ਸਰੀ 21 ਅਗਸਤ (ਹਰਦਮ ਸਿੰਘ ਮਾਨ/ਵਰਲਡ ਪੰਜਾਬੀ ਟਾਈਮਜ਼)
ਗ਼ਦਰ ਲਹਿਰ ਦੇ ਅਣਗਿਣਤ ਸੂਰਮਿਆਂ ਦੀ ਕੁਰਬਾਨੀ, ਸੰਘਰਸ਼ ਅਤੇ ਵਿਚਾਰਧਾਰਕ ਵਿਰਾਸਤ ਨੂੰ ਇਤਿਹਾਸ ਦੇ ਪੰਨਿਆਂ ਤੋਂ ਕੱਢ ਕੇ ਅਜੋਕੀ ਪੀੜ੍ਹੀ ਤੱਕ ਪਹੁੰਚਾਉਣ ਦੇ ਯਤਨਾਂ ਤਹਿਤ ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀ.ਸੀ. ਕੈਨੇਡਾ ਵੱਲੋਂ ਉੱਘੇ ਇਤਿਹਾਸਕਾਰ ਤੇ ਲੇਖਕ ਸੋਹਣ ਸਿੰਘ ਪੂੰਨੀ ਦੀ ਖੋਜ-ਭਰਪੂਰ ਪੁਸਤਕ ‘ਅਮਰੀਕਾ ਦੇ ਗਦਰੀ ਯੋਧੇ’ ਖਾਲਸਾ ਲਾਇਬਰੇਰੀ, ਸਰੀ ਵਿਖੇ ਹੋਏ ਵਿਸ਼ਾਲ ਸਾਹਿਤਕ ਤੇ ਵਿਚਾਰਧਾਰਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ।
ਲਗਭਗ ਤਿੰਨ ਘੰਟੇ ਚੱਲੇ ਇਸ ਗਿਆਨ ਅਤੇ ਇਤਿਹਾਸ ਨਾਲ ਭਰਪੂਰ ਸਮਾਗਮ ਵਿੱਚ ਕੈਨੇਡਾ ਦੀਆਂ ਸਾਹਿਤਕ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਅਗਾਂਹਵਧੂ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਗ਼ਦਰੀ ਯੋਧਿਆਂ ਦੇ ਪਰਿਵਾਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਕੈਨੇਡਾ ਵਿੱਚ ਵੋਟ ਦੇ ਹੱਕ ਲਈ ਸੰਘਰਸ਼ ਕਰਨ ਵਾਲੇ ਭਾਈ ਨਗਿੰਦਰ ਸਿੰਘ ਗਿੱਲ ਚੂਹੜਚੱਕ ਦੇ ਪੁੱਤਰ ਸੁਖਵਿੰਦਰ ਸਿੰਘ ਗਿੱਲ ਅਤੇ ਕੈਨੇਡਾ ਦੇ ਇਤਿਹਾਸ ਦੀ ਮਹੱਤਵਪੂਰਨ ਡਾਇਰੀ ਲਿਖਣ ਵਾਲੇ ਗ਼ਦਰੀ ਭਾਈ ਅਰਜਨ ਸਿੰਘ ਚੰਦ ਨਵਾਂ ਦੇ ਪੁੱਤਰ ਅਮਰਜੀਤ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।
ਪੁਸਤਕ ’ਤੇ ਹੋਈ ਵਿਚਾਰ-ਗੋਸ਼ਟੀ ਦੌਰਾਨ ਲੇਖਕ ਅਤੇ ਪੰਜਾਬੀ ਪ੍ਰੈੱਸ ਕਲੱਬ ਬੀ.ਸੀ. ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਗ਼ਦਰੀ ਯੋਧਿਆਂ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੇ ਬਿਆਨਾਂ ਦਾ ਨਿਚੋੜ ਇਹ ਸਾਹਮਣੇ ਆਉਂਦਾ ਹੈ ਕਿ 15 ਅਗਸਤ 1947 ਨੂੰ ਹੋਇਆ ਬਦਲਾਅ ਗ਼ਦਰੀਆਂ ਵੱਲੋਂ ਸੁਪਨੇ ਵਿੱਚ ਵੇਖੀ ਆਜ਼ਾਦੀ ਨਹੀਂ ਸੀ, ਸਗੋਂ ਸੱਤਾ ਦਾ ਤਬਾਦਲਾ ਸੀ। ਉਨ੍ਹਾਂ ਕਿਹਾ ਕਿ ਗ਼ਦਰੀ ਯੋਧਿਆਂ ਦੀ ਅਸਲ ਸੋਚ, ਉਨ੍ਹਾਂ ਦੇ ਸੰਘਰਸ਼ ਅਤੇ ਲੋਕ-ਮੁਕਤੀ ਦੇ ਸੁਪਨੇ ਨੂੰ ਸਮਝਣਾ ਅੱਜ ਵੀ ਬੇਹੱਦ ਜ਼ਰੂਰੀ ਹੈ।
ਡਾ. ਧਾਲੀਵਾਲ ਨੇ ਭੁੱਲੇ-ਵਿਸਰੇ ਗ਼ਦਰੀ ਯੋਧਿਆਂ ਬਾਰੇ ਮੌਲਿਕ ਖੋਜ ਅਤੇ ਲਿਖਤ ਰਾਹੀਂ ਕੀਤੀ ਜਾ ਰਹੀ ਇਤਿਹਾਸਕ ਘਾਲਣਾ ਲਈ ਸੋਹਣ ਸਿੰਘ ਪੂੰਨੀ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਦੇਣ ਦੀ ਮੰਗ ਵੀ ਰੱਖੀ। ਸਮਾਗਮ ਵਿੱਚ ਹਾਜ਼ਰ ਵੱਖ-ਵੱਖ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨੇ ਇਸ ਮੰਗ ਦਾ ਭਰਪੂਰ ਸਮਰਥਨ ਕੀਤਾ।
ਸਮਾਗਮ ਦਾ ਸੰਚਾਲਨ ਕਰਦਿਆਂ ਡਾ. ਸੁਰਿੰਦਰਜੀਤ ਸਿੰਘ ਭੇਲਾ ਨੇ ਗ਼ਦਰ ਮੈਮੋਰੀਅਲ ਸੁਸਾਇਟੀ ਦੀ ਸਥਾਪਨਾ, ਇਸ ਦੇ ਇਤਿਹਾਸ ਅਤੇ ਮਨੋਰਥ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਗ਼ਦਰ ਲਹਿਰ ਨਾਲ ਸਬੰਧਤ ਇਤਿਹਾਸਕ ਦਸਤਾਵੇਜ਼ਾਂ ਨੂੰ ਇਕੱਠਾ ਕਰਕੇ ਸਾਂਭਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਵਚਨਬੱਧਤਾ ਵੀ ਪ੍ਰਗਟ ਕੀਤੀ।
ਸਮਾਗਮ ਵਿੱਚ ਇੰਜੀਨੀਅਰ ਜਗਰੂਪ ਸਿੰਘ ਖੇੜਾ ਨੇ ਸਮੂਹ ਜਥੇਬੰਦੀਆਂ ਅਤੇ ਹਾਜ਼ਰੀਨ ਦਾ ਸਵਾਗਤ ਕੀਤਾ। ਕਾਮਰੇਡ ਆਗੂ ਭੁਪਿੰਦਰ ਸਿੰਘ ਮੱਲੀ ਨੇ ਗ਼ਦਰੀ ਬਾਬਾ ਜਵਾਲਾ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਕਾਮਰੇਡੀ ਫ਼ਲਸਫ਼ਾ ਸਿੱਖੀ ਦੇ ਵਿਸ਼ਾਲ ਦਾਇਰੇ ਵਿੱਚ ਸਮਾ ਸਕਦਾ ਹੈ, ਪਰ ਸਿੱਖੀ ਦਾ ਦਾਇਰਾ ਇਸ ਤੋਂ ਕਿਤੇ ਵੱਡਾ ਅਤੇ ਵਿਸ਼ਾਲ ਹੈ।
ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਦੇ ਖੋਜੀ ਅਤੇ ਗ਼ਦਰੀ ਭਾਈ ਅਰਜਨ ਸਿੰਘ ਚੰਦ ਨਵਾਂ ਦੀ ਡਾਇਰੀ ਦੇ ਸੰਪਾਦਕ ਡਾ. ਪੂਰਨ ਸਿੰਘ ਗਿੱਲ ਨੇ ਇਤਿਹਾਸਕ ਸਰੋਤਾਂ ਦੀ ਮਹੱਤਤਾ ਬਾਰੇ ਵਿਚਾਰ ਰੱਖੇ। ਇਸ ਮੌਕੇ ਗ਼ਦਰ ਸਾਹਿਤ ਪ੍ਰੇਮੀ ਧਰਮਪਾਲ ਸ਼ਰਮਾ, ਹਰਚਰਨ ਸਿੰਘ ਸੰਧੂ, ਜਤਿੰਦਰ ਸਿੰਘ ਜੇ. ਮਿਨਹਾਸ, ਅਵਤਾਰ ਸਿੰਘ ਢਿੱਲੋਂ, ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸੁਸਾਇਟੀ ਦੇ ਪ੍ਰਧਾਨ ਡਾ. ਪ੍ਰਗਟ ਸਿੰਘ ਭੁਰਜੀ ਅਤੇ ਕੁਵਿੰਟਲਨ ਯੂਨੀਵਰਸਿਟੀ ਦੇ ਨੌਜਵਾਨ ਆਗੂ ਗੁਰਨੂਰ ਸਿੰਘ ਸਮੇਤ ਕਈ ਬੁਲਾਰਿਆਂ ਨੇ ਗ਼ਦਰ ਲਹਿਰ ਦੀ ਇਤਿਹਾਸਕ ਵਿਰਾਸਤ ਅਤੇ ਮੌਜੂਦਾ ਸਮੇਂ ਵਿੱਚ ਇਸ ਦੀ ਪ੍ਰਸੰਗਿਕਤਾ ਬਾਰੇ ਵਿਚਾਰ ਸਾਂਝੇ ਕੀਤੇ।
ਪੁਸਤਕ ਲੋਕ ਅਰਪਣ ਸਮੇਂ ਲੇਖਕ ਸੋਹਣ ਸਿੰਘ ਪੂੰਨੀ ਅਤੇ ਉਨ੍ਹਾਂ ਦੀ ਧਰਮਪਤਨੀ ਬੀਬੀ ਵਿਨੀ ਪੂੰਨੀ, ਵਿਸ਼ਵ ਸਿੱਖ ਸੰਸਥਾ ਦੀ ਸਾਬਕਾ ਪ੍ਰਧਾਨ ਗਿਆਨ ਸਿੰਘ ਸੰਧੂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਮਰਹੂਮ ਚਿੱਤਰਕਾਰ ਜਰਨੈਲ ਸਿੰਘ ਦੀ ਪਤਨੀ ਬਲਜੀਤ ਕੌਰ, ਨੀਤੀ ਸਿੰਘ, ਸ਼ਬਨਮ ਮੱਲੀ, ਪ੍ਰਕਾਸ਼ ਕੌਰ ਬਰਾੜ, ਵਣਜਾਰਾ ਨੋਮੈਡ ਕਲੈਕਸ਼ਨ ਦੇ ਰਾਜ ਸਿੰਘ ਭੰਡਾਲ, ਵਿਗਿਆਨੀ ਡਾ. ਕੁਲਵੰਤ ਸਿੰਘ ਥਿੰਦ, ਵੈਨਕੂਵਰ ਵਿਚਾਰ ਮੰਚ ਦੇ ਮੋਹਨ ਗਿੱਲ, ਰਜਿੰਦਰ ਸਿੰਘ ਪੰਧੇਰ, ਸਿੱਖ ਵਿਚਾਰ ਮੰਚ ਦੇ ਕੇਸਰ ਸਿੰਘ ਕੂਨਰ, ਬਲਵੀਰ ਸਿੰਘ ਸੰਘਾ, ਗ਼ਜ਼ਲ ਮੰਚ ਦੇ ਰਾਜਵੰਤ ਰਾਜ ਬਾਗੜੀ, ਸ੍ਰੀ ਰਾਮ ਆਸਰਾ, ਗੁਰਮੁਖ ਸਿੰਘ ਦਿਓਲ ਅਤੇ ਪੰਜਾਬੀ ਰੰਗਮੰਚ ਦੀ ਪ੍ਰਮੁੱਖ ਹਸਤੀ ਗੁਰਦੀਪ ਸਿੰਘ ਭੁੱਲਰ ਸਮੇਤ ਸਾਹਿਤ, ਕਲਾ, ਰੰਗਮੰਚ, ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰਾਂ ਨਾਲ ਸਬੰਧਤ ਅਨੇਕ ਸ਼ਖ਼ਸੀਅਤਾਂ ਹਾਜ਼ਰ ਸਨ।

