ਕੋਟਕਪੂਰਾ, 30 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਵਿਖੇ ਹੈੱਡਮਾਸਟਰ ਮਨੀਸ਼ ਛਾਬੜਾ ਦੀ ਅਗਵਾਈ ਹੇਠ ਵਿਸ਼ਾ ਸੈਮੀਨਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਵਿੱਚ ਐਸ.ਐਮ.ਸੀ. ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਨੋਡਲ ਅਧਿਆਪਕਾ ਸ਼੍ਰੀਮਤੀ ਅਮਿਤਾ ਚਾਵਲਾ ਅਤੇ ਸ਼੍ਰੀਮਤੀ ਆਰਤੀ ਛਾਬੜਾ ਨੇ ਨਵੀਨ ਅਧਿਆਪਨ ਤਕਨੀਕਾਂ ਅਤੇ ਐਨ.ਈ.ਪੀ.-2020 ਦੇ ਟੀਚਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਸੈਮੀਨਾਰ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਦੀ ਸ਼ਾਨਦਾਰ ਮਿਹਨਤ ਰਹੀ, ਜਿੰਨ੍ਹਾਂ ਨੇ ਸਾਰੇ ਵਿਸ਼ਿਆਂ, ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਰਚਨਾਤਮਕ ਮਾਡਲ ਤੇ ਚਾਰਟ ਤਿਆਰ ਕੀਤੇ। ਵਿਦਿਆਰਥੀਆਂ ਨੇ ਆਪਣੇ ਮਾਡਲਾਂ ਦੀ ਆਤਮ-ਵਿਸ਼ਵਾਸ ਨਾਲ ਪੇਸ਼ਕਾਰੀ ਵੀ ਦਿੱਤੀ ਅਤੇ ਉਨ੍ਹਾਂ ਪਿੱਛੇ ਲੁਕੇ ਸੰਕਲਪਾਂ ਨੂੰ ਸਰਲ ਭਾਸ਼ਾ ਵਿੱਚ ਸਮਝਾਇਆ। ਸੈਮੀਨਾਰ ਦੇ ਅੰਤ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਭਾਗੀਦਾਰੀ, ਮਿਹਨਤ ਅਤੇ ਰਚਨਾਤਮਕਤਾ ਲਈ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ। ਐਸ.ਐਮ.ਸੀ. ਮੈਂਬਰਾਂ ਨੇ ਖੁਦ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਤੇ ਸਪੱਸ਼ਟ ਪੇਸ਼ਕਾਰੀ ਦੀ ਦਿਲੋਂ ਪ੍ਰਸ਼ੰਸਾ ਕੀਤੀ। ਨਾਲ ਹੀ ਅਧਿਆਪਕਾਂ ਦੀ ਮਿਹਨਤ ਦੀ ਵੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਹ ਸੈਮੀਨਾਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਅਤੇ ਅਧਿਆਪਕਾਂ ਲਈ ਨਵੀਂ ਊਰਜਾ ਦਾ ਸੰਚਾਰ ਬਣਿਆ।

