ਸਿਆਟਲ , ਅਮਰੀਕਾ: 27 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ. ਵੱਲੋਂ ਐਤਵਾਰ 16 ਅਗਸਤ 2026 ਨੂੰ “ਪਰਵਾਸ ਵਿੱਚ ਪੰਜਾਬੀ: ਦਸ਼ਾ, ਦਿਸ਼ਾ ਤੇ ਸੰਭਾਵਨਾਵਾਂ” ਵਿਸ਼ੇ ’ਤੇ ਇਕ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਵਾਈ ਗਈ। ਕਾਨਫਰੰਸ ਵਿੱਚ ਪੰਜਾਬੀ ਮੂਲ ਦੇ ਪਰਵਾਸੀ ਮਰਦਾਂ, ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਦਾ ਕੇਂਦਰੀ ਵਿਸ਼ਾ ਪਰਵਾਸ ਵਿੱਚ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ, ਇਸ ਦੀ ਦਿਸ਼ਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਰਿਹਾ। ਇਸ ਸਬੰਧੀ ਵਿਦਵਾਨਾਂ, ਲੇਖਕਾਂ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਵੱਲੋਂ ਗੰਭੀਰ ਅਤੇ ਵਿਚਾਰਉਤੇਜਕ ਚਰਚਾ ਕੀਤੀ ਗਈ।
ਕਾਨਫਰੰਸ ਦੀ ਸ਼ੁਰੂਆਤ ਜੋਤ ਜਗਾਉਣ, ‘ਗਗਨ ਮੈ ਥਾਲ’ ਗੁਰਬਾਣੀ ਸ਼ਬਦ ਗਾਇਨ ਅਤੇ ਰਿਬਨ ਕਟਾਈ ਦੀ ਰਸਮ ਨਾਲ ਹੋਈ। ਇਹ ਰਸਮ ਇੰਗਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮੁੱਖ ਮਹਿਮਾਨ ਅਤੇ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਵੱਲੋਂ ਨਿਭਾਈ ਗਈ। ਜੱਗੀ ਕੁੱਸਾ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਉਪਰੰਤ ਕਾਨਫਰੰਸ ਦੀ ਰਸਮੀ ਸ਼ੁਰੂਆਤ ਹੋਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ ਸੋਹਲ ਨੇ ਬਾਖੂਬੀ ਨਿਭਾਈ ਅਤੇ ਵਿਚ ਵਿਚਾਲ਼ੇ ਉਨ੍ਹਾਂ ਦਾ ਸਾਥ ਹਰਪਾਲ ਸਿੱਧੂ ਵੀ ਦਿੰਦੇ ਰਹੇ। ਸ਼ੁਰੂਆਤੀ ਸੈਸ਼ਨ ਵਿੱਚ ਸਭਾ ਦੇ ਪ੍ਰਧਾਨ ਕਰਨੈਲ ਸਿੰਘ ਕੈਲ ਨੇ ਕੁੰਜੀਵਤ ਭਾਸ਼ਣ ਦਿੱਤਾ।
ਕਾਨਫਰੰਸ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਪਰਚੇ ਪੇਸ਼ ਕਰਨ ਅਤੇ ਵਿਚਾਰ-ਚਰਚਾ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਪ੍ਰਸਿੱਧ ਰੇਡੀਓ ਅਤੇ ਟੀਵੀ ਹੋਸਟ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਬਲਜਿੰਦਰ ਕੌਰ ਬੀ ਮੀਡੀਆ, ਡਾ. ਜੱਸ ਮਲਕੀਤ, ਮੋਹਨ ਗਿੱਲ, ਸਿਮਰਨ ਸਿੰਘ ਸਾਡਾ ਟੀਵੀ ਸਮੇਤ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਖੇਤਰਾਂ ਨਾਲ ਸਬੰਧਤ ਕਈ ਵਿਦਵਾਨ ਅਤੇ ਲੇਖਕ ਸ਼ਾਮਲ ਸਨ। ਇਨ੍ਹਾਂ ਵਿੱਚ ਦਲਬੀਰ ਦਿਲ ਨਿੱਜਰ, ਰਮਿੰਦਰਜੀਤ ਸਿੰਘ ਧਾਮੀ, ਪ੍ਰੋ. ਸੁਰਿੰਦਰ ਜੈਪਾਲ, ਗੁਰਚੇਤਨ ਸਿੰਘ, ਹਰਕੀਰਤ ਕੌਰ ਚਹਿਲ, ਧਰਮਵੀਰ ਧਾਲੀਵਾਲ, ਪਰਮਿੰਦਰ ਕੌਰ ਸਵੈਚ, ਮਨਜੀਤ ਬੈਂਸ, ਮਹਿੰਦਰ ਪਾਲ ਸਿੰਘ ਪਾਲ, ਭੁਪਿੰਦਰ ਸਿੰਘ ਮੱਲ੍ਹੀ, ਦਲਬੀਰ ਕੌਰ ਬਿੰਦੂ ਮਠਾੜੂ, ਜਸਬੀਰ ਕੌਰ ਮਾਨ, ਰਵਿੰਦਰ ਸਿੰਘ ਪਾਂਸ਼ਟਾ, ਪ੍ਰਿਤਪਾਲ ਅਟਵਾਲ ਪੂਨੀ ਅਤੇ ਨਗਿੰਦਰ ਬੀ ਕੌਰ ਦੇ ਨਾਮ ਜ਼ਿਕਰਯੋਗ ਹਨ। ਫ਼ਿਲਮੀ ਜਗਤ ਨਾਲ ਸਬੰਧਤ ਅਮਨ ਧਾਲੀਵਾਲ ਅਤੇ ਬੀ. ਕੇ. ਰੱਖੜਾ ਨੇ ਵੀ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ।
ਕਾਨਫਰੰਸ ਦੌਰਾਨ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਬਾਰੇ ਵੱਖ-ਵੱਖ ਵਿਚਾਰ ਸਾਹਮਣੇ ਆਏ। ਇੱਕ ਪੱਖ ਵੱਲੋਂ ਪੰਜਾਬੀ ਭਾਸ਼ਾ ਸਾਹਮਣੇ ਖੜ੍ਹੀਆਂ ਚੁਣੌਤੀਆਂ ਅਤੇ ਇਸ ਦੇ ਭਵਿੱਖ ਸਬੰਧੀ ਚਿੰਤਾਵਾਂ ਪ੍ਰਗਟਾਈਆਂ ਗਈਆਂ, ਜਦਕਿ ਦੂਜੇ ਪੱਖ ਵੱਲੋਂ ਪੰਜਾਬੀ ਦੀ ਤਰੱਕੀ, ਇਸ ਦੇ ਵਧ ਰਹੇ ਪਸਾਰ ਅਤੇ ਤਕਨਾਲੋਜੀ ਦੇ ਯੁੱਗ ਨਾਲ ਇਸ ਦੇ ਸਾਂਝੇਦਾਰ ਬਣਨ ਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ ਗਈਆਂ। ਇਤਿਹਾਸਕ ਪੱਖ ਤੋਂ ਵੀ ਇਹ ਗੱਲ ਸਾਹਮਣੇ ਆਈ ਕਿ ਪੰਜਾਬੀ ਭਾਸ਼ਾ ਨੇ ਲੰਮਾ ਸਫ਼ਰ ਤੈਅ ਕਰਦਿਆਂ ਕਈ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ।
ਚਰਚਾ ਦੌਰਾਨ ਇੱਕ ਅਹਿਮ ਸਵਾਲ ਵਾਰ-ਵਾਰ ਉੱਭਰਿਆ ਕਿ ਪੰਜਾਬੀ ਭਾਵੇਂ ਤਰੱਕੀ ਦੇ ਰਾਹ ’ਤੇ ਹੈ, ਪਰ ਇਸ ਨੂੰ ਪੰਜਾਬੀਆਂ, ਖ਼ਾਸ ਕਰਕੇ ਨੌਜਵਾਨਾਂ ਅਤੇ ਬੱਚਿਆਂ ਲਈ ਮਾਣ, ਪਛਾਣ ਅਤੇ ਭਵਿੱਖ ਦੀ ਭਾਸ਼ਾ ਕਿਵੇਂ ਬਣਾਇਆ ਜਾਵੇ। ਬੁਲਾਰਿਆਂ ਨੇ ਇਸ ਮਸਲੇ ਨੂੰ ਪਰਵਾਸੀ ਪੰਜਾਬੀ ਭਾਈਚਾਰੇ ਲਈ ਵਿਸ਼ੇਸ਼ ਮਹੱਤਵ ਵਾਲਾ ਦੱਸਿਆ।
ਕਾਨਫਰੰਸ ਦੇ ਵਿਸ਼ੇਸ਼ ਮਹਿਮਾਨ ਪੰਜਾਬ ਤੋਂ ਆਏ ਜਗਰੂਪ ਸਿੰਘ ਜਰਖੜ ਨੇ ਕਿਹਾ ਕਿ ਪੰਜਾਬੀ ਸਾਡੇ ਗੁਰੂਆਂ ਦੀ ਭਾਸ਼ਾ ਹੈ ਅਤੇ ਇਸ ਨੇ ਇਤਿਹਾਸ ਵਿੱਚ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖੇ ਹਨ। ਉਨ੍ਹਾਂ ਕਿਹਾ ਕਿ ਸੈਂਕੜਿਆਂ ਲੋਕਾਂ ਤੋਂ ਸ਼ੁਰੂ ਹੋਈ ਇਹ ਭਾਸ਼ਾ ਅੱਜ ਕਰੋੜਾਂ ਲੋਕਾਂ ਦੀ ਭਾਸ਼ਾ ਬਣ ਚੁੱਕੀ ਹੈ ਅਤੇ ਇਹ ਭਵਿੱਖ ਵਿੱਚ ਹੋਰ ਤਰੱਕੀ ਕਰੇਗੀ। ਉਨ੍ਹਾਂ ਦਾ ਮੰਨਣਾ ਸੀ ਕਿ ਪੰਜਾਬੀ ਭਾਸ਼ਾ ਦੇ ਖ਼ਤਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਪ੍ਰਧਾਨਗੀ ਭਾਸ਼ਣ ਦੌਰਾਨ ਸ਼ਿਵਚਰਨ ਜੱਗੀ ਕੁੱਸਾ ਨੇ ਕਿਹਾ ਕਿ ਕਾਨਫਰੰਸ ਵਿੱਚ ਹੋਈ ਗੰਭੀਰ ਚਰਚਾ ਇਸ ਗੱਲ ਦਾ ਪ੍ਰਮਾਣ ਹੈ ਕਿ ਆਪਣੇ ਪੰਜਾਬੀ ਲੋਕਾਂ ਨੂੰ ਆਪਣੀ ਭਾਸ਼ਾ ਨਾਲ ਡੂੰਘਾ ਪਿਆਰ ਵੀ ਹੈ ਅਤੇ ਇਸ ਦੇ ਭਵਿੱਖ ਪ੍ਰਤੀ ਚਿੰਤਾ ਵੀ। ਉਨ੍ਹਾਂ ਕਿਹਾ ਕਿ ਪੰਜਾਬੀ ਸਮਾਜ ਸਿਰਫ਼ ਚਿੰਤਤ ਹੀ ਨਹੀਂ, ਸਗੋਂ ਆਪਣੀ ਭਾਸ਼ਾ ਬਾਰੇ ਚਿੰਤਨ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਉਨ੍ਹਾਂ ਪੰਜਾਬੀ ਭਾਸ਼ਾ ਦੇ ਨਾਮ ’ਤੇ ਅਹੁਦੇ ਸੰਭਾਲਣ ਵਾਲਿਆਂ ਵੱਲੋਂ ਭਾਸ਼ਾ ਪ੍ਰਤੀ ਲੋੜੀਂਦੀ ਸੁਹਿਰਦਤਾ ਨਾ ਦਿਖਾਉਣ ’ਤੇ ਵੀ ਸਖ਼ਤ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਮੁੱਦੇ ਉਠਾਉਣ ਅਤੇ ਚਰਚਾ ਕਰਨ ਵਿੱਚ ਤਾਂ ਅੱਗੇ ਹਾਂ, ਪਰ ਉਨ੍ਹਾਂ ਦੇ ਠੋਸ ਹੱਲ ਲਈ ਲਗਾਤਾਰ ਯਤਨ ਕਰਨ ਦੀ ਲੋੜ ਹੈ।
ਕਾਨਫਰੰਸ ਦੇ ਸਮਾਪਤੀ ਸਮਾਰੋਹ ਦੌਰਾਨ ਮਨਜੀਤ ਸਿੰਘ ਚਹਿਲ ਵੱਲੋਂ ਲਿਖੇ ਅਤੇ ਹਸਨਵੀਰ ਚਹਿਲ ਵੱਲੋਂ ਗਾਏ ਗੀਤ ‘ਅਮਰੀਕਾ ਤੇਰੀ ਜੈ ਹੋਵੇ’ ਦਾ ਸੰਗੀਤਕ ਅੰਦਾਜ਼ ਵਿੱਚ ਰਿਲੀਜ਼ ਸਮਾਰੋਹ ਕੀਤਾ ਗਿਆ। ਇਸ ਤੋਂ ਇਲਾਵਾ ਰਾਜ ਕੌਰ ਦੀ ਪੁਸਤਕ ‘ਰੌਸ਼ਨ ਪ੍ਰਛਾਵੇਂ’, ਦਲਬੀਰ ਕੌਰ ਬਿੰਦੂ ਦੀ ‘ਮਨਾਉਂਦਾ ਰੇ’, ਸੋਹਣ ਸਿੰਘ ਪੂਨੀ ਦੀ ‘ਅਮਰੀਕਾ ਦੇ ਗਦਰੀ ਯੋਧੇ’ ਅਤੇ ‘ਗੁਜਰਾਂਵਾਲਾ ਕਾਲਜ ਦਾ ਇਤਿਹਾਸ’ ਸਮੇਤ ਕਈ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।
ਕਾਨਫਰੰਸ ਦੀ ਸਫਲਤਾ ਦਾ ਸਿਹਰਾ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਮਿਹਨਤੀ ਟੀਮ ਨੂੰ ਜਾਂਦਾ ਹੈ। ਇਸ ਵਿੱਚ ਸਭਾ ਦੇ ਪ੍ਰਧਾਨ ਕਰਨੈਲ ਸਿੰਘ ਕੈਲ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਡਾ. ਸੁਖਵੀਰ ਬੀਹਲਾ, ਮਲਕੀਤ ਸਿੰਘ ਗਿੱਲ, ਰਣਜੀਤ ਸਿੰਘ ਮੱਲ੍ਹੀ, ਹਰਿੰਦਰਪਾਲ ਸਿੰਘ ਬੈਂਸ, ਹਰਪਾਲ ਸਿੱਧੂ, ਹਰਦਿਆਲ ਸਿੰਘ ਚੀਮਾ, ਅਮਰਜੀਤ ਸਿੰਘ ਤਰਸਿੱਕਾ, ਅਵਤਾਰ ਸਿੰਘ ਆਦਮਪੁਰੀ, ਮਨਜੀਤ ਕੌਰ ਗਿੱਲ ਅਤੇ ਸਰਬਜੀਤ ਸਿੰਘ ਨੂਰ ਦੇ ਨਾਮ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ।
ਸਭਾ ਦੀਆਂ ਨਾਮਵਰ ਸ਼ਖ਼ਸੀਅਤਾਂ ਬਲਬੀਰ ਸਿੰਘ ਲਹਿਰਾ, ਜਗੀਰ ਸਿੰਘ, ਜਸਵੀਰ ਸਿੰਘ ਸਹੋਤਾ, ਸ਼ਿੰਦਰਪਾਲ ਔਜਲਾ, ਸਤਨਾਮ ਸਿੰਘ ਚੀਨੂੰ, ਰਾਜਿੰਦਰ ਕੌਰ, ਯਸ਼ ਸਾਥੀ, ਸੁਰਿੰਦਰ ਕੌਰ ਅਤੇ ਜਸਵੰਤ ਸਿੰਘ ਧਾਲੀਵਾਲ ਨੇ ਵੀ ਕਾਨਫਰੰਸ ਵਿੱਚ ਹਾਜ਼ਰੀ ਭਰ ਕੇ ਪ੍ਰਬੰਧਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰਸਿੱਧ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਸਭਾ ਦੀ ਮਿਹਨਤੀ ਟੀਮ ਨੂੰ ਕਾਨਫਰੰਸ ਦੀ ਸਫਲਤਾ ਲਈ ਤਹਿ ਦਿਲੋਂ ਵਧਾਈ ਦਿੱਤੀ।
ਪੰਜਾਬੀ ਲਿਖਾਰੀ ਸਭਾ ਦੇ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਦਯਾਬੀਰ ਸਿੰਘ (ਪਿੰਟੂ ਬਾਠ), ਜਗਵਿੰਦਰ ਸਿੰਘ ਬਰਾੜ, ਯਸ਼ ਸਾਥੀ, ਕਮਲਦੀਪ ਸਿੰਘ ਬਾਸੀ, ਡਾ. ਹਰਚੰਦ ਸਿੰਘ, ਬਲਬੀਰ ਸਿੰਘ ਲਹਿਰਾ, ਸ਼ਿੰਦਰਪਾਲ ਔਜਲਾ, ਜਸਵੀਰ ਸਹੋਤਾ, ਭੁਪਿੰਦਰ ਸਿੰਘ ਢੱਡਾ, ਹਰਦੀਪ ਸਿੰਘ ਗਿੱਲ ਅਤੇ ਡਾ. ਸੁਖਵਿੰਦਰ ਬੁੱਟਰ ਵੱਲੋਂ ਆਰਥਿਕ ਸਹਾਇਤਾ ਦਿੱਤੀ ਗਈ। ਇਸ ਸਹਿਯੋਗ ਨੇ ਸਭਾ ਦੇ ਮੈਂਬਰਾਂ ਨੂੰ ਭਵਿੱਖ ਵਿੱਚ ਹੋਰ ਉਤਸ਼ਾਹ ਅਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਲਾਕੇ ਦੀਆਂ ਪਤਵੰਤੀ ਸ਼ਖ਼ਸੀਅਤਾਂ ਦੀ ਹਾਜ਼ਰੀ ਜਿਨ੍ਹਾਂ ਵਿਚ ਸਭਾ ਦੇ ਸਹਿਯੋਗੀ ਅਮਰੀਕ ਸਿੰਘ ਰੰਧਾਵਾ, ਸਨਮੋਹਣ ਸਿੰਘ ਸੋਢੀ, ਬਲਜੀਤ ਸਿੰਘ ਸੈਂਹਬੀ, ਕੈਂਟ ਸਿਟੀ ਕੌਂਸਲ ਦੀ ਪ੍ਰੈਜ਼ੀਡੈਂਟ ਸਤਵਿੰਦਰ ਕੌਰ, ਕੈਂਟ ਸਿਟੀ ਕੌਂਸਲ ਦੀ ਮੈਂਬਰ ਸ਼ਰਨ ਸੋ਼ਕਰ ਅਤੇ ਇੱਥੋਂ ਦੀਆਂ ਹੋਰ ਨਾਮਵਰ ਸ਼ਖ਼ਸੀਅਤਾਂ ਦੀ ਵੱਡੀ ਗਿਣਤੀ ਨੇ ਵੀ ਇਹ ਸੰਦੇਸ਼ ਦਿੱਤਾ ਕਿ ਭਾਈਚਾਰਾ ਉਸਾਰੂ ਅਤੇ ਸੱਭਿਆਚਾਰਕ ਕਾਰਜਾਂ ਦੇ ਨਾਲ ਖੜ੍ਹਾ ਹੈ।
ਕਾਨਫਰੰਸ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਇਹ ਰਹੀ ਕਿ ਇਸ ਨੇ ਸਿਆਟਲ ਖੇਤਰ ਵਿੱਚ ਜੰਮੇ-ਪਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਨ ਦਾ ਸਫਲ ਉਪਰਾਲਾ ਕੀਤਾ। ਕਾਨਫਰੰਸ ਵਿੱਚ ਬੋਲਦਿਆਂ ਨੌਜਵਾਨ ਗੁਰਮਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਅਤੇ ਨੌਜਵਾਨਾਂ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜ ਕੇ ਭਾਸ਼ਾ ਦਾ ਮਜ਼ਬੂਤ ਭਵਿੱਖ ਤਿਆਰ ਕੀਤਾ ਜਾ ਸਕਦਾ ਹੈ।
ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਚੱਲ ਰਹੇ ਗੁਰਮਤਿ ਖਾਲਸਾ ਸਕੂਲ ਦੇ ਪ੍ਰਿੰਸੀਪਲ ਸਰਦਾਰ ਈਸ਼ਰ ਸਿੰਘ ਗਰਚਾ ਦੀ ਅਗਵਾਈ ਵਿੱਚ ਇਸ ਸਕੂਲ ਨਾਲ ਜੁੜੀਆਂ ਬੱਚੀਆਂ ਰਮਨੀਤ ਕੌਰ ਅਤੇ ਜੰਨਤ ਕੌਰ ਨੇ ਵੀ ਮੰਚ ਤੋਂ ਆਪਣੀ ਪੇਸ਼ਕਾਰੀ ਦਿੱਤੀ। ਬੱਚਿਆਂ ਦੀ ਇਸ ਸ਼ਮੂਲੀਅਤ ਨੇ ਕਾਨਫਰੰਸ ਨੂੰ ਹੋਰ ਵੀ ਅਰਥਪੂਰਨ ਬਣਾਇਆ ਅਤੇ ਇਹ ਉਮੀਦ ਜਗਾਈ ਕਿ ਪਰਵਾਸ ਵਿੱਚ ਪੰਜਾਬੀ ਦੀ ਅਗਲੀ ਪੀੜ੍ਹੀ ਨਾਲ ਸਾਂਝ ਹੋਰ ਮਜ਼ਬੂਤ ਹੋ ਸਕਦੀ ਹੈ।
ਅੰਤ ਵਿੱਚ ਸਭਾ ਦੇ ਸਰਪ੍ਰਸਤ ਕਮਾਂਡਰ ਹਰਦਿਆਲ ਸਿੰਘ ਚੀਮਾ, ਅਵਤਾਰ ਸਿੰਘ ਆਦਮਪੁਰੀ ਅਤੇ ਮਨਜੀਤ ਕੌਰ ਗਿੱਲ ਨੇ ਕਾਨਫਰੰਸ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਬੁਲਾਰਿਆਂ, ਸਹਿਯੋਗੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ-ਚਿੰਨ੍ਹ ਭੇਂਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪਰਵਾਸ ਵਿੱਚ ਮਜ਼ਬੂਤ ਕਰਨ ਲਈ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਸਮੁੱਚੇ ਤੌਰ ’ਤੇ, ਇਹ ਕਾਨਫਰੰਸ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ’ਤੇ ਚਰਚਾ ਕਰਨ ਦੇ ਨਾਲ-ਨਾਲ ਇਸ ਦੇ ਭਵਿੱਖ ਲਈ ਆਸ, ਸੰਭਾਵਨਾ ਅਤੇ ਸਾਂਝੇ ਯਤਨਾਂ ਦਾ ਸੁਨੇਹਾ ਦੇਣ ਵਿੱਚ ਸਫਲ ਰਹੀ। ਖ਼ਾਸ ਕਰਕੇ ਨਵੀਂ ਪੀੜ੍ਹੀ ਦੀ ਸ਼ਮੂਲੀਅਤ ਨੇ ਇਹ ਸੰਦੇਸ਼ ਹੋਰ ਮਜ਼ਬੂਤ ਕੀਤਾ ਕਿ ਪਰਵਾਸ ਵਿੱਚ ਪੰਜਾਬੀ ਦਾ ਭਵਿੱਖ ਸਿਰਫ਼ ਚਿੰਤਾ ਦਾ ਨਹੀਂ, ਸਗੋਂ ਸਾਂਝੀ ਕੋਸ਼ਿਸ਼ ਨਾਲ ਸੰਭਾਲਣ ਅਤੇ ਸੰਵਾਰਨ ਦਾ ਵਿਸ਼ਾ ਹੈ।

