ਕੋਟਕਪੂਰਾ, 14 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਦੀ ਭ੍ਰਾਤਰੀ ਜਥੇਬੰਦੀ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸ.ਓ.ਆਈ.) ਵਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜਨ ਦੇ ਮਕਸਦ ਨਾਲ ਅਹਿਮ ਨਿਯੁਕਤੀ ਕੀਤੀ ਗਈ ਹੈ। ਅੱਜ ਸ਼੍ਰੀ ਜਸ਼ਨ ਦੁੱਗਲ (ਪ੍ਰਧਾਨ ਐਸ.ਓ.ਆਈ. ਜ਼ਿਲ੍ਹਾ ਫਰੀਦਕੋਟ) ਅਤੇ ਸ਼ੋਬਿਤ ਅਰੋੜਾ (ਪ੍ਰਧਾਨ ਐਸ.ਓ.ਆਈ. ਹਲਕਾ ਕੋਟਕਪੂਰਾ) ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕੋਟਕਪੂਰਾ ਮਨਤਾਰ ਸਿੰਘ ਬਰਾੜ ਨਾਲ ਵਿਸ਼ੇਸ਼ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਸ. ਸੁਖਪ੍ਰੀਤ ਸਿੰਘ ਬਰਾੜ ਨੂੰ ਹਲਕਾ ਕੋਟਕਪੂਰਾ ਦੀ ਐਸ.ਓ.ਆਈ. ਜਥੇਬੰਦੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਅਨੁਪ੍ਰਤਾਪ ਸਿੰਘ ਬਰਾੜ (ਮੈਂਬਰ ਕੋਰ ਕਮੇਟੀ, ਯੂਥ ਅਕਾਲੀ ਦਲ) ਨੇ ਸੁਖਪ੍ਰੀਤ ਸਿੰਘ ਬਰਾੜ ਦਾ ਮੂੰਹ ਮਿੱਠਾ ਕਰਵਾਉਂਦਿਆਂ ਦੱਸਿਆ ਕਿ ਸੁਖਪ੍ਰੀਤ ਸਿੰਘ ਬਰਾੜ ਦੀਆਂ ਪਾਰਟੀ ਅਤੇ ਜਥੇਬੰਦੀ ਪ੍ਰਤੀ ਪੂਰਨ ਸਮਰਪਣ ਭਾਵਨਾ ਅਤੇ ਮਿਹਨਤ ਨੂੰ ਦੇਖਦੇ ਹੋਏ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਉਮੀਦ ਜਤਾਈ ਕਿ ਬਰਾੜ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਚੁੱਕਣਗੇ ਅਤੇ ਹਲਕੇ ਵਿੱਚ ਜਥੇਬੰਦੀ ਦੇ ਆਧਾਰ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰਨਗੇ। ਆਪਣੀ ਇਸ ਨਿਯੁਕਤੀ ‘ਤੇ ਧੰਨਵਾਦ ਪ੍ਰਗਟ ਕਰਦਿਆਂ ਸੁਖਪ੍ਰੀਤ ਸਿੰਘ ਬਰਾੜ ਨੇ ਪਾਰਟੀ ਹਾਈਕਮਾਂਡ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਐਸ.ਓ.ਆਈ. ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ ਅਤੇ ਹਮੇਸ਼ਾ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰ ਨੂੰ ਵਧਾਈ ਦੇਣ ਲਈ ਅਨੁਪ੍ਰਤਾਪ ਸਿੰਘ ਬਰਾੜ (ਮੈਂਬਰ ਕੋਰ ਕਮੇਟੀ, ਯੂਥ ਅਕਾਲੀ ਦਲ), ਜਸ਼ਨ ਔਲਖ (ਪ੍ਰਧਾਨ ਐੱਸ.ਓ.ਆਈ. ਮਾਲਵਾ ਜ਼ੋਨ 1), ਹਰਪ੍ਰੀਤ ਸਿੰਘ ਖਾਰਾ, ਸੁਰਿੰਦਰ ਸਿੰਘ ਵੜਿੰਗ, ਰੋਬੀ ਢਿੱਲੋਂ ਅਤੇ ਜਤਿਨ ਗੱਪਾ ਸਮੇਤ ਹੋਰ ਵੀ ਕਈ ਆਗੂ ਅਤੇ ਸਮਰਥਕ ਖਾਸ ਤੌਰ ‘ਤੇ ਮੌਜੂਦ ਸਨ।

