ਸਿੱਖਿਆ ਵਿਭਾਗ ਵੱਲੋਂ ਲੋਕਾਂ ਨੂੰ ਠੱਗੀ ਤੋਂ ਬਚਣ ਦੀ ਚਿਤਾਵਨੀ
ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ, ਸਿੱਖਿਆ ਭਵਨ (ਪੰਜਾਬ) ਦੇ ਦਫ਼ਤਰ ਵੱਲੋਂ ਅੱਜ ਇੱਕ ਐਡਵਾਇਜ਼ਰੀ ਜਾਰੀ ਕਰਕੇ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਵੋਕੇਸ਼ਨਲ ਟਰੇਨਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵਟਸਐਪ ’ਤੇ ਵਾਇਰਲ ਹੋ ਰਹੇ ਝੂਠੇ ਇਸ਼ਤਿਹਾਰਾਂ ਅਤੇ ਸੂਚੀਆਂ ਤੋਂ ਸੁਚੇਤ ਕੀਤਾ ਗਿਆ ਹੈ। ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ) ਨੂੰ ਭੇਜੇ ਪੱਤਰ ਵਿੱਚ ਵਿਭਾਗ ਨੇ ਕਿਹਾ ਹੈ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਵਿਭਾਗ ਜਾਂ ਨਿੱਜੀ ਕੰਪਨੀਆਂ ਦੇ ਨਾਂ ’ਤੇ ਜਾਰੀ ਕੀਤੇ ਗਏ ਕਥਿਤ ਇਸ਼ਤਿਹਾਰ ਅਤੇ ਸੂਚੀਆਂ ਵੱਡੇ ਪੱਧਰ ’ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਵੋਕੇਸ਼ਨਲ ਟਰੇਨਰਾਂ ਦੀਆਂ 1,000 ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਇਸ਼ਤਿਹਾਰ ਅਤੇ ਸੂਚੀਆਂ ਬਿਲਕੁਲ ਫਰਜ਼ੀ ਹਨ ਅਤੇ ਇਹ ਨਾ ਤਾਂ ਵਿਭਾਗ ਵੱਲੋਂ ਅਤੇ ਨਾ ਹੀ ਇਸ ਨਾਲ ਜੁੜੀ ਕਿਸੇ ਆਊਟਸੋਰਸ ਏਜੰਸੀ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਆਮ ਜਨਤਾ ਅਤੇ ਹੋਰ ਸਬੰਧਤ ਧਿਰਾਂ ਨੂੰ ਅਜਿਹੇ ਇਸ਼ਤਿਹਾਰਾਂ ਜਾਂ ਸੂਚੀਆਂ ’ਤੇ ਭਰੋਸਾ ਨਾ ਕਰਨ ਅਤੇ ਇਹਨਾਂ ਨੂੰ ਅੱਗੇ ਸਾਂਝਾ ਜਾਂ ਪ੍ਰਚਾਰਿਤ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ। ਐਡਵਾਇਜ਼ਰੀ ਵਿੱਚ ਲੋਕਾਂ ਨੂੰ ਅਜਿਹੇ ਕਿਸੇ ਵੀ ਵਿਅਕਤੀ ’ਤੇ ਵਿਸ਼ਵਾਸ ਨਾ ਕਰਨ ਲਈ ਵੀ ਤਾਕੀਦ ਕੀਤੀ ਗਈ ਹੈ, ਜੋ ਭਰਤੀ ਦਾ ਝਾਂਸਾ ਦੇ ਕੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਠੱਗਣ ਲਈ ਇਹਨਾਂ ਫਰਜ਼ੀ ਇਸ਼ਤਿਹਾਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਆਮ ਲੋਕਾਂ ਨੂੰ ਅਜਿਹੇ ਕਿਸੇ ਵੀ ਸ਼ੱਕੀ ਵਿਅਕਤੀ ਦੀ ਪੂਰੀ ਜਾਣਕਾਰੀ ਵਿਭਾਗ ਨਾਲ ਸਾਂਝੀ ਕਰਨ ਲਈ ਕਿਹਾ ਗਿਆ ਹੈ।
ਸੰਦਰਭ ਲਈ ਇਸ ਫਰਜ਼ੀ ਇਸ਼ਤਿਹਾਰ ਦੀ ਇੱਕ ਕਾਪੀ, ਸਕੂਲਾਂ ਦੀ ਇੱਕ ਫਰਜ਼ੀ ਸੂਚੀ ਸਮੇਤ (ਜਿਸ ਵਿੱਚ ਖਾਲੀ ਅਸਾਮੀਆਂ ਦਿਖਾਈਆਂ ਗਈਆਂ ਹਨ), ਇਸ ਪੱਤਰ ਨਾਲ ਨੱਥੀ ਕੀਤੀ ਗਈ ਹੈ। ਵਿਭਾਗ ਨੇ ਕਿਹਾ ਕਿ ਆਮ ਜਨਤਾ ਨੂੰ ਜਾਗਰੂਕ ਕਰਨ ਅਤੇ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਇਹ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ।