
ਕੋਟਕਪੂਰਾ, 25 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਪਿੰਡ ਹਰੀਨੌਂ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਰਣਬੀਰ ਸਿੰਘ ਦੇ ਪੁੱਤਰਾਂ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਦੇ ਅਚਾਨਕ ਹੋਏ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੁੱਖਦਾਈ ਘਟਨਾ ’ਤੇ ਸਪੀਕਰ ਸੰਧਵਾਂ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਅਤੇ ਦੁੱਖ ਦੀ ਇਸ ਘੜੀ ਵਿੱਚ ਪੂਰੀ ਤਰ੍ਹਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਨੌਜਵਾਨ ਉਮਰ ਵਿੱਚ ਹੋਈ ਇਸ ਅਣਹੋਣੀ ਨੇ ਸਾਰੇ ਇਲਾਕੇ ਨੂੰ ਗਮਗੀਨ ਕਰ ਦਿੱਤਾ ਹੈ ਅਤੇ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘੜੀਆਂ ਵਿੱਚ ਸਿਰਫ਼ ਹੌਸਲਾ ਅਤੇ ਸਬਰ ਹੀ ਮਨੁੱਖ ਨੂੰ ਸੰਭਾਲ ਸਕਦੇ ਹਨ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਪਾਰ ਦੁੱਖ ਸਹਿਣ ਦੀ ਤਾਕਤ ਪ੍ਰਦਾਨ ਕਰੇ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੁਖੀ ਪਰਿਵਾਰਾਂ ਦੇ ਨਾਲ ਪੂਰੀ ਸੰਵੇਦਨਸ਼ੀਲਤਾ ਨਾਲ ਖੜੀ ਹੈ ਅਤੇ ਜ਼ਰੂਰਤ ਪੈਣ ‘ਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਮੁਸ਼ਕਲ ਸਮੇਂ ਵਿੱਚ ਪਰਿਵਾਰ ਦੇ ਨਾਲ ਖੜ੍ਹ ਕੇ ਉਨ੍ਹਾਂ ਨੂੰ ਸਹਾਰਾ ਦੇਣ। ਇਸ ਮੌਕੇ ਸ. ਸੰਧਵਾਂ ਨੇ ਪਿੰਡ ਹਰੀ ਨੌਂ ਦੇ ਵਸਨੀਕ ਸ. ਹਰਪਾਲ ਸਿੰਘ ਦੇ ਦੇਹਾਂਤ ’ਤੇ ਵੀ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾ ਜਤਾਈ। ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਲਈ ਹਿੰਮਤ ਦੇਵੇ।

