ਦੁਕਾਨਦਾਰਾਂ ਦੀਆਂ ਲੰਬਿਤ ਸਮੱਸਿਆਵਾਂ ਦੇ ਸਮਾਂਬੱਧ ਤੇ ਸਥਾਈ ਹੱਲ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਪੱਤਰ
ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਗ੍ਰਾਮ ਪੰਚਾਇਤ ਦੀਆਂ ਦੁਕਾਨਾਂ ਦੇ ਲੰਬਿਤ ਮਸਲਿਆਂ ਲਈ ਸਾਂਝੀ ਮੀਟਿੰਗ ਦੀ ਕੀਤੀ ਮੰਗ : ਅਰਸ਼ ਸੱਚਰ
ਬਾਜ਼ਾਰ ਵਿੱਚ ਪਾਰਕਿੰਗ ਲਈ ਥਾਵਾਂ ਨਿਰਧਾਰਤ ਕਰਕੇ ਚਲਾਨਾਂ ਦੀ ਸਮੱਸਿਆ ਦਾ ਵਿਹਾਰਕ ਅਤੇ ਸਥਾਈ ਹੱਲ ਕੱਢਣ ਦੀ ਅਪੀਲ
ਸਾਦਿਕ/ਫਰੀਦਕੋਟ, 21 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਅਰਸ਼ ਸੱਚਰ ਨੇ “ਸੰਗਤ ਦਰਸ਼ਨ ਅਤੇ ਜਨ ਸੁਣਵਾਈ ਤੁਹਾਡੀ ਸਮੱਸਿਆ, ਸਾਡੀ ਆਵਾਜ਼” ਮੁਹਿੰਮ ਤਹਿਤ ਸਾਦਿਕ ਦੇ ਵਪਾਰ ਮੰਡਲ ਅਤੇ ਸਮੂਹ ਦੁਕਾਨਦਾਰਾਂ ਨਾਲ ਮੀਟਿੰਗ ਦੌਰਾਨ ਸਾਹਮਣੇ ਆਈਆਂ ਸਮੱਸਿਆਵਾਂ ਦੇ ਸਮਾਂਬੱਧ ਹੱਲ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਵਿਸਥਾਰਪੂਰਵਕ ਪ੍ਰਤੀਨਿਧਤਾ ਭੇਜੀ ਹੈ। ਅਰਸ਼ ਸੱਚਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਬਲਾਕ ਸੰਮਤੀ ਦੀਆਂ ਲਗਭਗ 46 ਦੁਕਾਨਾਂ, ਜ਼ਿਲ੍ਹਾ ਪਰਿਸ਼ਦ ਅਤੇ ਗ੍ਰਾਮ ਪੰਚਾਇਤ ਅਧੀਨ ਦੁਕਾਨਾਂ ਨਾਲ ਸਬੰਧਤ ਕਿਰਾਏ, ਬਕਾਇਆ ਰਕਮ, ਪੱਟੇ ਦੇ ਨਵੀਨੀਕਰਨ ਅਤੇ ਹੋਰ ਲੰਬਿਤ ਪ੍ਰਸ਼ਾਸਨਿਕ ਮਸਲੇ ਦੁਕਾਨਦਾਰਾਂ ਵੱਲੋਂ ਉਠਾਏ ਗਏ। ਉਨ੍ਹਾਂ ਮੰਗ ਕੀਤੀ ਕਿ ਹਰ ਦੁਕਾਨ ਦਾ ਵੱਖਰਾ ਰਿਕਾਰਡ ਤਿਆਰ ਕਰਕੇ ਮੌਜੂਦਾ ਸਥਿਤੀ ਸਪਸ਼ਟ ਕੀਤੀ ਜਾਵੇ ਅਤੇ ਸਰਕਾਰੀ ਨਿਯਮਾਂ ਅਨੁਸਾਰ ਮਸਲਿਆਂ ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਪੁਰਾਣੀ ਗ੍ਰਾਮ ਪੰਚਾਇਤ ਨੂੰ ਦੁਕਾਨਾਂ ਸਬੰਧੀ ਦਿੱਤੀਆਂ ਗਈਆਂ ਰਕਮਾਂ ਦਾ ਮਸਲਾ ਵੀ ਉਠਾਇਆ ਗਿਆ ਹੈ। ਇਸ ਸਬੰਧੀ ਪੰਚਾਇਤੀ ਰਿਕਾਰਡ, ਰਸੀਦਾਂ, ਮਤਾ ਪੁਸਤਕ, ਕਾਰਵਾਈ ਪੁਸਤਕ, ਨਕਦੀ ਬਹੀ ਅਤੇ ਹੋਰ ਸਬੰਧਤ ਰਿਕਾਰਡ ਦੀ ਜਾਂਚ ਕਰਵਾ ਕੇ ਇਹ ਸਪਸ਼ਟ ਕਰਨ ਦੀ ਮੰਗ ਕੀਤੀ ਗਈ ਹੈ ਕਿ ਕਿਸ ਦੁਕਾਨਦਾਰ ਤੋਂ ਕਿੰਨੀ ਰਕਮ, ਕਿਸ ਮਕਸਦ ਲਈ ਅਤੇ ਕਿਸ ਅਧਿਕਾਰ ਜਾਂ ਮਤੇ ਅਧੀਨ ਲਈ ਗਈ ਸੀ। ਜਿੱਥੇ ਨਿਯਮਾਂ ਅਨੁਸਾਰ ਕੋਈ ਜਾਇਜ਼ ਰਕਮ ਦਾ ਸਮਾਯੋਜਨ ਜਾਂ ਰਾਹਤ ਬਣਦੀ ਹੋਵੇ, ਉੱਥੇ ਦੁਕਾਨਦਾਰਾਂ ਨੂੰ ਬਣਦੀ ਰਾਹਤ ਦਿੱਤੀ ਜਾਵੇ। ਸਾਦਿਕ ਬਾਜ਼ਾਰ ਵਿੱਚ ਪਾਰਕਿੰਗ ਅਤੇ ਵਾਹਨਾਂ ਦੇ ਚਲਾਨਾਂ ਦੇ ਮਸਲੇ ਬਾਰੇ ਅਰਸ਼ ਸੱਚਰ ਨੇ ਕਿਹਾ ਕਿ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣਾ ਜ਼ਰੂਰੀ ਹੈ, ਪਰ ਨਾਲ ਹੀ ਦੁਕਾਨਦਾਰਾਂ, ਗਾਹਕਾਂ ਅਤੇ ਆਮ ਲੋਕਾਂ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ, ਟ੍ਰੈਫਿਕ ਪੁਲਿਸ, ਸਥਾਨਕ ਪ੍ਰਸ਼ਾਸਨ ਅਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਵੱਲੋਂ ਸਾਂਝੀ ਮੀਟਿੰਗ ਅਤੇ ਮੌਕੇ ਦਾ ਨਿਰੀਖਣ ਕੀਤਾ ਜਾਵੇ। ਬਾਜ਼ਾਰ ਵਿੱਚ ਉਪਲਬਧ ਥਾਂ ਅਨੁਸਾਰ ਵਾਹਨ ਖੜ੍ਹੇ ਕਰਨ ਲਈ ਸਪਸ਼ਟ ਹੱਦਬੰਦੀ ਕੀਤੀ ਜਾਵੇ, ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਲਈ ਯੋਗ ਵਿਵਸਥਾ ਬਣਾਈ ਜਾਵੇ ਅਤੇ ਜਿੱਥੇ ਵਾਹਨ ਖੜ੍ਹੇ ਕਰਨ ਦੀ ਮਨਾਹੀ ਹੋਵੇ, ਉਨ੍ਹਾਂ ਥਾਵਾਂ ਦੀ ਸਪਸ਼ਟ ਨਿਸ਼ਾਨਦੇਹੀ ਕੀਤੀ ਜਾਵੇ। ਨਿਰਧਾਰਤ ਹੱਦ ਅੰਦਰ ਵਾਹਨ ਖੜ੍ਹੇ ਕਰਨ ਵਾਲੇ ਲੋਕਾਂ ਨੂੰ ਬੇਲੋੜੀ ਪ੍ਰੇਸ਼ਾਨੀ ਨਾ ਹੋਵੇ, ਜਦਕਿ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਵਾਲੀ ਗਲਤ ਪਾਰਕਿੰਗ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਜਾਰੀ ਰਹੇ।
ਅਰਸ਼ ਸੱਚਰ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ੇਸ਼ ਬੇਨਤੀ ਕੀਤੀ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਾਂ ਉਪ ਮੰਡਲ ਮੈਜਿਸਟ੍ਰੇਟ ਦੀ ਅਗਵਾਈ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਜ਼ਿਲ੍ਹਾ ਪਰਿਸ਼ਦ, ਗ੍ਰਾਮ ਪੰਚਾਇਤ, ਪੁਲਿਸ/ਟ੍ਰੈਫਿਕ ਪੁਲਿਸ ਅਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਸਾਂਝੀ ਮੀਟਿੰਗ ਕਰਵਾਈ ਜਾਵੇ, ਤਾਂ ਜੋ ਦੁਕਾਨਦਾਰਾਂ ਨੂੰ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ ਅਤੇ ਇੱਕੋ ਮੰਚ ’ਤੇ ਮਸਲਿਆਂ ਦੇ ਹੱਲ ਲਈ ਸਪਸ਼ਟ ਕਾਰਜ-ਯੋਜਨਾ ਤਿਆਰ ਹੋ ਸਕੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 7 ਦਿਨਾਂ ਅੰਦਰ ਸਬੰਧਤ ਰਿਕਾਰਡ ਇਕੱਠਾ ਕਰਕੇ ਮਾਮਲੇ ਜ਼ਿੰਮੇਵਾਰ ਵਿਭਾਗਾਂ ਨੂੰ ਭੇਜੇ ਜਾਣ, 15 ਦਿਨਾਂ ਅੰਦਰ ਸਾਂਝੀ ਮੀਟਿੰਗ ਕਰਵਾਈ ਜਾਵੇ ਅਤੇ ਹਰੇਕ ਮਸਲੇ ਦੇ ਨਿਪਟਾਰੇ ਲਈ ਸਮਾਂਬੱਧ ਕਾਰਜ-ਯੋਜਨਾ ਤਿਆਰ ਕਰਕੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਸਾਂਝੀ ਕੀਤੀ ਜਾਵੇ। ਅਰਸ਼ ਸੱਚਰ ਨੇ ਕਿਹਾ, “ਸੰਗਤ ਦਰਸ਼ਨ ਅਤੇ ਜਨ ਸੁਣਵਾਈ ਦਾ ਮਕਸਦ ਸਿਰਫ਼ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਨਹੀਂ, ਸਗੋਂ ਉਨ੍ਹਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾ ਕੇ ਨਿਯਮਾਂ ਅਨੁਸਾਰ ਉਨ੍ਹਾਂ ਦਾ ਸਮਾਂਬੱਧ ਅਤੇ ਸਥਾਈ ਹੱਲ ਯਕੀਨੀ ਬਣਾਉਣਾ ਹੈ। ਸਾਦਿਕ ਦੇ ਵਪਾਰੀ ਵਰਗ ਦੀਆਂ ਜਾਇਜ਼ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।” ਇਸ ਪ੍ਰਤੀਨਿਧਤਾ ਦੀ ਨਕਲ ਮਾਨਯੋਗ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਸਰਕਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਰੀਦਕੋਟ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਫਰੀਦਕੋਟ, ਸੀਨੀਅਰ ਪੁਲਿਸ ਕਪਤਾਨ ਫਰੀਦਕੋਟ/ਸਬੰਧਤ ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਗ੍ਰਾਮ ਪੰਚਾਇਤ ਸਾਦਿਕ ਨੂੰ ਵੀ ਭੇਜੀ ਗਈ ਹੈ।

