ਪੱਤਰਕਾਰ ਉੱਤੇ ਇਸ ਤਰਾਂ ਦਾ ਹਮਲਾ ਕਿਸੇ ਕੀਮਤ ਉੱਤੇ ਨਹੀ ਕੀਤਾ ਜਾਵੇਗਾ ਬਰਦਾਸ਼ਤ — ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ)
ਬਠਿੰਡਾ, 25 ਅਪ੍ਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਆਪਣੇ ਆਪ ਨੂੰ ਆਮ ਲ਼ੋਕਾਂ ਦੀ ਕੱਟੜ ਇਮਾਨਦਾਰ, ਸੂਬੇ ਅੰਦਰ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਧੰਦਿਆਂ ਅਤੇ ਖ਼ਾਸਕਰ ਸਰਕਾਰੀ ਜਗ੍ਹਾ ਉੱਤੇ ਹੋਏ ਜਾਂ ਹੁੰਦੇ ਨਜ਼ਾਇਜ ਕਬਜ਼ਿਆਂ ਨੂੰ ਰੋਕਣ ਦੇ ਦਮਗੱਜੇ ਮਾਰਨ ਵਾਲੀ ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਕਿੰਨਾ ਕੁ ਫ਼ਰਕ ਹੈ ਇਹ ਤਾਂ ਕੋਈ ਲੁਕੀ ਛਿਪੀ ਗੱਲ਼ ਨਹੀਂ ਪਰ ਪੰਜਾਬ ਅੰਦਰ ਸਰਕਾਰੀ ਥਾਵਾਂ ਉੱਤੇ ਕਬਜ਼ੇ ਕਰਨ ਵਾਲ਼ੇ ਲ਼ੋਕਾਂ ਵੱਲੋਂ ਅਜਿਹੇ ਗੈਰ ਕਾਨੂੰਨੀ ਕੰਮਾਂ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਉੱਤੇ ਪ੍ਰਸਾਸ਼ਨ ਦੀ ਮੌਜੂਦਗੀ ਚ ਜਾਨਲੇਵਾ ਹਮਲਾ ਕਰਨਾ ਇਹ ਦਸਦਾ ਹੈ ਕਿ ਇਨ੍ਹਾਂ ਗੁੰਡੇ ਅਨਸਰਾਂ ਨੂੰ ਪੰਜਾਬ ਸਰਕਾਰ ਸਮੇਤ ਮਾਣਯੋਗ ਸੁਪਰੀਮ ਕੋਰਟ ਤੱਕ ਦੀਆਂ ਹਦਾਇਤਾਂ ਦੀ ਕੋਈ ਪ੍ਰਵਾਹ ਨਹੀਂ।
ਤਾਜ਼ਾ ਮਾਮਲਾ ਫਰੀਦਕੋਟ ਜ਼ਿਲ੍ਹੇ ਅੰਦਰ ਆਉਂਦੇ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਅਖੌਤੀ ਪੱਤਰਕਾਰ ਜਿਹੜਾ ਕਿ ਅਸਲ ਮਾਇਨੇ ਚ ਇੱਕ ਬਲੌਗਰ ਦੱਸਿਆ ਜਾ ਰਿਹਾ ਹੈ ਵੱਲੋਂ ਉਕਤ ਵੱਲੋਂ ਹੀ ਗ਼ੈਰ ਕਾਨੂੰਨੀ ਸਰਕਾਰੀ ਜਗ੍ਹਾ ਤੇ ਕਬਜ਼ੇ ਖਿਲਾਫ਼ ਕਾਰਵਾਈ ਕਰਨ ਆਏ ਪ੍ਰਸਾਸ਼ਨ ਦੀ ਹਾਜ਼ਰੀ ਚ ਇੱਕ ਪੱਤਰਕਾਰ ਉੱਤੇ ਹਮਲਾ ਕਰਨ ਦਾ ਮਾਮਲਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕੋਟਕਪੂਰਾ ਦੇ ਰਹਿਣ ਵਾਲ਼ੇ ਬਲੌਗਰ ਸੁਨੀਲ ਜਿੰਦਲ ਅਤੇ ਨਿਤਿਨ ਜਿੰਦਲ ਵੱਲੋਂ ਇਥੋਂ ਦੇ ਪ੍ਰੇਮ ਨਗਰ ਸਥਿਤ ਲਾਲ ਸਿੰਘ ਵਾਲੀ ਗਲੀ ਵਿਖੇ ਛੱਪੜ ਦੀ ਕ਼ਰੀਬ ਵੀਹ ਮਰਲੇ ਸਰਕਾਰੀ ਜਗ੍ਹਾ ਉੱਤੇ ਸ਼ਰ੍ਹੇਆਮ ਚਿੱਟੇ ਦਿਨ ਕਬਜ਼ਾ ਕੀਤਾ ਹੋਇਆ ਸੀ, ਸਿਰਫ਼ ਇੰਨਾ ਹੀ ਨਹੀਂ ਉਕਤ ਵੱਲੋਂ ਇਸ ਜਗ੍ਹਾ ਤੇ ਨਜ਼ਾਇਜ ਉਸਾਰੀ ਕੀਤੀ ਜਾ ਰਹੀ ਸੀ ਜਿਹੜੀ ਕਿ ਲੈਂਟਰ ਤੱਕ ਪੁੱਜ ਚੁੱਕੀ ਸੀ। ਦੱਸਣਾ ਬਣਦਾ ਹੈ ਕਿ ਅਦਾਰਾ ਰੋਜ਼ਾਨਾ ਸੁਪਰੀਮ ਟਾਈਮਜ਼ ਵਲੋਂ ਇਹ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ ਜਿਸ ਕਰਕੇ ਜਦੋਂ ਇਸ ਗੱਲ ਦੀ ਖ਼ਬਰ ਪ੍ਰਸਾਸ਼ਨ ਨੂੰ ਮਿਲੀ ਤਾਂ ਇਸ ਉਸਾਰੀ ਨੂੰ ਰੋਕਣ ਲਈ ਤਹਿਸੀਲਦਾਰ ਕੋਟਕਪੂਰਾ, ਸਬੰਧਤ ਡੀ ਐੱਸ ਪੀ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵੱਲੋਂ ਕਾਰਵਾਈ ਕਰਦਿਆਂ ਇਸ ਨਜ਼ਾਇਜ ਉਸਾਰੀ ਤੇ ਪੀਲਾ ਪੰਜਾ ਚਲਾ ਦਿੱਤਾ ਗਿਆ। ਇਸ ਸਾਰੀ ਕਾਰਵਾਈ ਦੀ ਕਵਰੇਜ ਕਰਨ ਪੁੱਜੇ ਰੋਜ਼ਾਨਾ ਸੁਪਰੀਮ ਟਾਈਮਜ਼ ਦੇ ਸੰਪਾਦਕ ਦੀਪਕ ਮਹਿਤਾ ਜਦੋਂ ਮਾਮਲੇ ਸਬੰਧੀ ਜਦੋਂ ਨਗਰ ਕੌਂਸਲ ਕੋਟਕਪੂਰਾ ਦੇ ਕਾਰਜ ਸਾਧਕ ਅਫਸਰ ਦਾ ਪੱਖ ਲੈ ਰਹੇ ਸਨ ਤਾਂ ਬੌਖਲਾਹਟ ਚ ਆਏ ਸੁਨੀਲ ਜਿੰਦਲ ਅਤੇ ਨਿਤਿਨ ਜਿੰਦਲ ਨੇ ਸਮੁੱਚੇ ਪ੍ਰਸਾਸ਼ਨ ਦੀ ਹਾਜ਼ਰੀ ਚ ਨਾ ਸਿਰਫ਼ ਦੀਪਕ ਮਹਿਤਾ ਉੱਤੇ ਜਾਨਲੇਵਾ ਹਮਲਾ ਹੀ ਕੀਤਾ ਬਲਕਿ ਆਉਣ ਵਾਲ਼ੇ ਸਮੇਂ ਚ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਹਨਾਂ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਬੁਰੀ ਤਰਾਂ ਭੰਨ ਤੋੜ ਕੀਤੀ ਗਈ।
ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ) ਵੱਲੋਂ ਇਸ ਹਮਲੇ ਦੀ ਕੀਤੀ ਗਈ ਸਖ਼ਤ ਨਿਖੇਧੀ
ਪੱਤਰਕਾਰ ਦੀਪਕ ਮਹਿਤਾ ਉੱਤੇ ਹੋਏ ਇਸ ਜਾਨਲੇਵਾ ਹਮਲੇ ਨੂੰ ਲੈਕੇ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਜਿਸ ਵਿੱਚ ਪੱਤਰਕਾਰ ਉੱਤੇ ਕੀਤੇ ਗਏ ਹਮਲੇ ਦੀ ਕੜੀ ਨਿੰਦਾ ਕੀਤੀ ਗਈ। ਇਸ ਬਾਰੇ ਬੋਲਦੇ ਹੋਏ ਕਲੱਬ ਪ੍ਰਧਾਨ ਗੁਰਜੀਤ ਚੌਹਾਨ ਨੇ ਕਿਹਾ ਕਿ ਕਿਸੇ ਵੀ ਪੱਤਰਕਾਰ ਉੱਤੇ ਹਮਲੇ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਬਾਰੇ ਆਪਣਾ ਤਿੱਖਾ ਪ੍ਰਤੀਕਰਮ ਦਿੰਦਿਆਂ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ ਨੇ ਕਿਹਾ ਕਿ ਪਿਛਲੇ ਕੁਝ ਕ ਸਾਲਾਂ ਤੋਂ ਦੇਖਣ ਚ ਆ ਰਿਹਾ ਹੈ ਕਿ ਸੱਚ ਨੂੰ ਰੋਕਣ ਲਈ ਮੀਡੀਆ ਕਰਮੀਆਂ ਉੱਤੇ ਜਾਂ ਤਾਂ ਹਮਲੇ ਹੋ ਰਹੇ ਹਨ ਜਾਂ ਕਰਵਾਏ ਜਾ ਰਹੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨਾਂ ਚ ਇਹ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਜੇਕਰ ਲੋਕਤੰਤਰ ਦੇ ਇਸ ਚੌਥੇ ਸਤੰਭ ਦੀ ਆਵਾਜ਼ ਨੂੰ ਦਬਾਉਣ ਲਈ ਇਸ ਉੱਤੇ ਕੋਈ ਹਮਲਾ ਕੀਤਾ ਜਾਂਦਾ ਹੈ ਤਾਂ ਸਜਾ ਮਿਸਾਲੀ ਵੀ ਹੋਣੀ ਚਾਹੀਦੀ ਹੈ ਅਤੇ ਇੱਕ ਸੀਮਤ ਸਮੇਂ ਅੰਤਰਾਲ ਚ ਵੀ ਹੋਣੀ ਚਾਹੀਦੀ ਹੈ। ਇਸ ਸਬੰਧੀ ਉਨ੍ਹਾਂ ਅੱਗੇ ਕਿਹਾ ਕਿ ਮੀਡਿਆ ਕਰਮੀ ਨਿਯਮ ਕਾਨੂੰਨ ਨੂੰ ਅੱਗੇ ਰੱਖਕੇ ਚਲਦੇ ਹਨ ਨਹੀਂ ਤਾਂ ਪੱਤਰਕਾਰ ਐਸੇ ਗੁੰਡੇ ਅਨਸਰਾਂ ਨੂੰ ਹਰ ਤਰ੍ਹਾਂ ਦਾ ਜਵਾਬ ਦੇਣ ਚ ਸਮਰੱਥ ਹਨ।
ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ) ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰ ਸਹਿਬਾਨਾਂ ਨੇ ਇਸ ਮਾਮਲੇ ਨੂੰ ਅਤਿ ਸੰਵੇਦਨਸ਼ੀਲ ਮਾਮਲਾ ਕਰਾਰ ਦਿੰਦੇ ਇਸਦੀ ਸਖ਼ਤ ਸ਼ਬਦਾਂ ਚ ਨਿੰਦਾ ਕਰਦੇ ਹੋਏ ਕੋਟਕਪੂਰਾ ਪੁਲਿਸ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੱਤਰਕਾਰ ਉੱਤੇ ਹਮਲਾ ਕਰਨ ਵਾਲ਼ੇ ਐਸੇ ਗੁੰਡਾ ਅਨਸਰਾਂ ਖਿਲਾਫ਼ ਜਲਦੀ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ।
