ਫ਼ਰੀਦਕੋਟ 26 ਮਾਰਚ (ਵਰਲਡ ਪੰਜਾਬੀ ਟਾਈਮਜ਼)
ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਯੋਗ ਰਹਿਨੁਮਾਈ ਹੇਠ ਸੰਗੀਤ ਅਤੇ ਸਾਹਿਤ ਨੂੰ ਸਮਰਪਿਤ ਸੰਸਥਾ ਸੁਰ-ਆਂਗਨ ਦੇ ਸਾਂਝੇ ਉਪਰਾਲੇ ਨਾਲ ਕਾਲਜ ਵਿਖੇ ਮਿਤੀ 24 ਮਾਰਚ 2026 ਨੂੰ ਆਲ ਇੰਡੀਆ ਮੁਸ਼ਾਇਰੇ ‘ਬਜ਼ਮ-ਏ-ਸ਼ੇਅਰ-ਓ-ਤਰਬ’ ਦਾ ਆਯੋਜਨ ਕੀਤਾ ਗਿਆ । ਇਸ ਮੁਸ਼ਾਇਰੇ ਵਿੱਚ ਹਿੰਦੁਸਤਾਨ ਦੇ ਪੰਜਾਬੀ, ਹਿੰਦੀ ਅਤੇ ਉਰਦੂ ਦੇ ਨਾਮਵਰ ਸ਼ਾਇਰਾਂ ਅਤੇ ਕਵੀਆਂ ਨੇ ਸ਼ਿਰਕਤ ਕੀਤੀ। ਇਸ ਮੁਸ਼ਾਇਰੇ ਦਾ ਆਗਾਜ਼ ਸੁਰ-ਆਂਗਨ ਦੇ ਕਲਾਕਾਰਾਂ ਵੱਲੋਂ ਸੰਗੀਤਿਕ ਸ਼ਮਾ ਰੌਸ਼ਨ ਕਰਕੇ ਹੋਇਆ ਜਿਸ ਵਿੱਚ ਸਭ ਤੋਂ ਪਹਿਲਾਂ ਸੁਰ-ਆਂਗਨ ਦੀ ਧੁਨੀ ਦਾ ਗਾਇਨ ਹੋਇਆ। ਇਸ ਉਪਰੰਤ ਹਰਸ਼ਵਰਧਨ ਵੱਲੋਂ ਡਾ. ਰਾਜੇਸ਼ ਮੋਹਨ ਦੀ ਰਚਨਾ ‘ਸ਼ਾਇਰ ਕਹਿਣ ਕਮਾਲ ਦਾ ਨਗਮਾ ਬਣਾ ਲਿਆ’ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਪ੍ਰਸਿੱਧ ਪਾਕਿਸਤਾਨੀ ਕਲਾਕਾਰ ਸੁਰਈਆ ਮੁਲਤਾਨੀ ਦੀ ਇੱਕ ਰਚਨਾ ‘ਬੜੇ ਬੇਮੁਰੱਬਤ ਹੈ ਯੇ ਹੁਸਨ ਵਾਲੇ’ ਸੁਰ-ਆਂਗਨ ਦੀ ਹੋਣਹਾਰ ਕਲਾਕਾਰ ਕਿਰਨਦੀਪ ਵੱਲੋਂ ਪੇਸ਼ ਕੀਤੀ ਗਈ। ਇਸਦੇ ਨਾਲ ਹੀ ਸੁਰ-ਆਂਗਨ ਦੀ ਟੀਮ ਵੱਲੋਂ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਦੀ ਰਚਨਾ ‘ਜਗਾ ਦੇ ਮੋਮਬੱਤੀਆਂ’ ਪੇਸ਼ ਕੀਤੀ ਗਈ।
‘ਬਜ਼ਮ-ਏ-ਸ਼ੇਅਰ-ਓ-ਤਰਬ’ ਦੇ ਦੂਸਰੇ ਭਾਗ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਅਤੇ ਮਹਿਮਾਨ ਸ਼ਾਇਰ ਸਾਹਿਬਾਨ ਨੇ ਸ਼ਮਾ ਰੌਸ਼ਨ ਕੀਤੀ ਅਤੇ ਇਸ ਉਪਰੰਤ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਆਏ ਹੋਏ ਸ਼ਾਇਰਾਂ ਨੂੰ ਰਸਮੀ ਤੌਰ ਤੇ ਨੂੰ ‘ਜੀ ਆਇਆਂ’ ਕਿਹਾ। ਇਸ ਦੌਰਾਨ ਬਟਾਲੇ ਤੋਂ ਸੁਰਿੰਦਰ ਸਿੰਘ, ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੀ ਸਤੀਸ਼ ਬੇਦਾਗ, ਚੰਡੀਗੜ੍ਹ ਤੋਂ ਮੁਸੱਵਰ ਫ਼ਿਰੋਜ਼ਪੁਰੀ, ਫ਼ਿਰੋਜ਼ਪੁਰ ਤੋਂ ਹਰਮੀਤ ਵਿਦਿਆਰਥੀ, ਜਲੰਧਰ ਤੋਂ ਸ਼੍ਰੀ ਪ੍ਰਮੋਦ ਕਾਫ਼ਿਰ, ਫ਼ਰੀਦਕੋਟ ਤੋਂ ਸ਼ਾਇਰ ਮਨਜੀਤ ਪੁਰੀ, ਅਤੇ ਉਚੇਚੇ ਤੌਰ ਤੇ ਮੁੰਬਈ ਤੋਂ ਆਈ ਸ਼ਾਇਰਾ ਰੁਚੀ ਡਰੋਲੀਆ ਨੇ ਆਪਣਾ ਕਲਾਮ ਪੜ੍ਹਿਆ। ਮੁਸ਼ਾਇਰੇ ਦੀ ਸਦਾਰਤ ਕਰਦੇ ਹੋਏ ਪੰਜਾਬੀ ਦੇ ਮਸ਼ਹੂਰ ਸ਼ਾਇਰ ਵਿਜੇ ਵਿਵੇਕ ਨੇ ਆਪਣੀ ਸ਼ਾਇਰੀ ਨਾਲ ਕਾਲਜ ਦੇ ਵਿਦਿਆਰਥੀਆਂ ਅਤੇ ਸ਼ਾਇਰੀ ਦੇ ਸ਼ੌਕੀਨ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਬਤੌਰ ਸ਼ਾਇਰ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮਹੋਨ ਨੇ ਵੀ ਆਪਣਾ ਪੰਜਾਬੀ ਅਤੇ ਉਰਦੂ ਕਲਾਮ ਪੜ੍ਹਿਆ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ ਸਾਰੇ ਮਹਿਮਾਨ ਸ਼ਾਇਰ ਸਾਹਿਬਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸੰਗੀਤਕ ਅਤੇ ਅਦਬੀ ਪ੍ਰੋਗਰਾਮ ਵਿੱਚ ਸਾਹਿਲ ਤਗੋਰੀਆ ਨੇ ਤਬਲੇ ਤੇ, ਰਿਤੇਸ਼ ਰੋਨੀ ਨੇ ਗਿਟਾਰ ਤੇ ਸੰਗਤ ਕੀਤੀ, ਗਗਨਦੀਪ ਕੌਰ, ਨੂਰਪ੍ਰੀਤ ਕੌਰ, ਵੀਰਪਾਲ ਕੌਰ ਅਤੇ ਕਰਨਜੀਤ ਕੌਰ ਨੇ ਸਹਾਇਕ ਸਾਥੀ ਗਾਇਕਾਂ ਦੀ ਭੂਮਿਕਾ ਨਿਭਾਈ।
ਇਸ ਮੁਸ਼ਾਇਰੇ ਦਾ ਮੰਚ ਸੰਚਾਲਨ ਡਾ. ਰਾਜੇਸ਼ ਮੋਹਨ ਅਤੇ ਮਨਜੀਤ ਪੁਰੀ ਨੇ ਸਾਂਝੇ ਤੌਰ ਤੇ ਕੀਤਾ। ਇਸ ਬਜ਼ਮ ਤੋਂ ਪਹਿਲਾਂ ਕਾਲਜ ਭਾਸ਼ਾ ਮੰਚ ਅਤੇ ਸੰਗੀਤ ਤੇ ਲੋਕਨਾਚ ਕਲੱਬ ਦੇ ਸਹਿਯੋਗ ਨਾਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਇੱਕ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦਾ ਮੰਚ ਸੰਚਾਲਨ ਪ੍ਰੋਫ਼ੈਸਰ ਬੀਰਇੰਦਰਜੀਤ ਸਿੰਘ ਅਤੇ ਪ੍ਰੋਫ਼ੈਸਰ ਮਨਵਿੰਦਰ ਕੌਰ ਵੱਲੋਂ ਕੀਤਾ ਗਿਆ। ਇੱਥੇ ਜਿਕਰਯੋਗ ਹੈ ਕਿ ਤਕਰੀਬਨ ਚਾਰ ਘੰਟੇ ਤੱਕ ਚੱਲਿਆ ਇਹ ਮੁਸ਼ਾਇਰਾ ਇਲਾਕੇ ਦੇ ਅਦਬੀ ਹਲਕਿਆਂ ਵਿੱਚ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਅਮਿੱਟ ਯਾਦਗਾਰ ਛੱਡ ਗਿਆ। ਇਸ ਮੁਸ਼ਾਇਰੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਸ਼ਾਇਰੀ ਦੇ ਮਸ਼ਹੂਰ ਚੈਨਲ ਪੰਜਾਬੀਸਤਾਨ ਦੇ ਸੰਚਾਲਕ ਸਾਗਰ ਮਲਿਕ, ਅਰੁਣਾ ਰਣਦੇਵ, ਸਤੀਸ਼ ਰਣਦੇਵ, ਗੁਰਵਿੰਦਰ ਔਲਖ, ਸ਼ਹਿਰ ਦੇ ਪਤਵੰਤੇ ਸੱਜਣ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸਰੋਤਿਆਂ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ ਅਤੇ ਸਟਾਫ਼ ਵਿੱਚੋਂ ਪ੍ਰੋ. ਸੰਦੀਪ ਸਿੰਘ, ਪ੍ਰੋ. ਰਣਜੀਤ ਸਿੰਘ ਬਾਜਵਾ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫ਼ੈਨੀ ਚਾਵਲਾ, ਪ੍ਰੋ. ਸੁਖਵਿੰਦਰ ਕੌਰ, ਡਾ. ਰਤਨ ਲਾਲ, ਸ਼੍ਰੀਮਤੀ ਕਰਮਜੀਤ ਕੌਰ ਨੇ ਮੁਸ਼ਾਇਰੇ ਨੂੰ ਸਫ਼ਲ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।

