਂ ਮੰਗ ਪੱਤਰ ਦੀਆਂ ਕਾਪੀਆਂ ਸਪੀਕਰ ਦੇ ਗੇਟ ’ਤੇ ਚਿਪਕਾ ਦਿੱਤੀਆਂ ਅਤੇ ਆਗੂਆਂ ਨੇ ਇਹ ਐਲਾਣ ਕੀਤਾ ਕਿ ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਸਪੀਕਰ ਦੇ ਘਰ ਤੋਂ ਬੇਰੰਗ ਮੁੜਨਾ ਪਿਆ, ਵਿਦਿਆਰਥੀ ਵੀ ਸਪੀਕਰ ਅਤੇ ਉਸਦੀ ਪਾਰਟੀ ਦੇ ਹਰ ਨੁਮਾਇੰਦੇ ਨੂੰ ਕਾਲਜਾਂ ਚੋਂ ਬੇਰੰਗ ਮੋੜਨਗੇ। ਇਸਤੋਂ ਬਾਅਦ ਜਥੇਬੰਦੀ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਸਨੀਤ ਸਿੰਘ ਨੇ ਨਿਭਾਈ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਤੋਂ ਗੁਰਦਿਆਲ ਸਿੰਘ ਭੱਟੀ, ਪੀਐਸਯੂ ਦੇ ਆਗੂ ਦਿਲਕਰਨ ਫਾਜ਼ਿਲਕਾ, ਜਲੰਧਰ ਸਿੰਘ, ਨਵਦੀਪ ਕੌਰ, ਹਰਪ੍ਰੀਤ ਕੋਟਲੀ, ਹਰਪ੍ਰੀਤ ਮੁਕਤਸਰ, ਲਵਪ੍ਰੀਤ ਮੁਕਤਸਰ, ਲਵਪ੍ਰੀਤ ਫ਼ਰੀਦਕੋਟ, ਕੋਮਲ, ਗੌਰਵ ਗੋਨਿਆਨਾ, ਜਸਪ੍ਰੀਤ ਫ਼ਾਜ਼ਿਲਕਾ, ਗੁਰਪ੍ਰੀਤ ਫ਼ਾਜ਼ਿਲਕਾ ਸਮੇਤ ਸੈਂਕੜੇ ਵਿਦਿਆਰਥੀ ਵੀ ਹਾਜ਼ਰ ਸਨ।

