ਤਪਦੇ ਕੱਕੇ ਰੇਤਿਆਂ ਦੇ ਸਫ਼ਰ ਦੀਆਂ ਪੈੜਾਂ ਮਿਟ ਸਕਦੀਆਂ ਹਨ, ਪੀੜਾਂ ਨਹੀਂ—-ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾਃ 24 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਦੇ ਸੇਵਾ ਮੁਕਤ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਭੂਮੀ ਵਿਗਿਆਨੀ ਡਾ. ਮੁਕੰਦ ਸਿੰਘ ਬਰਾੜ ਦੀ ਸਵੈ ਜੀਵਨੀ “ਰੇਤਲੇ ਰਾਹਾਂ ਤੋਂ” ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲੋਕ ਅਰਪਨ ਕਰਦਿਆਂ ਕਿਹਾ ਹੈ ਕਿ ਤਪਦੇ ਕੱਕੇ ਰੇਤਿਆਂ ਉੱਪਰ ਤੁਰਦੇ ਮਾਸੂਮ ਪੈਰਾਂ ਦੀਆਂ ਪੈੜਾਂ ਤਾਂ ਮਿਟ ਸਕਦੀਆਂ ਹਨ, ਪੀੜਾਂ ਨਹੀਂ।
“ਰੇਤਲੇ ਰਾਹਾਂ ਤੋਂ” ਪੁਸਤਕ ਬਾਰੇ ਉਨ੍ਹਾਂ ਕਿਹਾ ਕਿ ਕੱਕੇ ਰੇਤਿਆਂ ਵਿੱਚ ਵੀ ਸੂਹਾ ਗੁਲਾਬ ਖਿੜ ਕੇ ਮਹਿਕ ਸਕਦਾ ਹੈਇਸ ਦੀ ਮਿਸਾਲ ਡਾ. ਮੁਕੰਦ ਸਿੰਘ ਬਰਾੜ ਦੀ ਇਹ ਸਵੈ-ਜੀਵਨੀ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਇਰ ਸਿੰਘ ਵਾਲਾ ਦੇ ਚਾਰ ਜਮਾਤਾਂ ਪਾਸ ਬਾਬਲ ਦਾ ਮਲੂਕੜਾ ਜੇਹਾ ਪੁੱਤਰ ਮੁਕੰਦ ਸਿੰਘ ਆਪਣੇ ਪਿੰਡ ਦੋ ਬੋਹੜ ਥੱਲੇ ਲੱਗਦੇ ਸਕੂਲ ਵਿੱਚੋਂ ਚਾਰ ਜਮਾਤਾਂ ਪਾਸ ਕਰਕੇ ਪਹਿਲਾਂ ਆਕਲੀਆ ਤੇ ਮਗਰੋਂ ਪੱਤੋ ਹੀਰਾ ਸਿੰਘ ਸੀਨੀਅਰ ਸੈਕੰਡਰੀ ਸਕੂਲੇ ਪਹੁੰਚ ਗਿਆ। ਇੱਥੇ ਪੜ੍ਹਦਿਆਂ ਉਸ ਨੂੰ ਆਪਣੇ ਮਾਸੜ ਜੀ ਡਾ. ਅਮਰ ਸਿੰਘ ਧਾਲੀਵਾਲ ਦੀ ਪ੍ਰੇਰਨਾ ਤੇ ਮਾਮਾ ਜੀ ਦੇ ਪੁੱਤਰ ਸ. ਜਰਨੈਲ ਸਿੰਘ ਧਾਲੀਵਾਲ ਦੀ ਸੁਯੋਗ ਅਗਵਾਈ ਸਦਕਾ ਉਸ ਨੌਵੀਂ ਜਮਾਤ ਚੜ੍ਹਦਿਆਂ ਖੇਤੀਬਾੜੀ ਸਟਰੀਮ ਵਿੱਚ ਦਾਖ਼ਲਾ ਲੈ ਲਿਆ ਤਾਂ ਜੋ ਉਹ ਉਚੇਰੀ ਪੜ੍ਹਾਈ ਲਈ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਪਹੁੰਚ ਸਕੇ।
ਆਪਣੇ ਦਾਦਾ ਜੀ ਦੀ ਸਿੱਖਿਆ ਲਈ ਤਾਂਘ ਤੇ ਨਿਰੰਤਰ ਪ੍ਰੇਰਨਾ ਹੀ ਕਦਮ ਕਦਮ ਤੇ ਉਸ ਦੇ ਅੰਗ ਸੰਗ ਰਹੀ। ਇਸੇ ਯੂਨੀਵਰਸਿਟੀ ਵਿੱਚ ਉਸ ਉਮਰ ਭਰ ਪੜ੍ਹਾਇਆ ਤੇ ਇੱਥੋਂ ਹੀ ਉਨ੍ਹਾਂ ਵਿਸ਼ਵਵ ਪ੍ਰਸਿੱਧ ਭੂਮੀ ਵਿਗਿਆਨੀ ਬਣਨ ਦਾ ਮਾਣ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਮੁਕੰਦ ਸਿੰਘ ਬਰਾੜ ਜੀ ਦੀ ਇਹ ਸਵੈਜੀਵਨੀ ਅਜਿਹੀ ਰਚਨਾ ਹੈ ਜਿਸ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ, ਕਿਵੇਂ ਊਠ ਤੋਂ ਡਿੱਗਿਆ, ਰੇਤਲੇ ਟਿੱਬਿਆਂ ਦੀ ਸੁਗੰਧ ਮਾਨਣ ਵਾਲ਼ਾ ਇਹ ਬਾਲ ਸਕੂਲ ਜਾਣ ਦੀ ਥਾਂ ਸਾਥੀਆਂ ਨਾਲ਼ ਕਪਾਹ ਦੇ ਖੇਤ ਵਿੱਚ ਛੁਪ ਕੇ ਬੈਠਾ ਵਕਤ ਬਿਤਾਉਂਦਾ ਰਿਹਾ। ਕਪਾਹ ਚੁਗਾਵੀਆਂ ਦੇ ਬੋਲਾਂ ਨਾਲ ਝੰਜੋੜਿਆ ਜਾਣ ਵਾਲ਼ਾ ਇਹ ਵਿਦਿਆਰਥੀ , ਸਹੂਲਤਾਂ ਹੀਣੇ ਸਕੂਲਾਂ ਵਿੱਚ ਆਪਣੀ ਲਗਨ ਅਤੇ ਮਿਹਨਤ ਨਾਲ ਪੜ੍ਹਦਿਆਂ ਨਵੀਆਂ ਮੰਜ਼ਿਲਾਂ ਸਰ ਕਰਦਾ ਹੈ।
ਇਹ ਸਵੈਜੀਵਨੀ ਉਸ ਨੇ ਬੜੇ ਸਰਲ,ਸਪਸ਼ਟ ਤੇ ਬੇਬਾਕ ਅੰਦਾਜ਼ ਵਿੱਚ ਬਿਆਨ ਕੀਤੀ ਹੈ।
ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਹ ਪਾਰਦਰਸ਼ੀ ਲਿਖਤ ਸਿਰਫ਼ ਜੀਵਨ ਕਥਾ ਹੀ ਨਹੀਂ ਸਗੋਂ ਪੇਂਡੂ ਪੰਜਾਬ ਦੇ ਧੀਆਂ ਪੁੱਤਰਾਂ ਲਈ ਪ੍ਰੇਰਨਾ ਦੇਣ ਵਾਲ਼ੀ ਰਚਨਾ ਹੈ। ਏਸੇ ਕਰਕੇ ਇਹ ਸਿਰਫ਼ ਉਨ੍ਹਾਂ ਦੀ ਜੀਵਨ ਕਥਾ ਹੀ ਨਹੀਂ ਸਗੋਂ ਇੱਕ ਵਿਗਿਆਨੀ ਦਾ ਰੌਚਿਕਤਾ ਭਰਪੂਰ ਲਿਖਿਆ ਜੀਵਨ-ਸਫ਼ਰਨਾਮਾ ਵੀ ਹੈ।
ਸੱਭਿਆਚਾਰਕ ਸੱਥ ਦੇ ਚੇਅਰਮੈਨ ਸ. ਜਸਮੇਰ ਸਿੰਘ ਢੱਟ ਨੇ ਕਿਹਾ ਕਿ ਲੰਮਾ ਸਮਾਂ ਅਸੀਂ ਗੁਆਂਢੀ ਰਹੇ ਹੋਣ ਕਾਰਨ ਮੈਂ ਕਹਿ ਸਕਦਾ ਹਾਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪ੍ਰਤਿਨਿਧਤਾ ਕਰਦਿਆਂ ਉਨ੍ਹਾਂ ਜੋ ਕੁਝ ਜਾਣਿਆ, ਦੇਖਿਆ, ਮਾਣਿਆ, ਸਮਝਿਆ ਉਸ ਦਾ ਹੀ ਜੋੜਫ਼ਲ ਇਹ ਸਵੈਜੀਵਨੀ ਹੈ।
ਨਗਰ ਨਿਗਮ ਲੁਧਿਆਣਾ ਦੇ ਜਾਇੰਟ ਕਮਿਸ਼ਨਰ ਸ. ਜਸਦੇਵ ਸਿੰਘ ਸੇਖੋਂ ਨੇ ਕਿਹਾ ਕਿ ਡਾ. ਬਰਾੜ ਦੀ
ਇਸ ਪੁਸਤਕ ਵਿੱਚੋਂ ਲੰਘਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਇਹ ਪੁਸਤਕ ਜਿੱਥੇ ਭੂਮੀ ਵਿਗਿਆਨ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਵਾਲ਼ੇ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ ਉੱਥੇ ਹਰ ਪੰਜਾਬੀ ਪਾਠਕ ਨੂੰ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਨਾ ਦੇਣ ਵਾਲੀ ਹੈ।
ਨਗਰ ਨਿਗਮ ਪਾਰਸ਼ਦ ਤਨਵੀਰ ਸਿੰਘ ਧਾਲੀਵਾਲ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਡਾ. ਮੁਕੰਦ ਸਿੰਘ ਬਰਾੜ ਸਾਡੇ ਫੁੱਫੜ ਜੀ ਹੋਣ ਕਾਰਨ ਸਾਡੇ ਮਾਰਗ ਦਰਸ਼ਕ ਹਨ ਅਤੇ ਉਨ੍ਹਾਂ ਦੀ ਇਹ
ਮੁੱਲਵਾਨ ਲਿਖਤ ਵੀ ਸਾਡੇ ਰਾਹ ਰੁਸ਼ਨਾਵੇਗੀ। ਉਹ ਭਾਵੇਂ ਲੰਮੇ ਸਮੇਂ ਤੋਂ ਐਡਮੰਟਨ(ਕੈਨੇਡਾ) ਵੱਸਦੇ ਹਨ ਪਰ ਸੰਕਟ ਦੀ ਹਰ ਘੜੀ ਅਸੀਂ ਉਨ੍ਹਾਂ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਾਂ।
ਧੰਨਵਾਦ ਦੇ ਸ਼ਬਦ ਬੋਲਦਿਆਂ ਡਾ. ਮੁਕੰਦ ਸਿੰਘ ਬਰਾੜ ਨੇ ਕਿਹਾ ਕਿ ਪ੍ਰੋ. ਗੁਰਭਜਨ ਗਿੱਲ ਅਤੇ ਮੈਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਲਗਪਗ 25 ਸਾਲ ਇਕੱਠਿਆਂ ਪੜ੍ਹਾਇਆ ਹੈ ਅਤੇ ਇਸੇ ਸੰਗਤ ਕਾਰਨ ਮੈਂ ਆਪਣੀ ਸਵੈ-ਜੀਵਨੀ ਲਿਖਣ ਦਾ ਸੁਪਨਾ ਪੂਰਾ ਕਰ ਸਕਿਆ ਹਾਂ। ਉਨ੍ਹਾਂ ਗੈਰ ਰਸਮੀ ਸਮਾਗਮ ਵਿੱਚ ਪੁੱਜੇ ਦੋਸਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ
ਗਰੇਸ਼ੀਅਸ ਬੁੱਕਸ ਪਟਿਆਲਾ ਵੱਲੋਂ ਇਸ ਕਿਤਾਬ ਦਾ ਸੁੰਦਰ ਪ੍ਰਕਾਸ਼ਨ ਕੀਤਾ ਗਿਆ ਹੈ ਇਸ ਲਈ ਮੈਂ ਉਨ੍ਹਾਂ ਦਾ ਵੀ ਧੰਨਵਾਦੀ ਹਾਂ।

Leave a Reply