
ਜਲੰਧਰ, 3 ਜੁਲਾਈ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼)
ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਜੀ ਦੇ 39ਵੇਂ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਪਿੰਡ ਧੀਰਪੁਰ (ਨੇੜੇ ਹਮੀਰਾ, ਜ਼ਿਲ੍ਹਾ ਜਲੰਧਰ) ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਲਿਖੀ ਅਤੇ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਿਤ ਕੀਤੀ ਗਈ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਪੰਥਕ ਸ਼ਖਸੀਅਤਾਂ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਸਾਂਝੇ ਤੌਰ ‘ਤੇ ਰਿਲੀਜ਼ ਕੀਤੀ ਗਈ।
ਇਸ ਕਿਤਾਬ ਦੇ ਪੰਨਾ ਨੰਬਰ 120 ‘ਤੇ ਬੀਬੀ ਬਲਵਿੰਦਰ ਕੌਰ ਸੇਖੋਂ ਜੀ ਦੇ ਸਿੱਦਕੀ ਅਤੇ ਸੰਘਰਸ਼ੀ ਜੀਵਨ ਦੀ ਦਾਸਤਾਨ ਬਿਆਨ ਕੀਤੀ ਗਈ ਹੈ। ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਨੇ ਇਸ ਕਿਤਾਬ ਵਿੱਚ ਉਨ੍ਹਾਂ ਬੀਬੀਆਂ ਨੂੰ ‘ਸਿੱਦਕੀ’ ਕਹਿ ਕੇ ਦਰਸਾਇਆ ਹੈ, ਜਿਨ੍ਹਾਂ ਨੇ ਆਪਣੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਆਪਣੀ ਸਾਰੀ ਜ਼ਿੰਦਗੀ ਪੰਥ ਨੂੰ ਸਮਰਪਿਤ ਕਰ ਦਿੱਤੀ। ਸਰਕਾਰਾਂ ਦੇ ਭਾਰੀ ਤਸ਼ਦੱਦ ਸਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਸ਼ਹੀਦ ਸਿੰਘਾਂ ਦੇ ਨਾਮ ਨਾਲ ਮਾਣ ਨਾਲ ਆਪਣਾ ਜੀਵਨ ਬਸਰ ਕੀਤਾ ਅਤੇ ਉਨ੍ਹਾਂ ਦੇ ਮਾਤਾ-ਪਿਤਾ ਜਾਂ ਬੱਚਿਆਂ ਦੀ ਦੇਖਭਾਲ ਕਰਨਾ ਆਪਣਾ ਮੁੱਖ ਫ਼ਰਜ਼ ਸਮਝਿਆ।
ਦੱਸਣਯੋਗ ਹੈ ਕਿ ਇਹ ਕਿਤਾਬ ਹੁਣ ਤੱਕ ਪੰਜਾਬ, ਯੂ.ਕੇ., ਕੈਨੇਡਾ, ਫਰਾਂਸ (ਪੈਰਿਸ) ਅਤੇ ਬੈਲਜੀਅਮ ਵਿਖੇ ਵੱਖ-ਵੱਖ ਪੰਥਕ ਸਮਾਗਮਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਸੰਘਰਸ਼ੀ ਅਤੇ ਸ਼ਹੀਦ ਪਰਿਵਾਰਾਂ ਨੂੰ ਇਹ ਕਿਤਾਬ ਬਿਲਕੁਲ ਮੁਫ਼ਤ ਵੰਡੀ ਜਾ ਰਹੀ ਹੈ।
ਫੋਟੋ ਕੈਪਸ਼ਨ:
ਪਿੰਡ ਧੀਰਪੁਰ ਵਿਖੇ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਰਿਲੀਜ਼ ਕਰਦੇ ਹੋਏ ਭਾਈ ਅਵਤਾਰ ਸਿੰਘ (ਸਪੁੱਤਰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ), ਪ੍ਰਤਾਪ ਸਿੰਘ (ਧਰਮੀ ਫ਼ੌਜੀ), ਬੀਬੀ ਗੁਰਨਾਮ ਕੌਰ (ਸੁਪਤਨੀ ਸ਼ਹੀਦ ਮੇਜਰ ਸਿੰਘ), ਬੀਬੀ ਬਲਵਿੰਦਰ ਕੌਰ ਸੇਖੋਂ (ਸੁਪਤਨੀ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ), ਗੁਰਦੀਪ ਸਿੰਘ ਘਾਲਕਾਟ ਅਤੇ ਕਿਤਾਬ ਦੀ ਸੰਪਾਦਕ ਰਸ਼ਪਿੰਦਰ ਕੌਰ ਗਿੱਲ।

