ਕੋਟਕਪੂਰਾ, 25 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਵੱਲੋਂ ਸਾਦਿਕ ਪੰਚਾਇਤ ਦੀਆਂ ਦੁਕਾਨਾਂ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਵਿਸਥਾਰਪੂਰਵਕ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਦਿਕ ਵਿੱਚ ਪੰਚਾਇਤ ਦੁਕਾਨਾਂ ਦੇ ਕਿਰਾਏ ਵਿੱਚ ਹਰ ਸਾਲ ਲਗਭਗ 5 ਫੀਸਦੀ ਵਾਧਾ ਕੀਤਾ ਜਾ ਰਿਹਾ ਹੈ, ਜਦਕਿ ਸਥਾਨਕ ਛੋਟੇ ਵਪਾਰੀ ਪਹਿਲਾਂ ਹੀ ਨੋਟਬੰਦੀ ਅਤੇ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਹੋ ਚੁੱਕੇ ਹਨ। ਇੱਕ ਛੋਟਾ ਕਸਬਾ ਹੋਣ ਕਰਕੇ ਇੱਥੇ ਵਪਾਰ ਵਿੱਚ ਕਾਫ਼ੀ ਕਮੀ ਆਈ ਹੈ, ਜਿਸ ਕਾਰਨ ਵਪਾਰੀਆਂ ਲਈ ਵੱਧਦਾ ਕਿਰਾਇਆ ਇੱਕ ਵੱਡਾ ਬੋਝ ਬਣ ਗਿਆ ਹੈ। ਅਰਸ਼ ਸੱਚਰ ਨੇ ਇਹ ਵੀ ਗੰਭੀਰ ਚਿੰਤਾ ਜਤਾਈ ਕਿ ਹਾਲ ਹੀ ਵਿੱਚ ਨਵੀਂ ਪੰਚਾਇਤ ਦੁਕਾਨਾਂ ਦੀ ਬੋਲੀ ਰੱਦ ਹੋ ਗਈ, ਜਿਸ ਨਾਲ ਪਾਰਦਰਸ਼ਤਾ ਅਤੇ ਪ੍ਰਸ਼ਾਸਕੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਸਮੇਂ ’ਤੇ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਨਾ ਕੀਤੀ ਗਈ ਤਾਂ ਛੋਟੇ ਵਪਾਰੀਆਂ ਨੂੰ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸ ਨਾਲ ਬੇਰੁਜ਼ਗਾਰੀ ਅਤੇ ਆਰਥਿਕ ਸੰਕਟ ਵੱਧ ਸਕਦਾ ਹੈ। ਆਪਣੇ ਪੱਤਰ ਰਾਹੀਂ ਉਨ੍ਹਾਂ ਮੁੱਖ ਮੰਗਾਂ ਰੱਖੀਆਂ ਜਿਵੇਂ ਕਿ ਕਿਰਾਏ ਵਿੱਚ ਵਾਧੇ ‘ਤੇ ਤੁਰੰਤ ਰੋਕ ਲਾਉਣ, ਸਥਾਨਕ ਹਾਲਾਤਾਂ ਅਨੁਸਾਰ ਨਿਆਂਪੂਰਨ ਕਿਰਾਇਆ ਨੀਤੀ ਬਣਾਉਣ, ਬੋਲੀ ਰੱਦ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਉਣ, ਛੋਟੇ ਵਪਾਰੀਆਂ ਲਈ ਰਾਹਤ ਜਾਂ ਸਬਸਿਡੀ ਸਕੀਮ ਲਿਆਉਣ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰਤ ਮੀਟਿੰਗ ਕਰਕੇ ਹੱਲ ਕੱਢਿਆ ਜਾਵੇ। ਅਰਸ਼ ਸੱਚਰ ਨੇ ਉਮੀਦ ਜਤਾਈ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਕਾਰਵਾਈ ਕਰੇਗੀ, ਤਾਂ ਜੋ ਆਮ ਲੋਕਾਂ ਅਤੇ ਛੋਟੇ ਵਪਾਰੀਆਂ ਨੂੰ ਰਾਹਤ ਮਿਲ ਸਕੇ।

Leave a Reply