ਕੋਟਕਪੂਰਾ, 25 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਹਲਕੇ ਦੇ ਵੱਖ-ਵੱਖ ਧਾਰਮਿਕ ਅਤੇ ਸ਼ੋਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹੋਏ ਆਪਣੀ ਹਾਜ਼ਰੀ ਲਗਵਾਈ ਅਤੇ ਸੰਗਤਾਂ ਨਾਲ ਦੁੱਖ-ਸੁੱਖ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਨੇ ਡੇਰਾ ਬਾਬਾ ਦੁੱਧਾਧਾਰੀ, ਹਰੀ ਨੌ ਰੋਡ, ਕੋਟਕਪੂਰਾ ਵਿਖੇ ਬ੍ਰਹਮਲੀਨ 108 ਸਵਾਮੀ ਨਾਰਾਇਣ ਗਿਰੀ ਜੀ ਮਹਾਰਾਜ ਦੀ ਪੰਜਵੀਂ ਬਰਸੀ ਮੌਕੇ ਕਰਵਾਏ ਗਏ ਵਿਸ਼ਾਲ ਭੰਡਾਰੇ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਾਨੂੰ ਸਮਾਜਿਕ ਏਕਤਾ, ਸੇਵਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦੇ ਹੋਏ ਮਹਾਰਾਜ ਜੀ ਦੇ ਉਪਦੇਸ਼ਾਂ ‘ਤੇ ਚੱਲਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਸਪੀਕਰ ਸੰਧਵਾਂ ਨੇ ਪਿੰਡਾਂ ਵਿੱਚ ਹੋਏ ਭੋਗ ਅਤੇ ਅੰਤਿਮ ਅਰਦਾਸ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਮਾਤਾ ਨਸੀਬ ਕੌਰ ਦੇ ਭੋਗ ਸਮਾਗਮ ਗੁਰਦੁਆਰਾ ਸਾਹਿਬ, ਪਿੰਡ ਥਾਰਾ ਅਤੇ ਸ੍ਰੀਮਤੀ ਚਰਨਜੀਤ ਕੌਰ ਪਤਨੀ ਪਿਆਰਾ ਸਿੰਘ ਦੇ ਭੋਗ ਸਮਾਗਮ ਵੱਡਾ ਗੁਰਦੁਆਰਾ ਸਾਹਿਬ, ਪਿੰਡ ਵਾੜਾ ਦਰਾਕਾ ਵਿੱਚ ਹਾਜ਼ਰੀ ਲਗਵਾ ਕੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਹਰੀ ਨੌਂ ਵੱਡਾ ਗੁਰੂਦੁਆਰਾ ਸਾਹਿਬ ਵਿਖੇ ਇਕ ਛੋਟੇ ਬੱਚੇ ਕਾਕਾ ਨਿਰਵੈਰ ਸਿੰਘ ਦੇ ਅਕਾਲ ਚਲਾਣੇ ‘ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਸੰਵੇਦਨਾ ਜਤਾਈ। ਉਨ੍ਹਾਂ ਕਿਹਾ ਕਿ ਬੱਚੇ ਦਾ ਵਿਛੋੜਾ ਬਹੁਤ ਵੱਡਾ ਘਾਟਾ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੁੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਵੇ।

Leave a Reply