6ਵੇਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਰਾਹੀਂ ਲਗਭਗ 38 ਲੋੜਵੰਦਾਂ ਨੂੰ ਮਿਲੀ ਨਿਸ਼ੁਲਕ ਸਹਾਇਤਾ
ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਜਿੱਥੇ ਸੇਵਾ ਹੁੰਦੀ ਹੈ, ਉੱਥੇ ਹੀ ਰੱਬ ਵੱਸਦਾ ਹੈ” ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਵੱਲੋਂ ਲੋਕ ਭਲਾਈ ਦੀ ਲੜੀ ਤਹਿਤ 6ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਸਰਕਾਰ ਦੇ ਸਹਿਯੋਗ ਨਾਲ ਲਗਭਗ 38 ਲੋੜਵੰਦ, ਦਿਵਿਆਂਗ ਅਤੇ ਬਜ਼ੁਰਗ ਭੈਣਾਂ-ਭਰਾਵਾਂ ਤੱਕ ਨਿਸ਼ੁਲਕ ਸਹਾਇਤਾ ਪਹੁੰਚਾਈ ਗਈ। ਅਰਸ਼ ਸੱਚਰ ਨੇ ਕਿਹਾ ਕਿ ਉਨ੍ਹਾਂ ਲਈ ਲੋਕ ਸੇਵਾ ਕੋਈ ਇੱਕ ਦਿਨ ਦਾ ਪ੍ਰੋਗਰਾਮ ਨਹੀਂ, ਸਗੋਂ ਲਗਾਤਾਰ ਨਿਭਾਈ ਜਾਣ ਵਾਲੀ ਜ਼ਿੰਮੇਵਾਰੀ ਹੈ। ਉਨ੍ਹਾਂ ਦਾ ਯਤਨ ਹੈ ਕਿ ਫਰੀਦਕੋਟ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਰਹਿੰਦੇ ਲੋੜਵੰਦ ਪਰਿਵਾਰਾਂ ਤੱਕ ਸਰਕਾਰੀ ਅਤੇ ਸਮਾਜ ਭਲਾਈ ਦੀਆਂ ਸਹੂਲਤਾਂ ਪਹੁੰਚਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ, “ਕਿਸੇ ਲੋੜਵੰਦ ਦੇ ਚਿਹਰੇ ’ਤੇ ਮੁਸਕਾਨ ਲਿਆਉਣਾ ਹੀ ਸਾਡੇ ਲਈ ਸਭ ਤੋਂ ਵੱਡਾ ਸਨਮਾਨ ਹੈ। ਵਾਹਿਗੁਰੂ ਨੇ ਜਿੰਨੀ ਸਮਰੱਥਾ ਬਖ਼ਸ਼ੀ ਹੈ, ਉਸ ਨਾਲ ਫਰੀਦਕੋਟ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਾ ਹੀ ਮੇਰਾ ਸੰਕਲਪ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਮੁਫ਼ਤ ਸਹਾਇਕ ਉਪਕਰਣ ਕੈਂਪਾਂ ਰਾਹੀਂ ਲੋੜਵੰਦਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਅਤੇ ਇਹ ਸੇਵਾ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਜਿਹੜੇ ਲੋਕ ਕਿਸੇ ਕਾਰਨ ਕਰਕੇ ਸਹਾਇਤਾ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਮਦਦ ਪਹੁੰਚਾਉਣ ਲਈ ਵੀ ਟੀਮ ਵੱਲੋਂ ਯਤਨ ਕੀਤੇ ਜਾਣਗੇ। ਅਰਸ਼ ਸੱਚਰ ਨੇ ਅਧਿਕਾਰੀਆਂ, ਸਹਿਯੋਗੀ ਟੀਮ, ਵਲੰਟੀਅਰਾਂ ਅਤੇ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਭਲਾਈ ਦਾ ਕੋਈ ਵੀ ਉਪਰਾਲਾ ਸਾਂਝੇ ਸਹਿਯੋਗ ਨਾਲ ਹੀ ਸਫਲ ਹੁੰਦਾ ਹੈ। “ਲੋਕਾਂ ਦੀ ਸੇਵਾ ਲੋਕਾਂ ਦਾ ਵਿਸ਼ਵਾਸ ਮਿਸ਼ਨ 2027 ਹੱਥ ਮੱਦਦ ਲਈ ਦਿਲ ਇਨਸਾਨੀਅਤ ਲਈ ਕਦਮ ਲੋਕ ਭਲਾਈ ਲਈ।

