ਆਧੁਨਿਕ ਤਕਨੀਕ ਰਾਹੀਂ ਗੁਰੂ ਸਾਹਿਬ ਦੇ ਜੀਵਨ-ਦਰਸ਼ਨ, ਬਾਣੀ ਅਤੇ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦਿੱਤਾ: ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਡਰੋਨ ਸ਼ੋਅ ਨੂੰ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਦੱਸਿਆ
ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਗੁਰੂ ਜੀ ਦੀਆਂ ਸਦੀਵੀ ਸਿੱਖਿਆਵਾਂ ਪ੍ਰਤੀ ਪੰਜਾਬ ਸਰਕਾਰ ਦੀ ਸ਼ਰਧਾ ਤੇ ਵਚਨਬੱਧਤਾ ਦਾ ਪ੍ਰਤੀਕ: ਮਨਵਿੰਦਰ ਸਿੰਘ ਗਿਆਸਪੁਰਾ

ਪਾਇਲ, ਲੁਧਿਆਣਾ, 19 ਸਤੰਬਰ(ਨਵਜੋਤ ਕੌਰ/ਵਰਲਡ ਪੰਜਾਬੀ ਟਾਈਮਜ਼):
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਵੀਰਵਾਰ ਨੂੰ ਅਨਾਜ ਮੰਡੀ ਪਾਇਲ ਵਿਖੇ 500 ਡਰੋਨਾਂ ਰਾਹੀਂ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਸ ਨਿਵੇਕਲੇ ਡਰੋਨ ਸ਼ੋਅ ਨੇ ਸੰਗਤ ਨੂੰ ਅਧਿਆਤਮਿਕਤਾ ਅਤੇ ਆਧੁਨਿਕ ਤਕਨੀਕ ਦੇ ਸੁਮੇਲ ਨਾਲ ਰੂਬਰੂ ਕਰਵਾਇਆ। ਅੰਬਰ ਵਿੱਚ ਉੱਭਰੀਆਂ ਰੌਸ਼ਨ ਆਕ੍ਰਿਤੀਆਂ ਨੇ ਗੁਰੂ ਸਾਹਿਬ ਦੇ ਜੀਵਨ-ਦਰਸ਼ਨ, ਬਾਣੀ ਅਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ।
ਇਸ ਮੌਕੇ ਸੰਗਤ ਵਜੋਂ ਸ਼ਾਮਲ ਹੋਏ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਨੂੰ ਸਮਾਗਮਾਂ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਲੋਕ-ਚੇਤਨਾ ਦਾ ਹਿੱਸਾ ਬਣਾਉਣਾ ਹੈ। ਗੁਰੂ ਸਾਹਿਬ ਨੇ ਬਰਾਬਰੀ, ਕਿਰਤ, ਮਨੁੱਖੀ ਮਾਣ-ਸਨਮਾਨ ਅਤੇ ਭੇਦ-ਭਾਵ ਰਹਿਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਡਰੋਨ ਸ਼ੋਅ ਦੌਰਾਨ ਅੰਬਰ ਵਿੱਚ ਉੱਭਰਦੀਆਂ ਰੌਸ਼ਨ ਆਕ੍ਰਿਤੀਆਂ ਨੇ ਆਧੁਨਿਕ ਤਕਨੀਕ ਅਤੇ ਅਧਿਆਤਮਿਕ ਵਿਰਾਸਤ ਦਾ ਅਨੋਖਾ ਸੰਗਮ ਪੇਸ਼ ਕੀਤਾ। ਇਹ ਪੇਸ਼ਕਾਰੀ ਵਿਸ਼ੇਸ਼ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ, ਬਾਣੀ ਅਤੇ ਵਿਚਾਰਧਾਰਾ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਬਣੀ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਦੀਵੀ ਸਿੱਖਿਆਵਾਂ ਅਤੇ ਇਲਾਹੀ ਸੰਦੇਸ਼ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕੇਂਦਰ 10.4 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ ਅਤੇ ਇਸ ਦੀ ਕੁੱਲ ਲਾਗਤ 37 ਕਰੋੜ ਰੁਪਏ ਹੋਵੇਗੀ। ਇਸ ਵਿੱਚੋਂ 11 ਕਰੋੜ ਰੁਪਏ ਜ਼ਮੀਨ ਲਈ ਅਤੇ 60 ਲੱਖ ਰੁਪਏ ਜ਼ਰੂਰੀ ਪ੍ਰਵਾਨਗੀਆਂ ਲਈ ਖਰਚ ਕੀਤੇ ਜਾ ਚੁੱਕੇ ਹਨ, ਜਦਕਿ ਕੇਂਦਰ ਦੀ ਉਸਾਰੀ ਲਈ ਲੋੜੀਂਦਾ ਬਾਕੀ ਸਾਰਾ ਖਰਚਾ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਅਜਿਹੇ ਸਮਾਜ ਦੀ ਸਿਰਜਣਾ ਦਾ ਰਾਹ ਦਿਖਾਉਂਦੀ ਹੈ, ਜਿੱਥੇ ਹਰ ਮਨੁੱਖ ਨੂੰ ਬਰਾਬਰ ਦਾ ਸਨਮਾਨ ਮਿਲੇ ਅਤੇ ਕਿਸੇ ਨਾਲ ਜਾਤ ਜਾਂ ਰੁਤਬੇ ਦੇ ਆਧਾਰ ’ਤੇ ਭੇਦ-ਭਾਵ ਨਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸੰਦੇਸ਼ ਪਿਆਰ, ਕਿਰਤ, ਬਰਾਬਰੀ ਅਤੇ ਸਾਂਝੀਵਾਲਤਾ ’ਤੇ ਆਧਾਰਿਤ ਹੈ, ਜੋ ਅੱਜ ਵੀ ਸਮਾਜ ਲਈ ਪ੍ਰੇਰਣਾ ਸਰੋਤ ਹੈ।
ਇਸ ਮੌਕੇ ਬਾਬਾ ਹਰਜੀਤ ਸਿੰਘ ਦੋਰਾਹਾ ਅਤੇ ਭਾਈ ਮਨਦੀਪ ਸਿੰਘ ਬੀਜੇ ਦੇ ਜੱਥਿਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਾਇਲ ਤੋਂ ਬਾਅਦ 18 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਸਾਹਨੇਵਾਲ, 19 ਸਤੰਬਰ ਨੂੰ ਪੀ.ਏ.ਯੂ. ਲੁਧਿਆਣਾ ਦੇ ਐਥਲੈਟਿਕ/ਫੁੱਟਬਾਲ ਗਰਾਊਂਡ, 20 ਸਤੰਬਰ ਨੂੰ ਦਾਖਾ ਸਕੂਲ ਗਰਾਊਂਡ, 21 ਸਤੰਬਰ ਨੂੰ ਅਨਾਜ ਮੰਡੀ ਰਾਏਕੋਟ ਅਤੇ 22 ਸਤੰਬਰ ਨੂੰ ਨਵੀਂ ਅਨਾਜ ਮੰਡੀ ਜਗਰਾਉਂ ਵਿਖੇ ਡਰੋਨ ਸ਼ੋਅ ਕਰਵਾਏ ਜਾਣਗੇ।
ਇਸ ਮੌਕੇ ਵਿਧਾਇਕ ਦੀ ਪਤਨੀ ਸ੍ਰੀਮਤੀ ਰਮਨਜੀਤ ਕੌਰ ਗਿਆਸਪੁਰਾ, ਉਪ ਮੰਡਲ ਮਜਿਸਟਰੇਟ (ਐਸ.ਡੀ.ਐਮ) ਪਾਇਲ ਪ੍ਰੀਤਇੰਦਰ ਸਿੰਘ ਬੈਂਸ, ਡੀ.ਐਸ.ਪੀ ਪਾਇਲ ਹਰਮਨਦੀਪ ਸਿੰਘ ਚੀਮਾ, ਨਗਰ ਕੌਂਸਲ ਪਾਇਲ ਦੇ ਪ੍ਰਧਾਨ ਬਲਜਿੰਦਰ ਕੌਰ, ਮੀਤ ਪ੍ਰਧਾਨ ਬੂਟਾ ਸਿੰਘ, ਮੀਤ ਪ੍ਰਧਾਨ ਦਾਨੋ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।
ਇੱਥੇ ਦੱਸਣਯੋਗ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ 16 ਸਤੰਬਰ 2026 ਨੂੰ ਖੰਨਾ ਦੇ ਏ.ਐੱਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਸ਼ਾਮ ਨੂੰ ਵਿੱਚ ਇੱਕ ਵਿਸ਼ਾਲ ਅਤੇ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ ਸੀ ਜੋ ਕਿ ਯਾਦਗਾਰੀ ਹੋ ਨਿਬੜਿਆ।

