ਕ੍ਰਿਕਟ ਟੀਮ ਨੂੰ ਵਿਧਾਨ ਸਭਾ ਵਿੱਚ ਬੁਲਾ ਕੇ ਕਰਾਂਗਾ ਸਨਮਾਨਤ : ਸੰਧਵਾਂ
ਸਪੀਕਰ ਸੰਧਵਾਂ ਨੇ ਕਲੱਬ ਨੂੰ 21 ਹਜਾਰ ਰੁਪਏ ਦੇਣ ਦਾ ਕੀਤਾ ਐਲਾਨ
ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਖੇਡਾਂ ਬਣਨਗੀਆਂ ਸਭ ਤੋਂ ਵੱਡਾ ਹਥਿਆਰ

ਕੋਟਕਪੂਰਾ, 21 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੁਸਹਿਰਾ ਗਰਾਊਂਡ, ਦੁਆਰੇਆਣਾ ਰੋਡ ਕੋਟਕਪਰਾ ਜਿਲ੍ਹਾ ਫਰੀਦਕੋਟ ਵਿਖੇ ਪਹਿਲਾ ‘ਵਾਲਮੀਕੀ ਸਮਾਜ’ ਜੱਸ 11 ਟੀਮ ਕੋਟਕਪੂਰਾ ਵੱਲੋਂ ਕਰਵਾਏ ਗਏ ਕਾਸਕੋ ਕ੍ਰਿਕਟ ਟੂਰਨਾਮੈਂਟ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਪੀਕਰ ਸੰਧਵਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਉੱਚ ਦਰਜੇ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾ ਨੇ ਨੌਜਵਾਨਾਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਸਮਾਜਕ ਬੁਰਾਈ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਜੋ ਨਾਮੁਰਾਦ ਬਿਮਾਰੀ ਸਾਡੇ ਨੌਜਵਾਨਾ ਨੂੰ ਘੁਣ ਵਾਂਗ ਖਾ ਰਹੀ ਹੈ, ਉਸ ਤੋਂ ਬਚਣ ਲਈ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ, ਤਾਂ ਹੀ ਸਾਡਾ ਪੰਜਾਬ ਨਸ਼ਿਆਂ ਤੋਂ ਬਚ ਸਕਦਾ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਭਰਾਤਰੀ ਭਾਵ ਦੇ ਗੁਣਾਂ ਦਾ ਵਿਕਾਸ ਕਰਦੀਆਂ ਹਨ, ਜੋ ਭਵਿੱਖ ਦੀ ਸਫਲਤਾ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਸਪੀਕਰ ਸੰਧਵਾਂ ਨੇ ਕਲੱਬ ਵੱਲੋ ਕਰਵਾਏ ਗਏ ਇਸ ਕ੍ਰਿਕਟ ਟੂਰਨਾਮੈਂਟ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਟਕਪੂਰਾ ਦੀ ਕ੍ਰਿਕਟ ਟੀਮ, ਜੋ ਇਸ ਕਲੱਬ ਕੋਲ ਹੈ, ਉਨ੍ਹਾਂ ਖਿਡਾਰੀਆਂ ਨੂੰ ਵਿਧਾਨ ਸਭਾ ਵਿੱਚ ਬੁਲਾ ਕੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾ ਇਹ ਵੀ ਕਿਹਾ ਕਿ ਮੈਨ ਆਫ ਦਾ ਮੈਚ ਜੋ ਹੋਵੇਗਾ, ਉਸ ਨੂੰ 2100 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਨੇ ਕਲੱਬ ਨੂੰ 21000 ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਰਾਜ ਢਿੱਲੋ, ਸਾਹਿਲ ਅਹੂਜਾ, ਜੱਸੀ, ਰਵੀ ਖੁਰਾਲ, ਲੱਕੀ ਸਾਰਵਾਨ, ਗੋਰਾ, ਲਵਲੀ, ਬੱਬੂ, ਸੰਨੀ, ਗੁਰਵਿੰਦਰ ਅਤੇ ਖੇਡ ਪ੍ਰੇਮੀ ਸਮੇਤ ਅਮਨਦੀਪ ਸਿੰਘ ਸੰਧੂ ਪੀ.ਏ. ਟੂ ਸਪੀਕਰ ਸੰਧਵਾਂ, ਸੁਖਜਿੰਦਰ ਸਿੰਘ ਤੱਖੀ ਆਦਿ ਵੀ ਹਾਜ਼ਰ ਸਨ।
