ਵੀਰੋ ਦਾ ਘਰਵਾਲਾ, ਹਰਬੰਸ ( ਬੰਸਾਂ )ਟਰੱਕ ਡਰਾਇਵਰੀ ਦਾ ਕੰਮ ਕਰਦਾ ਜਦੋ ਬੰਸਾਂ ਮਹੀਨਾ ਭਰ ਕੁ ਘਰ ਨਾ ਆਉਂਦਾ, ਤਾਂ ਵੀਰੋ ਕੋਠੇ ਚੜ ਚੜ ਕੇ ਉਹਦੇ ਰਾਹ ਵੇਖਦੀ ਹੋਈ ਉਡੀਕਦੀ ਰਹਿੰਦੀ…ਉਸ ਬਗੈਰ ਘਰ ਵੱਢ ਖਾਣ ਨੂੰ ਆਉਂਦਾ, ਗੱਲਾਂ ਗੱਲਾਂ ਵਿੱਚ ਆਪਣੇ ਸੱਸ
ਦਿਆਲੂ ਬੇਬੇ ਨੂੰ ਸੁਣਾਉਂਦੀ ਰਹਿੰਦੀ, ਕਿ ਇਸ ਘਰ ਵਿੱਚ ਤਾਂ….ਕਿਸੇ ਨੂੰ, ਬੰਦੇ ਦੀ ਭੋਰਾ ਭਰ ਵੀ ਕਦਰ ਨਹੀ, ਕੋਈ ਮਰੇ, ਕੋਈ ਜੀਵੇ, ਖੁਸਰਾ ਘੋਲ ਘੋਲ ਪਤੀਸੇ ਪੀਵੇ
ਅੱਜ ਮਹੀਨੇ ਤੋ ਉੱਪਰ ਹੋ ਗਿਆ ਏ, ਗੋਲ੍ਹੂ ਦੇ ਭਾਪੇ ਨੂੰ ਘਰੋਂ ਨਿਕਲੇ ਨੂੰ… ਕੋਈ ਫ਼ਿਕਰ ਪ੍ਰਵਾਹ ਹੀ ਨਹੀ, ਕਿ ਕੋਈ ਪਿੱਛੇ ਵੀ ਆ…..
ਵੀਰੋ ਦੀਆਂ ਇਹੋ ਗੱਲਾਂ ਸੁਣ, ਬਾਸੇ ਦੀ ਬੇਬੇ ਦਿਆਲੂ ਨੇ ਕਹਿਣਾ, ਭਾਈ ਕੁੜੀਏ…..ਡਰਾਇਵਰ ਤੇ ਊਠ ਇੱਕ ਹੀ ਨਸਲ ਦੇ ਹੁੰਦੇ ਆ, ਇਹਨਾਂ ਦਾ ਜਿਧਰ ਨੂੰ ਮੂੰਹ ਹੋ ਗਿਆ, ਬਸ ਇਹ ਉਧਰ ਨੂੰ ਹੀ ਲੰਘ ਜਾਂਦੇ ਆ, ਚੱਲ ਕੋਈ ਫਿਕਰ ਨਾ ਕਰਿਆ ਕਰ, ਕਮਲੀ ਏ, ਕਿਹਦਾ ਦਿਲ ਕਰਦਾ ਹੁੰਦਾ ਵਾ, ਆਪਣੇ ਪਰਿਵਾਰ ਛੱਡਣ ਨੂੰ, ਹੌਸਲਾ ਰੱਖ
ਐਵੇਂ ਨਹੀਂ ਦਿਲ ਛੱਡੀ ਦਾ….ਵਾਹਿਗੁਰੂ ਭਲੀ ਕਰੇਗਾ,
ਪਿੰਡ ਦੇ ਸੱਥ-ਦਰਵਾਜ਼ੇ ‘ਚ ਬਹਿਣ ਵਾਲੇ ਮਨਚੱਲੇ ਹੋਰਾਂ ਦੀ ਥਾਲੀ ‘ਚ ਝਾਕਣ ਵਾਲੇ ਮਾੜੀ ਨੀਤ ਦੇ ਮਾਲਕ, ਜਦੋ ਵੀ ਬੰਸੇ ਤੇ ਵੀਰੋ ਦੀ ਜੋੜੀ ਨੂੰ ਕਿਤੇ ਆਉਦੇ ਜਾਂਦਿਆਂ ਨੂੰ ਵੇਖਦੇ ਸਨ… ਤਾਂ ਹੌਕੇ ਜਿਹੇ ਭਰਦੇ ਹੋਏ ਕਹਿੰਦੇ, ਰਹਿੰਦੇ, ਲਗਦਾ ਏ……ਬੰਸੇ ਨੇ ਤਾਂ ਬਾਈ…ਪਿੱਛਲੇ ਜਨਮਾਂ ‘ਚ ਕੋਈ ਮੋਤੀ ਦਾਨ ਕਰੇ ਹੋਣਗੇ, ਤਾਂਹੀਓ, ਇਹਨੂੰ ਪਰੀਆਂ ਵਰਗੀ ਘਰਵਾਲੀ ਮਿਲੀ ਏ…ਕਿਸੇ ਫਿਲਮੀ ਹੀਰੋਣ ਨਾਲ ਘੱਟ ਨਹੀ ਦਿੱਸਦੀ…ਵੇਖੋਓ ਤਾਂ ਸਹੀ…ਕਿੱਵੇ ਮੋਰਨੀ ਵਾਂਗ ਪੈਲਾ ਪਾਉਦੀ ਜਾਹ ਰਹੀ ਏ, ਬੁੱਜੜ ਜਿਹੇ ਦੇ ਪਿੱਛੇ ਪਿੱਛੇ… ਕਿੱਕਰ ਦੇ ਜਾਤੂ ਦੀ ਤਾਂ… ਲਾਟਰੀ ਹੀ ਲਗ ਗਈ, ਇਹ ਸਭ ਕਰਮਾਂ ਦੀ ਖੇਲ ਏ, ਬਾਈ……
ਇੱਕ ਦਿਨ ਐਸੀ ਅਣਹੋਣੀ ਹੋਈ…ਸੜਕ ਹਾਸਦੇ ਵਿੱਚ ਬੰਸਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ, ਆਪਣੇ ਪਿੱਛੇ ਘਰ ਵਾਲੀ ਵੀਰੋ ਤੇ ਦੋ ਕੁ ਸਾਲ ਦਾ ਮੁੰਡਾ ਗੋਲੂ, ਅਤੇ ਆਪਣੀ ਬੁੱਢੀ ਮਾਂ ਨੂੰ ਪਤਾ ਨਹੀ ਕਿਹਦੇ ਸਹਾਰੇ ਛੱਡ, ਸਦਾ ਦੇ ਲਈ ਦੁਨੀਆ ਤੋ ਚਲਾ ਗਿਆ …..! ਜਵਾਨੀ ਦੇ ਸ਼ਿਖਰ-ਦੁਪਹਿਰ ਵੀਰੋ ਦੇ ਸਿਰ ਤੇ ਚਿੱਟੀ ਚੁੰਨੀ ਆ ਗਈ, ਆਪਣੇ ਘਰ ਵਾਲੇ ਦੇ ਜਾਣ ਤੋ ਬਾਅਦ ਵੀਰੋ ਨੂੰ ਚਾਰੇ ਪਾਸੇ ਹਨੇਰ ਹੀ ਹਨੇਰ ਦਿਸਣ ਲੱਗਾ…..ਆਖ਼ਰ ਵਾਹਿਗੁਰੂ ਦਾ ਭਾਣਾ ਮੰਨ ਕੇ ਦਿਨ ਕੱਟੀਆਂ ,ਚ ਬਸੇਰੇ ਜਿਹੇ ਕਰਨ ਲੱਗੀ….ਜਵਾਨ, ਸੋਹਣੀ ਸੁਨੱਖੀ ਸਿਰ ਤੋ ਨੰਗੀ ਕੱਲੀ ਕਹਿਰੀ ਜ਼ਨਾਨੀ ਦੀ ਜਵਾਨੀ ਪਿੰਡ ਦੇ ਮੁਸ਼ਟੰਡਿਆਂ ਦੇ ਅੱਖਾਂ ‘ਚ ਰੜਕਣ ਲੱਗੀ,
ਭਾਣਾ ਵਰਤਿਆਂ ਵੇਖ ਕੇ ਤਾਂ ਇੰਜ ਲਗਦਾ ਸੀ, ਜਿਵੇਂ ਬੰਸੇ ਤੇ ਵੀਰੋ ਦੀ ਜੋੜੀ ਨੂੰ ਕਿਸੇ ਚੰਦਰੇ ਦੀ ਨਜ਼ਰ ਹੀ ਖਾ ਗਈ ਹੋਵੇ? ਬਦਨੀਤੇ ਜਿਹੇ ਬੰਦਿਆਂ ਨੂੰ ਜਿਵੇਂ ਮਸਾਂ ਹੀ ਮੌਕਾ ਮਿਲਿਆ ਹੋਵੇ, ਹੁਣ ਇਹ ਕੋਈ ਨਾ ਕੋਈ …ਬਹਾਨਾ ਜਿਹਾ ਘੜ ਕੇ, ਇਹਨਾਂ ਨੇ ਹਰਬੰਸ ਬੰਸੇ ਦੇ ਘਰ ਆਉਣਾ ਜਾਣੇ ਜਿਹੇ ਸ਼ੁਰੂ ਕਰ ਦਿੱਤੇ, ਬੇਬੇ ਦਿਆਲੂ ਦੇ ਕੋਲ ਆ ਬਹਿ ਜਾਂਦੇ, ਤੇ ਕਹਿਣ ਲਗਦੈ… ਚਾਚੀ ਮੈਂ ਸੋਚਿਆ….ਕਿ ਖਬਰ-ਸਾਰ ਹੀ ਲੈ ਆਈਏ….ਕੱਲੇ ਕਹਿਰੇ ਬੰਦੇ ਦਾ ਵੀ ਕੀ ਜੀਣਾ ਹੁੰਦਾ ਵਾ…..ਚਾਚੀ, ਤੁਸੀ ਕਿਸੇ ਵੀ ਗੱਲ ਦਾ ਭੋਰਾ ਭਰ ਫਿਕਰ ਨਾ ਕਰਨਾ….ਜੋ ਭਾਣਾ ਵਰਤਣਾ ਸੀ ਓਹ ਤਾ ਵਰਤ ਗਿਆ, ਮਰਿਆ ਨਾਲ ਮਰ ਥੋੜ੍ਹਾ ਹੁੰਦਾ ਵਾ……ਸਬਰ ਹੀ ਕਰਨਾ ਪੈਣਾ ਏ,
ਮੈਂ ਹੈਗਾ ਵਾ ਅੱਧੀ ਰਾਤ … ਹਾਕ ਮਾਰ ਦਿਓ….ਝੱਟ ਹਾਜਰ ਹੋ ਜਾਓ, ਚਾਚੀ, ਮੈਨੂੰ ਕਿਤੇ ਉਪਰਾ ਨਾ ਸਮਝਣਾ, ਮੈਂ ਕਿਹੜਾ ਬਿਗਾਨਾ ਉਪਰਾ ਬੰਦਾ ਆ, ਚਾਚੀ ਤੈਨੂੰ ਪਤਾ ਹੀ ਏ, ਚਾਚੇ ਰਤਨ ਨੇ ਸਾਡੀ ਨਿਆਈਂ ਵਾਲੀ ਜ਼ਮੀਨ ਦਸ ਪੰਦਰਾਂ ਸਾਲ ਠੇਕੇ ਤੇ ਵਾਹੀ ਸੀ, ਉਸ ਬਿਚਾਰੇ ਦੀ ਤਾ ਸਾਡੇ ਬਾਪੂ ਜੀ ਨਾਲ ਵਧੀਆ ਬਣਦੀ ਸੀ….
ਕੀ ਹੋਇਆ, ਜੇ ਰੱਬ ਨੇ ਤੁਹਾਡੇ ਤੇ ਵਕਤ ਪਾ ਦਿੱਤਾ….ਹੁਣ ਆਪਾਂ ਨੂੰ ਰਲ ਮਿਲਕੇ ਹੀ ਟਾਇਮ ਕੱਢਣਾ ਪੈਣਾ ਵਾ……ਨਾਲੇ ਚਾਚੀ…. ਭਰਜਾਈ ਨੂੰ ਵੀ ਦੱਸ ਦੇਣਾ, ਮੇਰੇ ਵਾਰੇ, ਕਿ ਇਹ ਮੁੰਡਾ ਤਾਂ…..ਆਪਣੇ ਘਰਾਂ ਚੋਂ ਐ……ਐਵੇਂ ਹੀ…ਨਾ ਮੇਰੇ ਕੋਲੋ ਸੰਗਿਆ ਸ਼ਰਮਾਇਆ ਜਿਹਾ ਕਰੇ….ਦੁੱਖ ਸੁੱਖ ਸਾਂਝਾ ਕਰ ਲਿਆ ਕਰੇ……ਦੁੱਖ ਤਾਂ ਵੰਡਿਆਂ ਤੋ ਹੀ ਘਟਦਾ ਵਾ, ਮੈਂ ਤਾ ਜਦੋ ਵੀਰੋ ਭਾਬੀ ਨੂੰ ਵੇਖਦਾ ਹਾਂ ਤਾਂ ਬਿਚਾਰੀ ਤੇ ਤਰਸ ਜਿਹਾ ਆ ਜਾਂਦਾ, ਰੱਬ ਦੀ ਕਰੀ ਨੂੰ ਕੌਣ ਟਾਲ ਸਕਦਾ ਵਾ, ਪਹਾੜ ਜਿੱਡੀ ਜ਼ਿੰਦਗੀ ਪਈ ਆ ਸਿਰ ਤੇ। ਸਮੇ ਨੂੰ ਵਿਚਾਰੋ ਓ, ਆਪਣੇ ਤਾਂ ਆਪਣੇ ਹੀ ਹੁੰਦੇ ਆ…ਬਿਗਾਨਿਆਂ ਦਾ ਕੀ ਕਹਿਣਾ, ਚਾਚੀ ਜੋ ਮੈ ਕਹਿਣਾ ਚਾਹੁੰਦਾ ਸਾਂ, ਕਹਿ ਦਿੱਤਾ, ਸ਼ਾਇਦ ਤੂੰ ਸਮਝ ਹੀ ਗਈ ਹੋਣੀ ਆ….ਆਖ਼ਰ ਕਾਰ ਤੂੰ ਵੀ ਸਿਆਣੀ ਏ, ਸਿਰ ਤੇ ਚਿੱਟੇ ਐਵੇਂ ਨਹੀਂ ਆਏ, ਆਪਣੀ ਇੱਜ਼ਤ ਆਪਣੀ ਹੱਥ ਹੁੰਦੀ ਆ, ਕੱਲੀ ਕਹਿਰੀ ਜ਼ਨਾਨੀ ਵੇਖ ਕੇ ਤਾਂ ਕਾਲੇ ਕਾਵਾਂ ਦੀਆਂ ਡਾਰਾਂ ਪਿੱਛੇ ਪਿੱਛੇ ਉੱਡ ਆਉਂਦੀਆਂ ਨੇ….ਉੱਪਰੋਂ ਜ਼ਮਾਨਾ ਤਾ ਵੇਖ ਚਾਚੀ, ਕਿਹੜਾ ਚਲਦਾ ਆ ਰਿਹਾ ਏ, ਜਿਸ ਦੀ ਧੀ ਭੈਣ ਐ, ਬਸ ਉਸ ਦੀ ਹੀ ਹੁੰਦੀ ਏ, ਗੈਰ ਤਾ ਆਪਣੇ ਮਨ ,ਚ ਨੇੜਤਾ ਦੇ ਬਿਸਤਰੇ ਵਿਛਾਉਣ ਦੀ ਸਕੀਮ ਵਿੱਚ ਰਹਿੰਦੇ ਆ…..
ਗੱਲਾਂ ਤਾਂ ਓਹ, ਵੀਰੋ ਦੀ ਸੱਸ ਮਤਲਬ ਦਿਆਲੂ ਚਾਚੀ ਨਾਲ ਕਰਦੇ ਰਹਿੰਦੇ, ਪਰ ਗੱਲਾਂ ਬਾਤਾਂ ਰਾਹੀ ਸੁਣਾਉਦੇ ਵੀਰੋ ਨੂੰ…. ਜਦੋ ਵੀਰੋ ਆਪਣੇ ਘਰ ਦੇ ਕੰਮ ਕਾਰ ਕਰਦੀ ਹੁੰਦੀ ਤਾ ਹਮਦਰਦੀ ਰੱਖਣ ਵਾਲੇ….ਉਸ ਨੂੰ ਵੇਖਦੇ ਹੋਏ… ਅੱਖ ਨਾ ਪੱਟਦੇ ਏ—-ਗੱਲਾਂ ਬਾਤਾਂ ਰਾਹੀ ਦੋ ਅਰਥੀ ਗੱਲ ਵੀ ਕਹਿ ਜਾਂਦੇ, ਅੱਖਾਂ ਅੱਖਾਂ ਰਾਹੀ ਸਾਰੇ ਸਰੀਰ ਦਾ ਐਕਸ-ਰੇ, ਜਿਹੇ ਵੀ ਕਰ ਜਾਂਦੇ…!
ਵੀਰੋ ਸਭ ਕੁਝ ਜਾਣਦੀ ਬੁੱਝਦੀ ਹੋਈ, ਮਸਤੀ ‘ਚ ਘਰਲੂ ਕੰਮਾਂ ਕਾਰਾਂ ਦੇ ‘ਚ ਲੱਗੀ ਰਹਿੰਦੀ, ਜਿਵੇਂ, ਕਿ ਉਸ ਨੇ ਕੁੱਛ ਸੁਣਿਆ ਹੀ ਨਾ ਹੋਵੇ, ਪਰ,ਇਹ ਕਾਂਮੀ ਕਾਂ ਵਕਤ ਦੀ ਮਾਰੀ ਅਲਵਾ ਨਾਰੀ ਦੇ, ਤੰਨ- ਮਨ ਤੇ ਕਾਮ ਦੀਆ ਠੂੰਗਾਂ ਮਾਰਦੇ ਹੋਏ, ਉਸ ਦੇ ਅਰਮਾਨਾਂ ਨੂੰ ਲਹੂ ਲੁਹਾਨ
ਕਰਨ ਦੀ ਕੋਈ ਵੀ ਕਸਰ ਨਾ ਛੱਡਦੇ….
ਵੀਰੋ, ਜਦੋ ਵੀ ਗੁਵਾਂਡੀਆਂ ਦੀਆਂ ਜਨਾਨੀਆਂ ਨਾਲ ਸਰਪੰਚ ਦੇ ਖੇਤਾਂ ‘ਚ ਪਸ਼ੂਆਂ ਲਈ ਨੀਰਾ,ਟੁਕਰ ਲੈਣ ਜਾਂਦੀ, …ਤਾਂ ਸਰਪੰਚਾਂ ਦਾ ਮੁੰਡਾ ਡਿੰਪਾ….ਉਸ ਨੂੰ ਹੱਥ ਪਾਉਣ ਦੀ ਤਾਕ ‘ਚ ਹਮੇਸ਼ਾ ਰਹਿੰਦਾ….. ਖੇਤ ਦੀ ਵੱਟੋ ਵੱਟ ਤੁਰਦਾ ਹੋਇਆ, ਵੀਰੋ ਦੇ ਨੇੜੇ ਆ ਖੜ ਜਾਂਦਾ, ਪਰ, ਵੀਰੋ, ਉਸ ਰਾਕਖਸ਼ ਦੇ ਪੰਜਿਆ ਦੀ ਪਕੜ ਤੋ ਬਚਣ ਦੇ ਲਈ,ਆਪਣੇ ਨਾਲ ਆਈਆਂ ਜਨਾਨੀਆਂ ਦਾ ਭੋਰਾ ਭਰ ਵੀ ਵਸਾਹ ਜਿਹਾ ਨਾ ਖਾਂਦੀ,
ਡਿੱਪਾ, ਖੇਤ ਦੀ ਵੱਟ ਤੇ ਖੜਾ, ਬਾਜ਼ ਵਾਂਗ ਝੱਪਟ ਮਾਰਨ ਦੀ ਤਿਆਰੀ ‘ਚ ਆਪਣੇ ਗੰਦੇ ਮਨ ਦੇ ਖੱਭ ਖਿਲਾਰਦਾ ਹੋਇਆ, ਆਪਣੇ ਸ਼ਿਕਾਰ ਨੂੰ ਬੇਸਬਰੀ ਦੀਆਂ ਨਜ਼ਰਾਂ ਨਾਲ ਤਾੜਦਾ ਰਹਿੰਦਾ…..ਕਿ ਕਦੋ ਮੌਕਾ ਲੱਗੇ
ਇਸ ਤੇ ਝਪਟ ਮਾਰ ਸ਼ਿਕਾਰ ਕਰ ਲਵਾਂ, ਪਰ, ਉਸ ਨੂੰ ਹਰ ਵਾਰ ਦੀ ਤਰ੍ਹਾਂ ਮੂੰਹ ਦੀ ਖਾਣੀ ਪੈਂਦੀ….ਵੱਸ ਨਾ ਚੱਲਦਾ ਵੇਖ….ਪਿਛਾਂਹ ਨੂੰ ਮੁੜ, ਵੀਰੋ ਦੀਆਂ ਸਾਥਣ ਜ਼ਨਾਨੀਆਂ ਦੇ ਨਾਲ ਗੱਲਾਂ ਬਾਤਾਂ ਕਰਨ ਮਲੰਗ ਜਾਂਦਾ, ਪਰ ਉਸ ਦੀਆਂ ਗੰਦੀਆਂ ਨਜ਼ਰਾਂ ਵੀਰੋ ਦੇ ਸਰੀਰ ਨੂੰ ਛਾਣਦੀਆਂ ਹੀ ਰਹਿੰਦੀਆਂ,
ਇੱਕਲਾ ਡਿੰਪਾ ਹੀ ਨਹੀ ਸੀ, ਵੀਰੋ ਦਾ ਰਾਹ ਰੁਕਣ ਵਾਲਾ…..
ਹੋਰ ਵੀ ਵਥੇਰੇ ਸਨ….ਜੋ ਰਾਹਾਂ ‘ਚ ਹਰ ਵੇਲੇ ਅੜਾਖੌੜ ਬਣ ਖੜੇ ਰਹਿੰਦੇ ਸਨ, ਜਿੱਧਰ ਨੂੰ ਵੀ ਇਹ ਜਾਂਦੀ…ਉੱਧਰ ਹੀ ਕਾਂਵਾਂ ਦੀਆਂ ਡਾਰਾਂ ਪਿੱਛੇ ਕਰਦੀਆ ਰਹਿੰਦੀਆਂ, ਕਿਸੇ ਨੇ ਸੱਚ ਹੀ ਕਿਹਾ ਏ…” ਕਿ ਗਰੀਬ ਦੀ ਘਰਵਾਲੀ ਨੂੰ ਹਰ ਕੋਈ ਭਾਬੀ ਕਹਿਣਾ ਚਾਹੁੰਦਾ ਏ, ਕੱਲੀ ਕਹਿਰੀ ਜਵਾਨ ਜਨਾਨੀ ਨੂੰ ਤਾਂ ਲੋਕ ਸ਼ਾਮਲਾਟ ਦੀ ਜ਼ਮੀਨ ਵਾਂਗ ਸਮਝਦੇ ਹੋਏ ਹੱਕ ਜਿਹੇ ਜਮਾਉਂਦੇ ਹੋਏ ਉਸ ਤੇ ਆਪਣੇ ਹਲ ਚਲਾਉਣ ਦੀ ਚਾਹਤਾਂ ਰੱਖਦੇ ਹਨ, ਇਹ ਇੱਕਲੇ ਅੱਜ ਦੇ ਜਮਾਨੇ ਦੀ ਗੱਲ ਨਹੀ, ਸਗੋਂ ਇਹ ਤਾਂ ਯੁਗਾਂ ਤੋ ਚਲਦਾ ਆ ਰਿਹਾ ਏ, ਮਰਦ ਪ੍ਧਾਨ ਜੋ ਹੋਇਆ ਸਾਡੇ ਸਮਾਜ ਦਾ….ਨਾਰੀ ਦੀ ਕੀ ਮਜ਼ਾਲ ਜੋ ਇਹਨਾ ਦਾ ਮੁਕਾਬਲਾ ਕਰ ਸਕੇ, !!
ਵੀਰੋ, ਬਿਰਧ ਸੱਸ ਦੀ ਦੇਖ ਭਾਲ ਕਰਦੀ ਹੋਈ, ਡੰਗਰ-ਪਸ਼ੂਆਂ ਦਾ ਦੁੱਧ ਵੇਚ ਕੇ, ਘਰ ਦਾ ਖਰਚਾ ਪਾਣੀ ਚਲਾਉਦੀ ਦਿਨ ਕੱਟੀਆਂ ‘ਚ ਵਸਰ ਕਰਦੀ ਆ ਰਹੀ ਸੀ, ਹਰ ਵੇਲੇ ਮਨੋ ਮਨੀ ਸੋਚਦੀ ਰਹਿੰਦੀ, ਕਿ ਚੱਲੋ ਕੱਲ ਨੂੰ ਗੋਲੂ ਜਵਾਨ ਹੋ ਜਾਓ…ਦਿਨ ਪੱਧਰੇ ਹੋ ਜਾਣਗੇ…ਫਿਰ ਕਛ ਸੁਖ ਦਾ ਸਾਹ ਆਓ…… ਪਰ….. ਇਧਰ ਪਿੰਡ ਦੇ ਸਫੈਦਪੋਸ਼-ਚੌਧਰੀ, ਪੀਲਾ ਕਾਰਡ, ਰਾਸ਼ਨ ਕਾਰਡ, ਪੈਨਸ਼ਨ ਲਗਵਾਉਣ ਦੇ ਆਨੇ ਬਹਾਨੇ …ਵੀਰੋ ਦੇ ਪਰਿਵਾਰ ਨਾਲ ਹਮਦਰਦੀ ਰੱਖਣ ਦੀ ਆਡ ‘ਚ ਹਮੇਸ਼ਾ ਮੈਲੀਆਂ ਨਜਰਾਂ ਨਾਲ ਸੀਨਾ ਛਾਲਣੀ ਕਰਦੇ ਹੋਏ, ਆਪਣੇ ਮਨ ‘ਚ ਨਜ਼ਦੀਕੀਆਂ ਦੇ ਬਿਸਤਰੇ ਵਿਛਾਉਣ ਦੀਆਂ ਕੋਸ਼ਿਸ਼ਾ ਕਰਦੇ ਰਹਿੰਦੇ……ਵੀਰੋ, ਹਰ ਵੇਲੇ ਆਪਣੇ ਆਪ ਨੂੰ ਹੱਡਾ-ਰੋੜੀ ਦੇ ਕੁੱਤਿਆਂ ਵਿੱਚ ਘਿਰੀ ਗਾਂ ਵਾਂਗ ਮਹਿਸ਼ੂਸ ਕਰਦੀ ਰਹਿੰਦੀ…..
ਆਪਣੇ ਮਨ ਨਾਲ ਸੋਚਦੀ ਕਿ ਇਹਨਾ ਦਾ ਵੀ ਕੋਈ ਕਸੂਰ ਨਹੀ, ਜਦੋ ਖੇਤ ਦਾ ਕੋਈ ਰਾਖਾ ਹੀ ਨਾ ਹੋਵੇ, ਨਾ ਹੀ ਉਸ ਖੇਤ ਨੂੰ ਵਾੜ ਹੋਵੇ, ਫਿਰ ਅਵਾਰਾ ਪਸ਼ੂਆਂ ਨੇ ਤਾਂ ਮੌਕੇ ਤਾੜ ਕੇ ਚੋਰੀ ਛਿੱਪੀ ਮੂੰਹ ਮਾਰਨੇ ਹੁੰਦੇ ਹੀ ਨੇ…..
ਜਦੋ ਇਹੋ ਗੱਲਾਂ ਹੱਦ ਤੋ ਬਾਹਰ ਹੋਣ ਲੱਗੀਆਂ ਤਾਂ ਵੀਰੋ ਨੂੰ ਇਹ ਮਹਿਸੂਸ ਹੋਣ ਲੱਗਾ, ਕਿ ਹੁਣ ਤਾਂ ਪਾਣੀ ਸਿਰ ਤੋ ਉੱਪਰ ਹੋ ਗਿਆ
ਕਿਉ ਨਾ ਇਹਨਾ ਮਾਸ਼ਖੋਰਾਂ ਬਗਿਆੜਾਂ ਤੋ ਆਪਣੇ ਆਪ ਨੂੰ ਬਚਾਉਣ ਦੇ ਲਈ …ਕੁਝ ਅਜਿਹਾ ਕੀਤਾ ਜਾਏ, ਜਿਸ ਨਾਲ ਸੱਪ ਵੀ ਮਰ ਜਾਏ ਤੇ ਸੋਟੀ ਵੀ ਬਚ ਜਾਏ……ਵੀਰੋ ਸੁਬ੍ਹਾ-ਸ਼ਾਮੀ ਮਨ ‘ਚ ਇਹੋ ਭੰਨਾਂ ਘੜਤਾਂ ‘ਚ ਸੋਚਦੀ ਰਹਿੰਦੀ….
ਇੱਕ ਦਿਨ ਪਿੰਡ ਦੀ ਖਬਰ ਸਾਰ ਰੱਖਣ ਵਾਲੀ ਬਾਗ ਵਾਲਿਆ ਦੀ ਬਿਸ਼ਨੀ ਬੁੱਢੀ ਨੂੰ ਮਿਲ, ਵੀਰੋ ਨੇ ਆਪਣੇ ਮਨ ਦੀ ਸੋਚੀ ਸਮਝੀ ਹੋਈ ਸ਼ਕੀਮ ਅਨੁਸਾਰ, ਪਿੰਡ ਦੀ ਫਿਰਨੀ ਤੇ ਤੁਰੀ ਜਾਂਦੀ ਬੇਬੇ ਬਿਸ਼ਨੀ ਨੂੰ ਵੇਖ,ਹਾਕ ਜਿਹੀ ਮਾਰ ਰੋਕ ਸਤਿ ਸ੍ਰੀ ਅਕਾਲ ਬੁਲਾ, ਹਾਲ ਚਾਲ ਜਾਣਦਿਆਂ ਹੋਇਆ ਕਹਿਣ ਲੱਗੀ…….ਤਾਈ ਜੀ, ਪੈਰੀ ਪੈਨੀ ਆ…ਤੁਸੀ ਠੀਕ ਹੋ…ਸਿਹਤਾਂ ਵੀ ਤੁਹਾਡੀ ਠੀਕ ਆ, ਵੀਰੋ ਨੇ ਬਿਸ਼ਨੀ ਬੇਬੇ ਦੇ ਪੈਰਾਂ ਨੂੰ ਚੁੰਨੀ ਜਿਹੀ ਲਾ ਮੱਥਾ ਟੇਕਦਿਆ ਹੋਇਆ ਕਿਹਾ, “ ਤਾਈ ਜੀ, ਬੜੇ ਦਿਨਾਂ ਬਾਅਦ ਤੁਹਾਨੂੰ ਵੇਖਿਆ ਘਰ ਪਰਿਵਾਰ ਵਿੱਚ ਸੁੱਖ ਸ਼ਾਂਤ ਐ…..? ਹਾਂ ਭਾਈ, ਬਹੂ…. ਜੋ ਦਿਨ ਲੰਘਦਾ ਵਾ…ਚੰਗਾ ਈ ਆ..ਬਸ, ਹੁਣ ਤਾਂ ਨਦੀ ਕਿਨਾਰੇ ਰੁੱਖ ਆ…ਪਤਾ ਨਹੀ ਕਦੋ ਬੁਲਾਵਾ ਆ ਜਾਵੇ, ਉੱਪਰ ਵਾਲੇ ਦਾ….!!
ਬਹੁਤ ਵੇਖ ਲਿਆ ਤੇਰਾ ਜ਼ਮਾਨਾ ਵੀ ਹੁਣ ਤਾਂ ਨੀਲੀ ਛੱਤ ਵਾਲੇ ਦੀ ਕਚਹਿਰੀ ਵੇਖਣ ਦੀ ਵਾਰੀ ਆ…..
……..ਗੱਲ ਸੁਣ ਨੀ ਕੁੜੀਏ…ਕੀ ਇਹ ਸੱਚ ਆ……? ਤੇਲੀਆਂ ਦੀ ਬੁੜੀ ਤੋ, ਮੈ, ਉੱਡਦੀ ਉੱਡਦੀ ਗੱਲ ਸੁਣੀ ਆ, ਕਿ ਸਰਪੰਚਾਂ ਦੇ ਮੁੰਡੇ ਨੇ ਤੇਰੀ ਪੱਤ ਨੂੰ ਹੱਥ ਪਾ ਲਿਆ ਸੀ ਜਦੋ ਤੂੰ ਸੁੰਨਾਂ ਦੇ ਖੇਤਾਂ ਚੋ ਪੱਠੇ ਲੈਣ ਗਈ ਸਾਂ…..ਨਾਲੇ ਸੁਨਣ ‘ਚ ਤਾਂ ਇਹ ਵੀ ਆਇਆ, ਕਿ ਲੰਬੜਾਂ ਦਾ ਦੇਵੀ ਵੀ, ਅੱਜ ਕਲ ਤੇਰੇ ਘਰ ਦੇ ਗੇੜੇ ਬਹੁਤ ਮਾਰਨ ਲੱਗਾ ਏ…!! ਕੀ ਇਹ ਗੱਲ ਏ ਸੱਚ ਐ ਵੀਰੋ….? ਐਵੇਂ ਨਾ ਮੂੰਹ ਲਾ ਲੈਣਾ ਕਲੱਛਣੇ ਜਿਹੇ ਨੂੰ….? ਛੜਾ -ਛੜਾਂਗ ਵੈਲੀ ਬੰਦਾ ਏ, ਵੇਚ ਕੇ ਖਾਹ ਜਾਓ ਤੈਨੂੰ ਬੱਚ ਕੇ ਰਹੀ ਉਸ ਕੰਜਰ ਤੋ..,,ਗੰਦੀ ਸੋਚ ਦਾ ਮਾਲਕ ਐ, ਕਮੀਣ-ਕਾਦਣ ਤੇ ਮੈਲੀ ਅੱਖ ਰੱਖਦਾ ਵਾ….ਸਾਰਾ ਪਿੰਡ ਜਾਣਦਾ ਉਹਦੇ ਲੱਛਣਾ ਨੂੰ….ਲਗੋਟੇ ਦਾ ਗੰਦਾ ਖੱਚ ਬੰਦਾ ਏ,ਜਿਦਾਂ ਦਾ ਬਾਪ, ਉਦਾਂ ਦਾ ਹੀ ਕਪੁੱਤ….ਵੀਹ ਵਾਰ ਪੰਚਾਇਤ ‘ਚ ਉਹਦੇ ਛਿੱਤਰ ਪਏ ਨੇ, ਅੱਖ ਤਾਂ ਵੇਖ ਉਹਦੀ..ਜਿਵੇਂ ਇੱਲ ਦੀ ਹੋਵੇ, ਖੜਾ ਖੜਾ ਹੀ ਜ਼ਨਾਨੀ ਦਾ ਅੰਗ ਅੰਗ ਛਾਣ ਮਾਰਦਾ ਏ, ਐਦਾਂ ਦੇ ਮਲੰਗਾਂ ਨੂੰ ਘਰ ਦੀ ਦੇਹਲ਼ੀ ਨਹੀ ਟੱਪਣ ਦੇਈਦਾ, ਬਾਅਦ ਵਿੱਚ ਪਛਤਾਇਆ ਕੁਝ ਨਹੀ ਬਣਦਾ, ਹੁੰਦਾ, ਇੱਕ ਵਾਰ ਇੱਜ਼ਤ ਖਿਲਰੀ ਹੋਈ ਫੇਰ ਹੱਥ ਨੀ ਆਉਂਦੀ ਹੁੰਦੀ ਬਾਕੀ ਧੀਏ ਤੂੰ ਵੀ ਸਿਆਣੀ ਏ, ਬਹੁਤੀਆਂ ਗੱਲਾਂ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਬਸ ਗੱਲ ਦਾ ਇਸ਼ਾਰਿਆਂ ਹੀ ਸਮਝ ਲਈ ਦਾ
ਮਰ ਜਾਣੀਏ….ਹੁਸਨ ਵੀ ਰੱਬ ਨੇ ਤੈਨੂੰ ਲੋੜ੍ਹੇ ਦਾ ਦਿੱਤਾ ਵਾ…..
ਉੱਪਰੋਂ ਸਿਰ ਦਾ ਸਾਂਈ ਵੀ ਤੇਰੇ ਨਾਲ ਧੋਖਾ ਕਰ ਗਿਆ, ਕੱਲੀ ਕਹਿਰੀ ਜਨਾਨੀ ਦਾ ਜੱਗ ਤੇ ਰਹਿਣਾ ਵੀ ਬੜਾ ਮੁਸ਼ਕਲ ਆ…ਉਹ ਵੀ ਜਵਾਨੀ ਪਹਿਰੇ ‘….ਪਿੰਡ ਦੇ ਮੁਸਟੰਡੇ ਤੇਰੇ ਪਿੱਛੇ ਲਾਲਆਂ ਸੁਟਦੇ ਫਿਰਦੇ ਆ ਬਿਸ਼ਨੀ ਬੁੱਢੀ ਇਕੋ ਸਾਹ ਵਿੱਚ ਕਈ ਸਵਾਲ ਪਾ, ਵੀਰੋ ਦੇ ਮੂੰਹ ਵੱਲ ਤੱਕਦੀ ਹੋਈ ਬੋਲੀ ਹੀ ਜਾ ਰਹੀ ਸੀ……
ਹਾਂ ਤਾਈ….ਤੇਰੇ ਕੋਲੋ ਕਾਹਦਾ ਓਹਲਾ ਕਦੇ ਦਾਈਆਂ ਕੋਲ਼ੋਂ ਵੀ ਪੇਟ
ਲੁਕਾਏ ਜਾਂਦੇ ਆਂ, ਤੁਸੀ ਤਾਂ ਮੇਰੀ ਮਾਂ ਦੇ ਸਮਾਨ ਹੋ….ਤਾਂਹੀਓ ਤਾਂ ਤਾਈ, ਤੇਰੇ ਕੋਲ ਬਹਿ ਕੇ ਆਪਣਾ ਸਾਰਾ ਢਿੱਡ ਫਰੋਲ ਲਈ ਦਾ… ਵ
ਕੀ ਦੱਸਾਂ, ਮੈ…..ਪਰ, ਤਾਈ..ਤੂੰ ਕਿਸੇ ਕੋਲ ਇਸ ਗੱਲ ਦੀ ਭਾਫ਼ ਨਾ ਕੱਢੀ ….ਆਖਰ ਮੇਰੀ ਇੱਜ਼ਤ ਦਾ ਸਵਾਲ ਆ, ਪਿੰਡ ਵਿੱਚ ਰਹਿਣਾ ਵਾ…ਤਾਈ ਤੈਨੂੰ ਸੌਹੁੰ ਲੱਗੇ, ਸਫ਼ੈਦਿਆਂ ਆਲੇ ਬਾਬਿਆਂ ਦੀ, ਜੇਕਰ ਤੂੰ ਕਿਸੇ ਕੋਲ ਮੇਰੀ ਇਹ ਗੱਲ ਦੀ ਸੂਹ ਕੱਢੇ—-ਤਾਈ….ਕੀ ਮੈਂ ਅੱਗ ਲਾਉਣੀ ਏ, ਐਦਾਂ ਦੀ ਜਵਾਨੀ ਨੂੰ…ਮੈਂ ਤਾਂ ..ਨਾ ਜਿਉਦਿਆਂ ਵਿੱਚ ਹਾਂ ਨਾ ਹੀ ਮਰਿਆ ਦੇ ਵਿੱਚ…..ਜੇ, ਤੂੰ…..ਸੱਚ ਜਾਣੇ ਤਾਈ ਮੇਰੀ ਏ…..
ਤੇਰੇ ਭਤੀਜੇ ਨੂੰ ਨਾਮੁਰਾਦ ਬਿਮਾਰੀ ਸੀ….ਜਿਹਨੂੰ ਏਡਜ ਉਜ਼ੜ ਜਿਹੀ ਕਹਿੰਦੇ ਆ….ਟਰੱਕ ਡਰਾਇਵਰ ਸੀ, ਪਤਾ ਨੀ, ਕਿੱਥੇ ਕਿੱਥੇ ਮੂੰਹ ਮਾਰਿਆ ਹੋਣਾ ਉਸ ਚੰਦਰੇ ਨੇ… ? ਤਾਹੀਂ ਓ …ਇਹ ਚੰਦਰੀ ਬਿਮਾਰੀ
ਜਾਂਦਾ ਜਾਂਦਾ ਹੋਇਆ ਸੌਗ਼ਾਤ ਦੇ ਵਿੱਚ ਮੈਨੂੰ ਦੇ ਗਿਆ…..ਆਪ ਤਾਂ ਮਰ ਕੇ ਖਹਿੜਾ ਛੁਡਾ ਲਿਆ, ਨਾਮੁਰਾਦ ਬਿਮਾਰੀ ਤੋ……
ਮੈਨੂੰ ਤਾਂ ਜਿਉਂਦੀ ਨੂੰ ਨਰਕਾਂ ਵਿੱਚ ਸੁੱਟ ਗਿਆ…ਸੁਨਣ ਵਿੱਚ ਤਾਂ ਇਹ ਵੀ ਆਇਆ ਕਿ, ਇਹ ਬਹੁਤ ਖਤਰਨਾਕ ਬਿਮਾਰੀ ਐ.. ਏਡਜ਼
ਹੁਣ ਤਾ ਡਾਕਟਰ ਵੀ ਕਹਿੰਦੇ ਆ…ਕਿ ਤੂੰ ਭਾਈ ਕਿਸੇ ਮਰਦ ਨਾਲ ਸਾਥ ਨਾ ਬਣਾਈ…. ਕਿਸੇ ਦਾ ਵਸਿਆ ਵਸਾਇਆ ਘਰ, ਨਾ ਉਜਾੜ ਦੇਈ, …..ਤੈਨੂੰ ਪਾਪ ਲੱਗੁ…..!!ਤਾਂਹੀਓ ਨਹੀ…ਮੈ ਕਿਸੇ ਬੰਦੇ ਨੂੰ ਮੂੰਹ ਲਗਾਉਦੀ…ਬਸ ਹੋਰ ਕੋਈ ਗੱਲ ਨਹੀ….ਤਾਈ ਜੀ….ਦਿਲ ਤਾਂ ਮੇਰੇ ਵੀ ਵਥੇਰਾ ਕਰਦਾ ਵਾ… ਜਵਾਨੀ ਪਹਿਰੇ ਦੀ ਰੁੱਤ ਮਾਣਨ ਨੂੰ…। ਵੀਰੋ ਨੇ ਬਿਸ਼ਨੀ ਬੁੱਢੀ ਦੇ ਅੱਗੇ ਅੱਖਾਂ ਭਰ, ਮਨ ਦੀ ਘੜੀ ਘੜਾਈ ਸਕੀਮ
ਅਨੁਸਾਰ ਸਾਰੀ ਕਹਾਣੀ ਸੁਣਾ ਕੇ, ਸਿਰ ਤੇ ਲਈ ਹੋਈ ਚੁੰਨੀ ਦੇ ਨਾਲ ਆਪਣੀਆਂ ਅੱਖਾਂ ਦੇ ਹੰਝੂ ਪੌਝਦੀ ਹੋਈ ਲੰਮੀਆਂ ਲੰਮੀਆਂ ਡਿੰਘਾਂ ਪੁਟਦੀ ਹੋਈ ਆਪਣੇ ਘਰ ਵੱਲ ਨੂੰ ਚਾਲੇ ਪਾ ਗਈ……
ਬੇਬੇ ਬਿਸ਼ਨੀ ਨੇ ਉਸ ਦਿਨ ਹੀ ਸਾਰੇ ਪਿੰਡ ‘ਚ ਵੀਰੋ ਦੀ ਇਸ ਬਿਮਾਰੀ ਦੀ ਗੱਲ ਉੱਡਾ ਦਿੱਤੀ, ਜਨਾਨੀਆਂ ਤੋ ਅੱਗੇ ਤੋ ਅੱਗੇ ਹੁੰਦੀ ਗੱਲ ਕੁਝ ਕੁ ਪਲਾਂ ,ਚ ਸੱਥ, ਦਰਵਾਜ਼ੇ, ਕੰਧੀ ਕੌਲੇ ਲੱਗਦੀ ਹੋਈ ਮਰਦ-ਮੁੰਡੀਰ ਕੋਲ ਪਹੁੰਚਣ ਦੇ ਵਿੱਚ ਦੇਰ ਨਾ ਲੱਗੀ…..ਹੁਣ ਜਦੋ ਵੀ ਵੀਰੋ ਪਿੰਡ ‘ਚ ਜਾਂ ਬਾਹਰ ਖੇਤਾਂ ‘ਚ ਕੱਲੀ ਕਹਿਰੀ ਨੀਰਾ ਟੁਕਰ ਲੈਣ ਜਾਂਦੀ, ਤਾਂ ਉਹੀ ਕਾਮੀ ਕਾਂ, ਵੀਰੋ ਨੂੰ ਵੇਖਣ ਸਾਰ ਦੂਰ ਉੱਡਣ ਲੱਗੇ, ਸਰਪੰਚਾਂ ਦਾ ਮੁੰਡਾ ਡਿੱਪਾ ਜੋ ਵੀਰੋ ਦਾ ਹਰ ਵੇਲੇ ਉਸ ਦੇ ਰਾਹ ਦੀਆਂ ਪੈੜਾਂ ਨੱਪਦਾ ਰਹਿੰਦਾ ਸੀ, ਹੁਣ ਉਹ ਵੀ ਕਿਤੇ ਅੱਖ ‘ਚ ਪਾਇਆ ਨਾ ਰੜਕਦਾ, ਲੰਬਰਦਾਰਾਂ ਦੇ ਦੇਵੀ ਦਾ ਵੀ, ਵੀਰੋ ਦੇ ਘਰ ਵਿੱਚ ਗੇੜਾ ਵੱਜਣਾ ਵੀ ਬੰਦ ਹੋ ਚੁੱਕਾ ਸੀ…..ਵੀਰੋ ਹੁਣ ਏਡਜ ਬਿਮਾਰੀ ਦਾ ਲੱਖ ਲੱਖ ਸ਼ੁਕਰਾਨੇ ਕਰਦੀ ਹੋਈ
ਆਪਣੇ ਪਰਿਵਾਰ ਵਿੱਚ ਜੀਵਨ ਵਸਰ ਕਰਨ ਲੱਗੀ……ਧੰਨਵਾਦ
ਦੀਪ ਰੱਤੀ ✍️