ਸੌਣ ਤੋਂ ਪਹਿਲਾਂ
ਉੱਠਦੀ ਹੈ ਉਹ
ਕੱਪੜੇ ਬਦਲ , ਐਨਕ ਉਤਾਰ
ਦਵਾਈ ਖਾ , ਪਾਠ ਕਰ
ਫ਼ੋਨ ਨੂੰ ਚਾਰਜਿੰਗ ਤੇ ਲਗਾ
ਅੱਖਾਂ ਬੰਦ ਕਰ ਸੌਣ ਦੀ
ਕੋਸ਼ਿਸ਼ ਕਰਦੀ ਹੈ
ਲੱਗਦਾ ਨੀਂਦ ਤੇ ਜਿਵੇਂ
ਕੋਸੋਂ ਦੂਰ ਹੋਏ ਉਸਤੋਂ
ਮੁੱਦਤਾਂ ਹੋ ਗਈਆਂ
ਗਹਿਰੀ ਨੀਂਦ ਸੁੱਤੇ
ਸੌਣ ਤੋਂ ਪਹਿਲਾਂ
ਕਈ ਕਿਸਮ ਦੇ ਵਿਚਾਰ
ਦਿਮਾਗ਼ ਵਿੱਚ ਗੂੰਜਦੇ ਨੇ
ਤੇ ਖੌਰੂ ਬਹੁਤ ਮਚਾਉਂਦੇ ਹਨ
ਦਰਦ , ਹੌਕੇ , ਪੀੜਾ
ਵਿਛੋੜਾ , ਸੱਲ , ਬਿਰਹਾ
ਪਿਆਰ , ਮੁੱਹਬਤ , ਦੋਸਤੀ
ਐਨੇ ਸਾਰੇ ਵਿਸ਼ੇ ਲੱਗਦਾ
ਕਵਿਤਾਵਾਂ ਦਾ ਝੁਰਮੁਟ
ਲੱਗ ਗਿਆ ਹੋਏ ਜਿਵੇਂ , ਸੋਚਦੀ
ਕਿਸ ਵਿਸ਼ੇ ਤੇ ਪਹਿਲਾਂ ਲਿਖਾਂ
ਸਾਰੇ ਹੀ ਮੇਰੇ ਆਪਣੇ
ਆਪ ਤੇ ਹੰਢਾਏ ਹੋਏ
ਤਹਿਆਂ ਵਿਚ ਬੰਦ ਪਏ
ਸੋਚਿਆ ਪਹਿਲਾਂ ਮੈਂ ਇਹਨਾਂ
ਸੱਭਨੂੰ ਤਰਤੀਬ ਵਿੱਚ ਕਰ ਲਵਾਂ
ਫਿਰ ਇਕ ਇਕ ਤੇ ਲਿਖਾਂਗੀ
ਤੇ ਇਹਨਾਂ ਕਵਿਤਾਵਾਂ ਦੇ ਝੁਰਮੁਟ
ਵਿੱਚੋਂ ਬਾਹਰ ਨਿਕਲ
ਥੋੜੀ ਰਾਹਤ ਮਹਿਸੂਸ ਕਰੇਗੀ
ਨਹੀਂ ਤੇ ਇਹ ਸੱਭ ਅੰਦਰ ਹੀ ਅੰਦਰ
ਸੁਲਗਦੀਆਂ ਰਹਿਣਗੀਆਂ
ਤੇ ਉਹ ਕਵਿਤਾਵਾਂ ਦੇ ਝੁਰਮੁਟ ਵਿੱਚ
ਘਿਰੀ ਰਹੇਗੀ ਤੇ ਮਨ ਤੇ
ਪਏ ਇਸ ਬੋਝ ਨੀਚੇ
ਦੱਬ ਕੇ ਰਹਿ ਜਾਏਗੀ
ਸੌਣ ਤੋਂ ਪਹਿਲਾਂ ਆਏ
ਇਹਨਾਂ ਸੱਭ ਵਿਚਾਰਾਂ ਨੂੰ
ਸ਼ਬਦਾਂ ਦੀ ਮਾਲਾ ਵਿੱਚ
ਪਰੋ ਕੋਈ ਰਚਨਾ ਲਿਖੇਗੀ
ਸੌਣ ਤੋਂ ਪਹਿਲਾਂ
ਰਮਿੰਦਰ ਰੰਮੀ
