ਸਿੱਖ ਧਰਮ ’ਚ ਭਗਤੀ-ਸ਼ਕਤੀ, ਬਾਣੀ-ਬਾਣਾ, ਦੇਗ-ਤੇਗ, ਸੰਤ-ਸਿਪਾਹੀ ਅਤੇ ਸ਼ਸਤਰ ਤੇ ਸ਼ਾਸਤਰ ਦਾ ਵਿਧਾਨ ਗੁਰੂ ਪਾਤਸ਼ਾਹ ਨੇ ਬਖ਼ਸ਼ਿਆ ਹੈ। ਸ਼ਸਤਰ ਸਾਡੇ ਪੀਰ ਹਨ :- “ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥” ਸਿੱਖ ਦੇ ਸ਼ਸਤਰ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਹਨ। ਰਹਿਤਨਾਮਿਆਂ ’ਚ ਬਚਨ ਹਨ :- “ਸ਼ਸਤਰ ਵਿੱਦਿਆ ਸਿੱਖੀ ਨਾ ਹੀ, ਨਾ ਤੁਰੰਗ ਦੀ ਅਸਵਾਰੀ। ਸਿੱਖੀ ਦਾ ਨਾ ਰਹਿਤ ਕਮਾਈ, ਤਨਖਾਹੀ ਹੈ ਭਾਰੀ।”
ਸਾਡੀ ਕੌਮ ਦਾ ਜਨਮ ਹੀ ਖੰਡੇ ਦੀ ਧਾਰ ‘ਚੋਂ ਹੋਇਆ ਹੈ। ਛੇਵੇਂ ਪਾਤਸ਼ਾਹ ਜੀ ਇੱਕ ਦੀ ਥਾਂ ਦੋ ਕਿਰਪਾਨਾਂ ਪਹਿਨਦੇ ਸਨ, ਸੱਤਵੇਂ ਪਾਤਸ਼ਾਹ ਜੀ ਵੀ 2200 ਘੋੜ ਸਵਾਰ ਹਥਿਆਰਬੰਦ ਫ਼ੌਜਾਂ ਰੱਖਦੇ ਸਨ। ਨੌਵੇਂ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਜੰਗ ’ਚ ਤੇਗ ਦੇ ਜੌਹਰ ਵਿਖਾਉਂਦਿਆਂ ਦੁਸ਼ਮਣਾਂ ਦੇ ਆਹੂ ਲਾਹੇ, ਦਸਵੇਂ ਪਾਤਸ਼ਾਹ ਜੀ ਦਾ ਸਾਰਾ ਇਤਿਹਾਸ ਹੀ ਜੰਗਾਂ-ਯੁੱਧਾਂ ਨਾਲ਼ ਭਰਿਆ ਪਿਆ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਹਰ ਸਿੱਖ ਨੂੰ ਵਧੀਆ ਤੋਂ ਵਧੀਆ ਹਥਿਆਰ ਰੱਖਣ ਦਾ ਹੁਕਮ ਕੀਤਾ ਤੇ ਹਰ ਸਮੇਂ ਕਿਰਪਾਨ ਧਾਰਨ ਕਰਵਾ ਦਿੱਤੀ ਤਾਂ ਜੋ ਸਿੱਖ ਕਦੇ ਵੀ ਸ਼ਸਤਰਾਂ ਤੋਂ ਹੀਣਾ ਨਾ ਰਹੇ।
ਖ਼ਾਲਸੇ ਦੀ ਤਾਂ ਪਰਿਭਾਸ਼ਾ ਹੀ ਸ਼ਸਤਰਧਾਰੀ ਹੋਣ ਦੀ ਬਿਆਨ ਕੀਤੀ ਜਾਂਦੀ ਹੈ :- “ਖ਼ਾਲਸਾ ਸੋ ਜੋ ਚੜ੍ਹਹਿ ਤੁਰੰਗ। ਖ਼ਾਲਸਾ ਸੋ ਜੋ ਕਰੈ ਨਿਤ ਜੰਗ। ਖ਼ਾਲਸਾ ਸੋ ਜੋ ਸ਼ਸਤਰ ਕਉ ਧਾਰੇ। ਖ਼ਾਲਸਾ ਸੋ ਜੋ ਦੁਸ਼ਟ ਕਉ ਮਾਰੇ।” ਸਾਡੇ ਪੰਜਾਂ ਤਖ਼ਤਾਂ ’ਤੇ ਹਰ ਤਰ੍ਹਾਂ ਦੇ ਸ਼ਸਤਰ-ਹਥਿਆਰ ਸੁਭਾਇਮਾਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸਨਮੁੱਖ ਵੀ ਗੁਰਦੁਆਰਿਆਂ ’ਚ ਸ਼ਸਤਰ ਸਜਾਏ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਸਤਰਾਂ ਵਾਲ਼ਾ ਉੱਚਾ ਥੜ੍ਹਾ ਬਣਿਆ ਹੋਇਆ ਹੈ ਤੇ ਹਰ ਸਿੱਖ ਮੱਥੇ ਟੇਕਦਿਆਂ ਦਰਸ਼ਨ ਕਰਦਾ ਹੈ। ਸਿੱਖ ਹੋਣਾ ਹੀ ਸ਼ਸਤਰਧਾਰੀ ਹੋਣਾ ਹੈ, ਸ਼ਸਤਰਾਂ ਤੋਂ ਬਿਨਾਂ ਸਿੱਖ ਅਧੂਰਾ ਹੈ।
ਹਥਿਆਰਾਂ ਨਾਲ਼ ਹੀ ਸਿੱਖਾਂ ਨੇ ਦੋ ਵਾਰ ਖ਼ਾਲਸਾ ਰਾਜ ਸਿਰਜਿਆ, ਜੰਗਾਂ ਕੀਤੀਆਂ, ਦੁਸ਼ਮਣਾਂ ਨੂੰ ਸੋਧਿਆ, ਸਿੱਖ ਇਤਿਹਾਸ ਦਾ ਹਰ ਪੰਨਾ ਸ਼ਸਤਰਾਂ ਤੇ ਖ਼ੂਨ ਨਾਲ਼ ਲਥ-ਪਥ ਹੈ। ਇਹ ਸ਼ਸਤਰ ਸਿੱਖਾਂ ਅਤੇ ਪੰਜਾਬ ਦਾ ਸੱਭਿਆਚਾਰ ਹੈ। ਗੂਗਲ ਜਾਂ ਅਜਾਇਬ ਘਰਾਂ ’ਚ ਪੁਰਾਣੀਆਂ ਤਸਵੀਰਾਂ ਜਾਂ ਪੇਂਟਿੰਗਾਂ ਵੇਖ ਲਵੋ ਹਰ ਸਿੱਖ ਅਤੇ ਪੰਜਾਬੀ ਕੋਲ਼ ਹਥਿਆਰ ਹੁੰਦੇ ਸਨ।
ਨਵੰਬਰ 1984 ਤੋਂ ਪਹਿਲਾਂ ਬੜੇ ਸਿੱਖਾਂ ਨੂੰ ਜੂਨ 1984 ਮੌਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਹੋਰ ਸਿੰਘਾਂ ਦਾ ਹਥਿਆਰਬੰਦ ਹੋਣਾ ਗ਼ਲਤ ਜਾਪਦਾ ਸੀ ਪਰ ਜਦ ਦਿੱਲੀ ਸਮੇਤ ਸਾਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਅਕਲ ਆਈ ਕਿ ਜਦ ਇਹ ਹਿੰਦੂ ਕੱਟੜਪੰਥੀ ਬੇਦੋਸ਼ੇ ਸਿੱਖਾਂ ਦਾ ਹਕੂਮਤੀ ਫ਼ੋਰਸਾਂ ਦੀ ਸਰਪ੍ਰਸਤੀ ਹੇਠ ਐਨੀ ਬੇਕਿਰਕੀ ਨਾਲ਼ ਘਾਣ ਕਰ ਸਕਦੇ ਨੇ ਤਾਂ ਜੇ ਜੂਨ 1984 ਨੂੰ ਸਿੰਘਾਂ ਕੋਲ ਹਥਿਆਰ ਨਾ ਹੁੰਦੇ ਤਾਂ ਇਹਨਾਂ ਹਿੰਦੂਆਂ ਨੇ ਕਹਿਣਾ ਸੀ ਕਿ ਫ਼ੌਜ ਸਾਡੇ ਨਾਲ਼ ਚੱਲੇ, ਅਸੀਂ ਦਰਬਾਰ ਸਾਹਿਬ ਕੰਪਲੈਕਸ ਅੰਦਰੋਂ ਇਹਨਾਂ ਨੂੰ ਧੂਹ ਕੇ ਲਿਆਵਾਂਗੇ।
ਨਵੰਬਰ 1984 ਮਗਰੋਂ ਜਦ ਸਿੱਖਾਂ ਨੇ ਸੋਚਿਆ ਕਿ ਜੂਨ 1984 ਦੀਆਂ ਦੋ ਤਸਵੀਰਾਂ ਬਣ ਸਕਦੀਆਂ ਸਨ, ਇੱਕ ਤਾਂ ਨਵੰਬਰ 1984 ਵਾਂਗ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਿੰਘਾਂ ਦੀ ਸ਼ਰਮਨਾਕ ਹਾਲਤ ਵਿੱਚ ਧੂਹ ਘੜੀਸ ਤੇ ਦੂਜੀ ਇਹ ਕਿ ਇੱਕ-ਇੱਕ ਗੋਲ਼ੀ ਨਾਲ਼ ਸਿੰਘ ਹਮਲਾਵਰਾਂ ਦੇ ਢੇਰ ਲਾ ਦੇਣ।
ਫੇਰ ਸਿੱਖਾਂ ਨੂੰ ਸਮਝ ਆਈ ਕਿ ਅਣਖ਼-ਗ਼ੈਰਤ ਨਾਲ਼ ਗੁਰਧਾਮਾਂ ਦੀ ਪਵਿੱਤਰਤਾ ਲਈ ਸਿਰ ਵਾਰਨ ਲਈ ਹਥਿਆਰਬੰਦ ਹੋਣਾ ਜ਼ਰੂਰੀ ਸੀ। ਫੇਰ ਹੀ ਲੋਕਾਂ ਨੂੰ ਜੂਨ 1984 ਮੌਕੇ ਹਥਿਆਰਬੰਦ ਹੋਣ ਦੀ ਅਹਿਮੀਅਤ ਸਮਝ ਆਈ। ਇਹ ਅਕਲ ਸਦਾ ਲਈ ਹੈ ਕਿ ਜ਼ਲੀਲ ਹੋ ਕੇ ਮਰਨਾ ਕਿ ਅਣਖ ਨਾਲ਼ ਜੂਝ ਕੇ ਮਰਨਾ ? ਅੱਜ ਜਿਹੜਾ ਵੀ ਬੰਦਾ, ਜਿਸ ਵੀ ਮਰਜ਼ੀ ਆਧਾਰ ਉੱਤੇ ਸਿੱਖਾਂ ਨੂੰ ਆਤਮ-ਰੱਖਿਆ ਲਈ ਸ਼ਸਤਰ ਰੱਖਣ ਦੇ ਖ਼ਿਲਾਫ਼ ਹੈ, ਓਹ ਸਿੱਖਾਂ ਦੀ ਨਸਲਕੁਸ਼ੀ ਦਾ ਸਮਰਥਕ ਹੈ। ਜੇ ਸਿੱਖਾਂ ਨੇ ਇਹਨਾਂ ਦੁਸ਼ਮਣਾਂ ਨੂੰ ਨਾ ਪਛਾਣਿਆ ਤਾਂ ਬੜੀ ਮਹਿੰਗੀ ਕੀਮਤ ਤਾਰਨੀ ਪਵੇਗੀ।
ਜਹਾਂਗੀਰ ਅਤੇ ਔਰੰਗਜ਼ੇਬ ਨੂੰ ਵੀ ਸਮੱਸਿਆ ਸੀ ਕਿ ਸਿੱਖ ਗੁਰੂ ਹਥਿਆਰ ਅਤੇ ਫ਼ੌਜ ਕਿਉਂ ਰੱਖਦੇ ਹਨ। ਸਾਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਸਤਰ ਰੱਖਣ ਦੀ ਤਾਕੀਦ ਕੀਤੀ ਹੋਈ ਹੈ। ਦਸਮੇਸ਼ ਪਿਤਾ ਦਾ ਹੁਕਮ ਹੈ ਕਿ ਕੇਸਾਂ ਤੇ ਸ਼ਸਤਰਾਂ ਬਗੈਰ ਬੰਦਾ ਭੇਡ ਵਾਂਗ ਹੈ, ਇਹ ਮੇਰਾ ਹੁਕਮ ਹੈ ਕਿ ਬਿਨਾਂ ਕੇਸਾਂ ਤੇ ਕਿਰਪਾਨ ਤੋਂ ਮੇਰੇ ਮੱਥੇ ਨਾ ਲੱਗਣਾ। “ਬਿਨਾ ਸ਼ਸਤ੍ਰ ਕੇਸੰ ਨਰੰ ਭੇਡ ਜਾਨੋ॥ ਗਹੇ ਕਾਨ ਤਾ ਕੋ ਕਿਤੇ ਲੈ ਸਿਧਾਨੋ।। ਇਹੈ ਮੋਰ ਆਗਿਆ ਸੁਣੋ ਹੇ ਪਿਆਰੇ॥ ਬਿਨਾ ਤੇਗ ਕੇਸੰ ਦਿਵੋ ਨਾ ਦਿਦਾਰੇ॥” ਕਿਰਪਾ ਕਰਕੇ ਜਿਹੜੇ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨ ਰਹੇ ਉਹ ਬਾਕੀ ਸਿੱਖਾਂ ਨੂੰ ਤਾਹਨੇ-ਮੇਹਣੇ ਨਾ ਮਾਰਨ, ਸਗੋਂ ਆਪਣੀ ਗ਼ਲਤੀ ਸੁਧਾਰ ਕੇ ਪਿਆਰੇ ਪੁੱਤਰ ਬਣਨ। ਜਿਹੋ-ਜਿਹਾ ਮਹੌਲ ਚਲ ਰਿਹਾ ਹੈ ਇਸ ਦੇ ਟਾਕਰੇ ਲਈ ਤਾਂ ਸਗੋਂ ਹਰ ਸਿੱਖ ਨੂੰ ਅੰਮ੍ਰਿਤਧਾਰੀ, ਸ਼ਸਤਰਧਾਰੀ ਤੇ ਗੁਰਮਤਿ ਸਿਧਾਂਤਾਂ ਦੇ ਧਾਰਨੀ ਬਣਨਾ ਚਾਹੀਦਾ ਹੈ।
ਬਾਕੀ ਜਿਹੜੇ ਸਾਨੂੰ ਮੱਤਾਂ ਦਿੰਦੇ ਨੇ ਕਿ ‘ਕਿਤਾਬਾਂ ਰੱਖੋ, ਹਥਿਆਰ ਨਾ ਰੱਖੋ।’ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸਿੱਖ ਨੌਜਵਾਨਾਂ ਨੂੰ ਤਾਂ ਕਿਤਾਬਾਂ ਰੱਖਣ ਕਰਕੇ ਵੀ ਉਮਰ-ਕੈਦ ਹੋ ਗਈ ਹੈ, ਜੇ ਕਿਤਾਬਾਂ ਕਰਕੇ ਵੀ ਉਮਰ-ਕੈਦ ਹੀ ਹੋਣੀ ਹੈ ਤਾਂ ਸਿੱਖ ਸ਼ਸਤਰ ਰੱਖ ਕੇ ਕਿਉਂ ਨਾ ਸਜ਼ਾ ਭੁਗਤਣ ? ਹਥਿਆਰ ਨੂੰ ਕਤਲੋਗਾਰਦ ਦਾ ਪ੍ਰਤੀਕ ਬਣਾ ਕੇ ਵਿਰੋਧ ਕਰਨ ਵਾਲ਼ਿਓ, ਓਹੀ ਛੁਰੀ ਜਦ ਡਾਕਟਰ ਕੋਲ਼ ਹੋਵੇ ਤਾਂ ਜਿੰਦਗੀ ਦੇਣ ਵਾਲ਼ੀ ਬਣ ਜਾਂਦੀ ਹੈ ਜਿਹੜੀ ਛੁਰੀ ਕਾਤਲ ਕੋਲ਼ ਜਾਨ ਲੈਣ ਵਾਲ਼ੀ ਹੁੰਦੀ ਹੈ। ਡਾਕਟਰ ਨੂੰ ਛੁਰੀ ਦੀ ਵਰਤੋਂ ਕਰਨ ਕਰਕੇ ਪੈਸੇ ਦਿੰਦੇ ਹਾਂ, ਸਤਿਕਾਰ ਦਿੰਦੇ ਹਾਂ ਜਦਕਿ ਕਾਤਲ ਲਈ ਸਜ਼ਾ ਦੀ ਮੰਗ ਕਰਦੇ ਹਾਂ। ਇਵੇਂ ਹੀ ਜਦ ਹਥਿਆਰ ਸਿੱਖ ਕੋਲ਼ ਹੋਵੇ ਤਾਂ ਮਨੁੱਖਤਾ ਦੀ ਸੇਵਾ ਕਰਦਾ ਹੈ ਪਰ ਓਹੀ ਹਥਿਆਰ ਦੂਜੇ ਕੋਲ਼ ਮਨੁੱਖਤਾ ਲਈ ਖ਼ਤਰਨਾਕ ਵੀ ਹੋ ਸਕਦਾ ਹੈ।
ਸ. ਭਗਤ ਸਿੰਘ ਦੇ ਅਖੌਤੀ ਵਾਰਸ ਅੱਜ ਵਾਲ਼ੇ ਕਾਮਰੇਡ ਹਥਿਆਰ ਰੱਖਣ ਖ਼ਿਲਾਫ਼ ਹਨ, ਓਹ ਸਿੱਖਾਂ ਦੀ ਨਸਲਕੁਸ਼ੀ ਦੇ ਸਮਰਥਕ ਹਨ। ਸਿੱਖਾਂ ਦੇ ਲਾਇਸੈਂਸੀ ਹਥਿਆਰਾਂ ਦਾ ਵਿਰੋਧ ਕਰਨ ਵਾਲ਼ੇ ਕਾਮਰੇਡੋ! ਨਾਲ਼ੇ ਕਹਿੰਦੇ ਓ ਕਿ “ਇਨਕਲਾਬ ਬੰਦੂਕ ਦੀ ਗੋਲ਼ੀ ’ਚੋਂ ਨਿਕਲ਼ਦਾ ਏ।” ਹੁਣ ਕੀ ਹੋ ਗਿਆ, ਆਉਣ ਦਿਓ ਇਨਕਲਾਬ! ਪਿੱਛੇ ਜਿਹੇ ਹਿੰਦੂ ਕੱਟੜਵਾਦੀ ਸੂਰੀ ਨੇ ਵੀ ਹਿੰਦੂ ਨੌਜਵਾਨਾਂ ਨੂੰ ਵਧੀਆ ਤੋਂ ਵਧੀਆ ਹਥਿਆਰ ਰੱਖਣ ਲਈ ਕਿਹਾ ਸੀ। ਹਿੰਦੂ ਕਿੰਨੇ ਖੁਸ਼ਕਿਸਮਤ ਨੇ ਕਿ ਉਹਨਾਂ ਵਿੱਚ ਬਾਬਾ ਧੁੰਮਾ, ਭਗਵੰਤ ਮਾਨ, ਹਰਜੀਤ ਗਰੇਵਾਲ, ਸੁਖਬੀਰ ਬਾਦਲ, ਬਿਕਰਮਜੀਤ ਮਜੀਠੀਆ, ਰਵਨੀਤ ਬਿੱਟੂ, ਰਾਜਾ ਵੜਿੰਗ ਵਰਗੇ ਨਹੀਂ, ਇਹ ਸਾਡੀ ਕਿਸਮਤ ਵਿੱਚ ਹੀ ਪਤਾ ਨਹੀਂ ਕਿਉਂ ਲਿਖਤੇ ? ਜਿਹੜੇ ਅਕਸਰ ਹੀ ਸ਼ਸਤਰਧਾਰੀ ਸਿੱਖਾਂ ਖ਼ਿਲਾਫ਼ ਪਿੱਟਦੇ ਰਹਿੰਦੇ ਨੇ।
ਇਹਨਾਂ ਹਥਿਆਰਾਂ ਨਾਲ਼ ਛੇਵੇਂ ਪਾਤਸ਼ਾਹ ਨੇ ਚਾਰ ਤੇ ਦਸਵੇਂ ਪਾਤਸ਼ਾਹ ਨੇ ਚੌਦ੍ਹਾਂ ਜੰਗਾਂ ਕੀਤੀਆਂ। ਸ਼ਸਤਰਾਂ ਦੇ ਨਾਲ ਹੀ ਸਿੰਘ-ਸੂਰਮੇ ਅਠਾਰ੍ਹਵੀਂ ਸਦੀ ‘ਚ ਹਿੰਦੂਆਂ ਦੀਆਂ ਬਹੂ-ਬੇਟੀਆਂ ਗਜ਼ਨੀ ਦੇ ਬਜ਼ਾਰਾਂ ‘ਚੋਂ ਬਚਾ ਕੇ ਲਿਆਉਂਦੇ ਰਹੇ ਹਾਂ। ਹਥਿਆਰਾਂ ਨਾਲ਼ ਹੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਹਿੰਦੁਸਤਾਨ ਦੀ ਹਕੂਮਤ ਨਾਲ ਟੱਕਰ ਲਈ ਸੀ। ਸ਼ਹੀਦ ਊਧਮ ਸਿੰਘ ਨੇ ਹਥਿਆਰ ਨਾਲ਼ ਹੀ ਜਨਰਲ ਡਾਇਰ ਨੂੰ ਮਾਰਿਆ ਸੀ। ਭਗਤ ਸਿੰਘ ਨੇ ਸਾਂਡਰਸ ਨੂੰ ਮਾਰਿਆ ਤੇ ਅਸੰਬਲੀ ‘ਚ ਬੰਬ ਸੁੱਟਿਆ ਸੀ।
ਸਿੱਖੋ! ਯਾਦ ਰੱਖੋ ਕਿ ਸ਼ਸਤਰ ਨੂੰ ਦਸਮੇਸ਼ ਪਾਤਸ਼ਾਹ ਨੇ ਕਕਾਰਾਂ ਵਿੱਚ ਵੀ ਸਤਿਕਾਰਿਆ ਹੈ। ਸ਼ਸਤਰ ਦੀ ਸ਼ਕਤੀ ਪੀਰ-ਫਕੀਰ ਵਾਂਗ ਹੀ ਮਨੁੱਖ ਦੇ ਖਜ਼ਾਨੇ ਭਰਪੂਰ ਕਰਦੀ ਹੈ। ਸ਼ਸ਼ਤਰ ਕੋਲ਼ ਸਮਰੱਥਾ ਹੈ। ਸ਼ਸ਼ਤਰ ਮਨੁੱਖ ਨੂੰ ਅਣਖ਼-ਗ਼ੈਰਤ, ਰੜਕ ਤੇ ਚੜ੍ਹਤ ਵਾਲ਼ੇ ਬਣਾਉਂਦਾ ਹੈ। ਸਿੱਖ ਅਹਿੰਸਾਵਾਦੀ ਨਹੀਂ, ਸਿੱਖ ਬੋਧੀ ਨਹੀਂ। ਸਿੱਖ ਸਿੰਘ ਹੈ, ਸੰਤ ਸਿਪਾਹੀ ਹੈ। ਹੁਣ ਦੇ ਵੇਲ਼ੇ ਸਿੱਖੀ ਦੇ ਵੈਰੀ ਸਿੱਖਾਂ ਨੂੰ ਵਰਗਲਾ ਕੇ ਹਥਿਆਰਹੀਣ ਕਰਨ ਲਈ ਯਤਨਸ਼ੀਲ ਹਨ। ਪਰ ਆਓ ਸ਼ਸਤਰਧਾਰੀ ਹੋ ਕੇ ਗੁਰੂ ਦੇ ਹੁਕਮ ’ਤੇ ਪਹਿਰਾ ਦੇਈਏ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
