ਚੱਪੇ-ਚੱਪੇ ’ਤੇ ਪੁਲਿਸ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਨਿਗਰਾਨੀ
ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਗਾਮੀ ਸੁਤੰਤਰਤਾ ਦਿਵਸ ਦੇ ਮੱਦੇਨਜਰ ਫਰੀਦਕੋਟ ਪੁਲਿਸ ਵੱਲੋਂ ਜਿਲ੍ਹੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਜਿੱਥੇ ਹਰ ਸ਼ੱਕ ਗਤੀਵਿਧੀ ਤੇ ਨਜਰ ਰੱਖਣ ਲਈ ਸਿਫਟਿੰਗ ਨਾਕਾਬੰਦੀਆਂ, ਗਸ਼ਤਾਂ ਅਤੇ ਸੀ.ਸੀ.ਟੀ.ਵੀ ਕੈਮਰਿਆ ਅਤੇ ਡਰੋਨ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਇਸੇ ਤਹਿਤ ਆਮ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਲਈ ਮਨਵਿੰਦਰ ਬੀਰ ਸਿੰਘ ਐਸ.ਪੀ. (ਸਥਾਨਕ) ਫਰੀਦਕੋਟ ਅਤੇ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਅਗਵਾਈ ਹੇਠ ਜਿਲੇ ਦੀਆ ਸਾਰੀਆ 03 ਸਬ-ਡਵੀਜਨਾ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਸੀਨੀਅਰ ਪੁਲਿਸ ਅਧਿਕਾਰੀਆ ਵੱਲੋਂ ਭਾਰੀ ਪੁਲਿਸ ਬਲਾ ਸਮੇਤ ਫਲੈਗ ਮਾਰਚ ਕੀਤੇ ਗਏ। ਫਰੀਦਕੋਟ ਸ਼ਹਿਰ ਅੰਦਰ ਇਹ ਫਲੈਗ ਮਾਰਚ ਤਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਫਰੀਦਕੋਟ ਅਤੇ ਜਗਤਾਰ ਸਿੰਘ ਡੀ.ਐਸ.ਪੀ (ਸੀ. ਐਡ ਡਬਲਿਊ) ਫਰੀਦਕੋਟ ਦੀ ਅਗਵਾਈ ਹੇਠ ਥਾਣਾ ਸਿਟੀ ਫਰੀਦਕੋਟ ਤੋ ਸ਼ੁਰੂ ਹੋ ਕੇ ਭਾਈ ਘਨੱਈਆ ਚੌਕ ਹੁੰਦੇ ਹੋਏ, ਘੰਟਾ ਘਰ ਚੌਕ, ਹੁੱਕੀ ਚੌਕ ਵਿੱਚ ਹੀ ਹੁੰਦੇ ਜਿਲ੍ਹੇ ਦੇ ਵੱਖ-ਵੱਖ ਇਲਾਕਿਆ ਅੰਦਰ ਕੀਤਾ ਗਿਆ। ਇਸੇ ਤਰ੍ਹਾ ਕੋਟਕਪੂਰਾ ਸ਼ਹਿਰ ਅੰਦਰ ਇਹ ਫਲੈਗ ਮਾਰਚ ਸੰਜੀਵ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੀ ਅਗਵਾਈ ਵਿੱਚ ਸ਼ੁਰੂ ਹੋਇਆ, ਜਿਸ ਵਿੱਚ ਉਹਨਾ ਨਾਲ ਮੁੱਖ ਅਫਸਰ ਥਾਣਾ ਸਮੇਤ ਪੁਲਿਸ ਟੀਮਾ ਮੋਜੂਦ ਰਹੀਆ। ਇਹ ਫਲੈਗ ਮਾਰਚ ਥਾਣਾ ਸਿਟੀ ਕੋਟਕਪੂਰਾ ਤੋ ਸ਼ੁਰੂ ਹੋ ਕੇ ਬੱਤੀਆ ਵਾਲਾ ਚੌਕ ਤੋ ਹੁੰਦੇ ਹੋਏ ਸ਼ਹਿਰ ਦੇ ਹੋਰ ਮਹੱਤਵਪੂਰਨ ਸ਼ਥਾਨਾ ਵਿੱਚੋ ਦੀ ਲੰਘਿਆ। ਇਸੇ ਤਰ੍ਹਾ ਜੈਤੋ ਏਰੀਆ ਵਿੱਚ ਇਹ ਫਲੈਗ ਮਾਰਚ ਪੁਲਿਸ ਟੀਮਾਂ ਵੱਲੋਂ ਥਾਣਾ ਜੈਤੋ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਸ਼ਥਾਨਾ ਪਰ ਕੀਤਾ ਗਿਆ। ਇਸ ਸਬੰਧੀ ਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਕਰੀਬ 500 ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਜ਼ਿਲ੍ਹੇ ਦੀਆਂ ਅਹਿਮ ਥਾਵਾਂ ‘ਤੇ ਸਖ਼ਤ ਨਾਕਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆਂ ਅਤੇ ਡਰੋਨ ਕੈਮਰਿਆਂ ਦੀ ਮਦਦ ਨਾਲ ਹਰ ਕਿਸਮ ਦੀ ਸ਼ੱਕੀ ਗਤੀਵਿਧੀ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਐਂਟੀ-ਸੈਬੋਟਾਜ਼ ਟੀਮਾਂ ਅਤੇ ਡਾਗ ਸਕੁਆਡ ਟੀਮਾਂ ਵੱਲੋਂ ਜ਼ਿਲ੍ਹੇ ਦੇ ਮਹੱਤਵਪੂਰਨ ਸਥਾਨਾਂ ‘ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾ ਅੱਗੇ ਕਿਹਾ ਕਿ ਆਮ ਪਬਲਿਕ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਟਰੈਫਿਕ ਪ੍ਰਬੰਧਾਂ ਸਬੰਧੀ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ, ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਟਰੈਫਿਕ ਸੰਬੰਧੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਤੇ ਵੀ ਕੋਈ ਲਵਾਰਿਸ ਵਸਤੂ ਜਾਂ ਸ਼ੱਕੀ ਵਿਅਕਤੀ ਨਜ਼ਰ ਆਵੇ, ਤਾਂ ਉਸ ਬਾਰੇ ਤੁਰੰਤ ਨਜਦੀਕੀ ਪੁਲਿਸ ਸਟੇਸ਼ਨ ਜਾਂ ਪੁਲਿਸ ਅਧਿਕਾਰੀ ਨੂੰ ਸੂਚਿਤ ਕੀਤਾ ਜਾਵੇ।

