ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਹਲਕੇ ਵਿੱਚ ਸਿੰਚਾਈ ਲਈ ਨਵੀਂ ਪੱਕੀ ਕੀਤੀ ਕੱਸੀ (ਰਜਬਾਹੇ) ਵਿੱਚ ਪਾੜ ਪੈਣ ਦੀਆਂ ਖਬਰਾਂ ਆਉਣ ਮਗਰੋਂ ਇਸ ਮਾਮਲੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਠਾੜੇ ਵਿੱਚ ਪਾੜ ਵਾਲੀ ਜਗਾ ਦਾ ਮੁਆਇਨਾ ਕੀਤਾ ਅਤੇ ਇਸ ਦੇ ਟੁੱਟਣ ਸਬੰਧੀ ਕਾਰਨਾਂ ਦਾ ਜਾਇਜ਼ਾ ਲਿਆ। ਕੋਟਕਪੂਰਾ ਤੋਂ ਵੱਖ-ਵੱਖ ਪਿੰਡਾਂ ਵਿੱਚੋਂ ਲੰਘਦੀ ਇਸ ਕੱਸੀ ਦਾ 12 ਕਰੋੜ ਰੁਪਏ ਦੀ ਲਾਗਤ ਨਾਲ ਕੰਕਰੀਟੀਕਰਨ ਕੀਤਾ ਗਿਆ ਹੈ ਅਤੇ ਇਸ ਵਿੱਚ ਪਹਿਲਾਂ ਪਾਣੀ ਹੀ ਛੱਡਿਆ ਸੀ ਕਿ ਇਹ ਤਿੰਨ ਵਾਰ ਵੱਖ-ਵੱਖ ਥਾਵਾਂ ਤੋਂ ਟੁੱਟ ਗਈ। ਸਪੀਕਰ ਸੰਧਵਾਂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਕਰਨ ਦੇ ਨਾਲ-ਨਾਲ ਇਹ ਵੀ ਹਦਾਇਤ ਕੀਤੀ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਅਤੇ ਪੁਖਤਾ ਪ੍ਰਬੰਧ ਕੀਤੇ ਜਾਣ ਕਿ ਇਹ ਹੁਣ ਦੁਬਾਰਾ ਨਾ ਟੁੱਟੇ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਤਕਨੀਕੀ ਮਾਹਿਰਾਂ ਅਨੁਸਾਰ ਪੱਕੀ ਕੀਤੀ ਗਈ ਕਿਸੇ ਵੀ ਕੱਸੀ ਜਾਂ ਨਹਿਰ ’ਤੇ ਪਹਿਲੇ ਸੀਜ਼ਨ ਪੂਰਾ ਧਿਆਨ ਰੱਖਣਾ ਪੈਂਦਾ ਹੈ ਪਰ ਉਸ ਤੋਂ ਬਾਅਦ ਕੋਈ ਮੁਸ਼ਕਿਲ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਪਹਿਲਾਂ ਹਰੇਕ ਸਾਲ ਇਹ ਕੱਸੀ ਬਾਹਮਣਵਾਲਾ ਪਿੰਡ ਕੋਲੋਂ ਟੁੱਟ ਜਾਂਦੀ ਸੀ ਅਤੇ ਸੈਂਕੜੇ ਏਕੜ ਸਬਜ਼ੀ ਦੀ ਫਸਲ ਤਬਾਹ ਕਰ ਦਿੰਦੀ ਸੀ, ਜਿਸ ਕਰਕੇ ਇਸ ਦੇ ਹਿੱਸੇਦਾਰਾਂ ਨੇ ਇਸ ਨੂੰ ਪੱਕਾ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰੀ ਵੈਸੇ ਵੀ ਪੰਜਾਬ ਦੀ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰਾਂ ਵਿੱਚ ਪਾਣੀ ਪਿਛਲਿਆਂ ਸਾਲਾਂ ਨਾਲੋਂ ਜ਼ਿਆਦਾ ਛੱਡਿਆ ਹੋਇਆ ਹੈ।

