ਬਕਾਏ ਅਤੇ ਡੀ.ਏ. ਦੀਆਂ ਕਿਸ਼ਤਾਂ ਜਲਦੀ ਜਾਰੀ ਕਰਨ ਦੀ ਕੀਤੀ ਮੰਗ : ਜਗਦੀਸ਼ ਕੁਮਾਰ
ਫਰੀਦਕੋਟ/ਕੋਟਕਪੂਰਾ, 2 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸੇਵਾਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੀ ਇੱਕ ਸਾਂਝੀ ਮੀਟਿੰਗ ਜ਼ਿਲ੍ਹਾ ਰੈਡ ਕਰਾਸ ਸਿਨੀਅਰ ਸਿਟੀਜਨ ਵੈਲਫੇਅਰ ਕਲੱਬ, ਫ਼ਰੀਦਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮੈਂਬਰਾਂ ਨੇ ਪੈਨਸ਼ਨਰਾਂ ਅਤੇ ਸੇਵਾਮੁਕਤ ਮੁਲਾਜ਼ਮਾਂ ਦੇ ਲਟਕਦੇ ਆ ਰਹੇ ਮਸਲਿਆਂ ‘ਤੇ ਗੰਭੀਰ ਚਰਚਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਦੀਸ਼ ਕੁਮਾਰ ਨੇ ਦੱਸਿਆ ਕਿ ਲੀਵ ਇਨ ਕੈਸ਼ਮੈਂਟ ਦੀਆਂ ਕਾਫ਼ੀ ਕਿਸ਼ਤਾਂ ਅਜੇ ਵੀ ਬਾਕੀ ਹਨ। ਇਨ੍ਹਾਂ ਕਿਸ਼ਤਾਂ ਨੂੰ ਜਲਦੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਸਬੰਧਤ ਡੀ.ਡੀ.ਓਜ਼ (ਤਹਿਸੀਲਦਾਰ ਫਰੀਦਕੋਟ, ਕੋਟਕਪੂਰਾ ਅਤੇ ਜੈਤੋ) ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਆਗੂਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਮੁਤਾਬਕ ਬਿਨਾਂ ਕਿਸੇ ਟਾਲਮਟੋਲ ਦੇ ਬਾਕੀ ਰਹਿੰਦਾ 10 ਫ਼ੀਸਦੀ ਡੀ.ਏ. (ਮਹਿੰਗਾਈ ਭੱਤਾ) ਅਤੇ ਕੇਂਦਰ ਸਰਕਾਰ ਵੱਲੋਂ ਦੀਵਾਲੀ ਦੇ ਤੋਹਫ਼ੇ ਵਜੋਂ ਦਿੱਤਾ ਗਿਆ 3 ਫ਼ੀਸਦੀ ਵਾਧੂ ਡੀ.ਏ. ਤੁਰੰਤ ਦੇਣ ਦੀ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ। ਇਸ ਦੇ ਨਾਲ ਹੀ ਪਟਵਾਰੀ ਤੇ ਕਾਨੂੰਗੋ ਦਾ ਕੇਡਰ ਪੰਜਾਬ ਕੇਡਰ ਤੋਂ ਜ਼ਿਲ੍ਹਾ ਕੇਡਰ ਕਰਨ ਦੇ ਫ਼ੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ। ਮੀਟਿੰਗ ਦੇ ਅੰਤ ਵਿੱਚ ਦੱਸਿਆ ਗਿਆ ਕਿ ਸਮਾਂ ਬਦਲਣ ਕਾਰਨ ਕੁਝ ਸਾਥੀ ਨਿੱਜੀ ਰੁਝੇਵਿਆਂ ਕਾਰਨ ਜਲਦੀ ਚਲੇ ਗਏ ਸਨ, ਇਸ ਲਈ ਅਗਲਾ ਪ੍ਰੋਗਰਾਮ ਉਲੀਕਣ ਅਤੇ ਵਿਚਾਰ-ਵਟਾਂਦਰਾ ਕਰਨ ਲਈ ਇਸੇ ਮਹੀਨੇ ਇੱਕ ਹੋਰ ਮੀਟਿੰਗ ਰੱਖੀ ਜਾਵੇਗੀ, ਜਿਸ ਦੀ ਸੂਚਨਾ ਮੈਂਬਰਾਂ ਨੂੰ ਕੁਝ ਦਿਨ ਪਹਿਲਾਂ ਦੇ ਦਿੱਤੀ ਜਾਵੇਗੀ। ਇਸ ਮੌਕੇ ਨਾਇਬ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ, ਰਾਜਾ ਰਵਿੰਦਰ ਸਿੰਘ, ਪ੍ਰਿਤਪਾਲ ਸਿੰਘ ਅਤੇ ਰਣਜੀਤ ਸਿੰਘ (ਰਿਟਾਇਰਡ ਕਾਨੂੰਗੋ/ਜਨਰਲ ਸਕੱਤਰ ਫ਼ਰੀਦਕੋਟ) ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।

