ਵੱਖ ਵੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦੇ ਅਸਤੀਫ਼ੇ ਦੀ ਮੰਗ!
ਫ਼ਰੀਦਕੋਟ ਵਿੱਚ ਆਮ ਆਦਮੀ ਪਾਰਟੀ ਦੇ ਫਲੈਕਸ ਪਾੜੇ
ਕੋਟਕਪੂਰਾ, 16 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪਰਮਿੰਦਰ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਐਕਸ਼ਨ ਕਮੇਟੀ ਵੱਲੋਂ ਦਿੱਤੇ ਬੰਦ ਦੇ ਸੱਦੇ ਤਹਿਤ ਫ਼ਰੀਦਕੋਟ ਅਤੇ ਕੋਟਕਪੂਰਾ ਸ਼ਹਿਰ ਮੁਕੰਮਲ ਬੰਦ ਰਿਹਾ। ਇਸ ਬੰਦ ਦੇ ਸੱਦੇ ਨੂੰ ਪੰਜਾਬ ਸਟੂਡੈਂਟਸ ਯੂਨੀਅਨ, ਨੋਜਵਾਨ ਭਾਰਤ ਸਭਾ ਅਤੇ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਨੇ ਲਾਗੂ ਕਰਦੇ ਹੋਏ ਸ਼ਹਿਰ ਵਿਚ ਮਾਰਚ ਕਰਦੇ ਹੋਈਏ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਅਪੀਲ ਕੀਤੀ। ਸ਼ਹਿਰ ਵਾਸੀਆਂ ਵਲੋਂ ਪੂਰਨ ਸਹਿਯੋਗ ਦਿੰਦੇ ਹੋਏ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਪੀਐੱਸਯੂ ਅਤੇ ਐੱਨਬੀਐੱਸ ਵੱਲੋਂ ਐਕਸ਼ਨ ਕਮੇਟੀ ਦੇ ਸੱਦੇ ਤਹਿਤ ਫਰੀਦਕੋਟ ਵਿਖ਼ੇ ਆਮ ਆਦਮੀ ਪਾਰਟੀ ਦੇ ਫਲੈਕਸ ਬੋਰਡ ਅਤੇ ਪੋਸਟਰ ਪਾੜੇ ਗਏ। ਨੋਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਹਰਵੀਰ ਕੌਰ ਗੰਧੜ ਨੇ ਕਿਹਾ ਕਿ ਪਰਵਿੰਦਰ ਝੋਟੇ ਦੀ ਮੌਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਨਾਕਾਮੀ ਹੈ। ਨਸ਼ਾਂ ਤਸਕਰ ਸ਼ਰੇਆਮ ਨਸ਼ਾ ਵੇਚ ਰਹੇ ਹਨ ਅਤੇ ਉਹਨਾਂ ਖਿਲਾਫ ਬੋਲਣ ਵਾਲੇ ਲੋਕਾਂ ਨੂੰ ਨਿਸ਼ਾਨਾਂ ਵੀ ਬਣਾਇਆ ਜਾ ਰਿਹਾ ਹੈ। ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਦਾ ਐਲਾਨ ਵੀ ਬਾਕੀ ਐਲਾਨਾਂ ਵਾਂਗ ਝੂਠਾ ਸਾਬਿਤ ਹੋਇਆ ਹੈ। ਅਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਆਈਜੀ ਪੰਜਾਬ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਪਰਵਿੰਦਰ ਸਿੰਘ ਦੇ ਕਤਲ ਦੀ ਸੀਬੀਆਈ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਪੰਜਾਬ ਨਸ਼ੇ ਤਸਕਰਾਂ ਖਿਲਾਫ ਬੰਦ ਹੋਇਆ ਹੈ ਪਰ ਨਸ਼ਾਂ ਤਸਕਰਾਂ ਦਾ ਵਾਪਰ ਸ਼ਰੇਆਮ ਚੱਲ ਰਿਹਾ ਹੈ, ਅੱਜ ਸ਼ਹਿਰ ਵਿੱਚ ਨਸ਼ੀਲੀਆਂ ਗੋਲੀਆਂ ਵੇਚਦੇ ਹੋਏ ਇਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕੀਤਾ ਪਰ ਪੁਲਿਸ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ। ਨਸ਼ਾ ਸਮੱਗਲਰਾਂ ਨੂੰ ਇਥੋਂ ਦੀ ਸਿਆਸੀ ਪਾਰਟੀਆਂ ਅਤੇ ਪੁਲਿਸ ਦੀ ਸ਼ਹਿ ਮਿਲੀ ਹੋਈ ਹੈ। ਪੁਲਿਸ-ਸਿਆਸੀ-ਨਸ਼ਾ ਤਸਕਰਾਂ ਦੇ ਗਠਜੋੜ ਖਿਲਾਫ ਅੱਜ ਲੋਕ ਲਹਿਰ ਬਣ ਰਹੀ ਹੈ ਇਸੇ ਲਹਿਰ ਨੇ ਹੀ ਨਸ਼ਿਆਂ ਨੂੰ ਠੱਲ੍ਹ ਪਾਉਣੀ ਹੈ। ਪਰਵਿੰਦਰ ਝੋਟੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਨਸ਼ਾਂ ਬੰਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਵੱਖ ਵੱਖ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਨੂੰ ਗਿਰਫ਼ਤਾਰ ਕਰਨ ਦੀ ਨਿਖੇਧੀ ਵੀ ਕੀਤੀ ਗਈ।

