ਅਧਿਆਪਕ ਦਾ ਦਰਜਾ ਸਾਡੇ ਜੀਵਨ ਵਿਚ ਇਕ ਪਰਮੇਸ਼ਵਰ ਦਾ ਦਰਜਾ ਹੈ, ਜੋ ਸਾਨੂੰ ਸਿੱਖਿਅਤ ਕਰਦਾ ਹੈ : ਸਪੀਕਰ ਸੰਧਵਾਂ
ਕੋਟਕਪੂਰਾ, 6 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੀ ਰਾਧੇ ਕ੍ਰਿਸ਼ਨ ਧਾਮ ਨੇੜੇ ਮੌੜ ਫਾਰਮਜ ਵਿਖੇ ਟੀਚਰਜ ਡੇਅ ਨਾਲ ਸਬੰਧਤ ਇੰਸਪੀਰੀਆ 2026 ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਸਮੂਹ ਟੀਚਰ ਸਹਿਬਾਨ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਪੀਕਰ ਸੰਧਵਾਂ ਨੇ ਟੀਚਰ ਡੇਅ ਨਾਲ ਸਬੰਧਤ ਇੰਸਪੀਰੀਆ 2026 ਪ੍ਰੋਗਰਾਮ ਉਲੀਕਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕ ਦਾ ਦਰਜਾ ਸਾਡੇ ਜੀਵਨ ਵਿਚ ਇਕ ਪਰਮੇਸ਼ਵਰ ਦਾ ਦਰਜਾ ਹੈ, ਜੋ ਸਾਨੂੰ ਸਿੱਖਿਅਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਨਾ ਸਿਰਫ਼ ਪਾਠਕ੍ਰਮ ਦਾ ਗਿਆਨ ਦਿੰਦੇ ਹਨ, ਸਗੋਂ ਵਿਦਿਆਰਥੀਆਂ ਦੇ ਸ਼ਖਸੀਅਤ ਵਿਕਾਸ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਨੀਂਹ ਵੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਪਾਠਕ੍ਰਮ ਦਾ ਗਿਆਨ ਦੇਣ ਵਾਲਾ ਹੀ ਨਹੀਂ ਹੁੰਦਾ, ਸਗੋਂ ਇੱਕ ਮਾਰਗਦਰਸ਼ਕ ਵੀ ਹੁੰਦਾ ਹੈ ਜੋ ਵਿਦਿਆਰਥੀਆਂ ਦੀ ਸਹੀ ਦਿਸ਼ਾ ਵਿੱਚ ਅਗਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਬੱਚੇ ਦੀ ਸ਼ਖ਼ਸੀਅਤ ਨੂੰ ਢਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅਧਿਆਪਕ ਵਿਦਿਆਰਥੀ ਦੀ ਪ੍ਰਤਿਭਾ ਨੂੰ ਪਛਾਣਦੇ ਹਨ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਧਿਆਪਕ ਨਾ ਸਿਰਫ਼ ਗਿਆਨ ਦੇਣ ਵਾਲੇ ਹੋਣਗੇ, ਸਗੋਂ ਮਨੁੱਖੀ ਕਦਰਾਂ-ਕੀਮਤਾਂ ਦੇ ਦੂਰਦਰਸ਼ੀ, ਮਾਰਗਦਰਸ਼ਕ, ਪ੍ਰੇਰਕ ਅਤੇ ਰੱਖਿਅਕ ਵੀ ਹੋਣਗੇ। ਉਨ੍ਹਾਂ ਕਾਮਨਾ ਕੀਤੀ ਕਿ ਅਧਿਆਪਕਾਂ ਵਿੱਚ ਇਸ ਸੰਸਾਰ ਦੀ ਸਮੁੱਚੀ ਤਰੱਕੀ ਅਤੇ ਇੱਕ ਚੰਗੇ, ਸੁਰੱਖਿਅਤ ਤੇ ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਦੀ ਭਾਵਨਾ ਹਮੇਸ਼ਾ ਬਣੀ ਰਹੇ। ਉਨ੍ਹਾਂ ਕਿਹਾ ਕਿ ਅਧਿਆਪਕ ਇਸ ਸੰਸਾਰ ਦੇ ਬੱਚਿਆਂ ਨੂੰ ਵਿੱਦਿਅਕ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਬਿਹਤਰ ਇਨਸਾਨ ਬਣਾਉਣ ਅਤੇ ਚੰਗੀਆਂ ਸਮਾਜਿਕ ਕਦਰਾਂ-ਕੀਮਤਾਂ ਨਾਲ ਜੀਵਨ ਬਤੀਤ ਕਰਨ ਦੇ ਢੰਗ-ਤਰੀਕਿਆਂ ਤੋਂ ਜਾਣੂ ਕਰਵਾਉਣ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਹਨ। ਇਸ ਪੱਖੋਂ ਅਧਿਆਪਕਾਂ ਦੀ ਭੂਮਿਕਾ ਮਾਪਿਆਂ ਤੋਂ ਬਾਅਦ ਹੀ ਨਹੀਂ, ਸਗੋਂ ਕਈ ਪੱਖਾਂ ਤੋਂ ਬਹੁਤ ਅਹਿਮ ਅਤੇ ਪ੍ਰਭਾਵਸ਼ਾਲੀ ਹੈ।

