ਜੇਕਰ ਅੱਜ ਉਹ ਹੁੰਦੇ ਤਾਂ ਉਨਾਂ ਸਾਨੂੰ ਸਭ ਪਰਿਵਾਰਾਂ ਨੂੰ ਸੰਭਾਲ ਲੈਣਾ ਸੀ

ਬੀਬੀ ਮਹਿੰਦਰ ਕੌਰ ਸੁਪਤਨੀ ਸ਼ਹੀਦ ਭਾਈ ਮਹਿੰਦਰ ਸਿੰਘ ਗੱਜਣ ਸਿੰਘ ਨਾਲ ਮੇਰੀ ਮੁਲਾਕਾਤ ਇੱਕ ਬਹੁਤ ਵੱਡਾ ਸਬੱਬ ਬਣ ਗਿਆ। ਉਮਰ ਦੀ ਇਸ ਦਹਿਲੀਜ਼ ਵਿੱਚ ਵੀ ਇਸ ਕਦਰ ਚੜਦੀ ਕਲਾ ਵਿੱਚ ਹਨ ਬੀਬੀ ਜੀ ਕਿ ਮੈਨੂੰ ਖੁਦ ਨੂੰ ਬਹੁਤ ਮਾਨ ਮਹਿਸੂਸ ਹੋਇਆ ਉਨਾਂ ਨੂੰ ਮਿਲ ਕੇ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ ਸਿੱਦਕੀ ਤੇ ਸੰਘਰਸ਼ੀ ਜਦੋਂ ਮੈਂ ਸੰਪਾਦਤ ਕਰ ਰਹੀ ਸੀ ਤਾਂ ਇਸ ਕਿਤਾਬ ਵਿਚਲਾ ਚੈਪਟਰ 147 ਨੰਬਰ ਪੰਨੇ ‘ਤੇ ਆਇਆ ਬੀਬੀ ਮਹਿੰਦਰ ਕੌਰ। ਲੇਖਕ ਵੱਲੋਂ ਲਿਖਿਆ ਇਹ ਚੈਪਟਰ ਜਦੋਂ ਮੈਂ ਪੜਣਾ ਸ਼ੁਰੂ ਕੀਤਾ ਤਾਂ ਇਸ ਚੈਪਟਰ ਵਿੱਚ ਮੈਂ ਬੀਬੀ ਜੀ ਨੂੰ ਆਪਣੇ ਸ਼ਹੀਦ ਸਿੰਘ ਦੀ ਤਸਵੀਰ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਗੈਲਰੀ ਵਿੱਚ ਲੱਗੀ ਹੈ ਨੂੰ ਸਪਰਸ਼ ਕਰਦੇ ਹੋਏ ਇੱਕ ਤਸਵੀਰ ਦੇਖੀ। ਉਹ ਤਸਵੀਰ ਮੈਨੂੰ ਬਹੁਤ ਭਾਵੁਕ ਕਰ ਗਈ। ਕਿੰਨੇ ਹੀ ਅਣਗਿਣਤ ਪਰਿਵਾਰ ਹਨ ਜਿੰਨਾਂ ਕੋਲ ਉਨਾਂ ਦੇ ਸਿੰਘਾਂ ਦੀਆਂ ਸਿਰਫ ਇਹ ਤਸਵੀਰਾਂ ਹੀ ਰਹਿ ਗਈਆਂ ਹਨ। ਬੀਬੀ ਜੀ ਦੀ ਇਹ ਤਸਵੀਰ ਦੇਖ ਕੇ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਬੀਬੀ ਜੀ ਕੁਝ ਲੱਭ ਰਹੇ ਹੋਣ। ਸਿੱਦਕੀ ਤੇ ਸੰਘਰਸ਼ੀ ਕਿਤਾਬ ਛਪੀ ਤਾਂ ਵੀਰ ਕੁਲਜੀਤ ਸਿੰਘ ਦਾ ਫੋਨ ਆਇਆ ਅਤੇ ਕਹਿਣ ਲੱਗੇ, “ਭੈਣ ਜੀ ਮੇਰੇ ਮਾਤਾ ਜੀ 5 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਰਹੇ ਹਨ ਆਪ ਜੀ ਉਨਾਂ ਨੂੰ ਕਿਤਾਬ ਜ਼ਰੂਰ ਦੇ ਦੇਣਾ ਜੀ।” ਮੈਂ “ਸੱਤ ਬਚਨ” ਕਹਿ ਕੇ ਬੀਬੀ ਜੀ ਨੂੰ ਮਿਲਣ ਦੀ ਤਿਆਰੀ ਕਰਣ ਲੱਗੀ। ਮੈਂ ਤੇ ਮੇਰੀ ਬੇਟੀ ਮਨਜਾਪ ਕੌਰ ਗਿੱਲ ਮਿੱਥੇ ਸਮੇਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਏ। ਸਾਦਗੀ ਦੀ ਮੂਰਤ ਬੀਬੀ ਮਹਿੰਦਰ ਕੌਰ ਜੀ ਬਹੁਤ ਹੀ ਪਿਆਰ ਨਾਲ ਗੱਲਵਕੜੀ ਵਿੱਚ ਲੈ ਕੇ ਸਾਨੂੰ ਮਾਵਾਂ ਧੀਆਂ ਨੂੰ ਮਿਲੇ। ਬੀਬੀ ਜੀ ਕਹਿੰਦੇ, “ਆ ਜਾਓ ਸ਼ਹੀਦਾਂ ਕੋਲ ਚੱਲਦੇ ਹਾਂ।“ ਸ਼ਹੀਦੀ ਗੈਲਰੀ ਦੇ ਰਸਤੇ ਵੱਲ ਇਸ਼ਾਰਾ ਕਰਦੇ ਹੋਏ। ਮੇਰੇ ਲਈ ਬੀਬੀ ਜੀ ਦੇ ਉਹ ਅਲਫਾਜ ਬਹੁਤ ਭਾਵੁਕ ਸਨ। ਮੈਂ ਤੇ ਮੇਰੀ ਬੇਟੀ ਉਨਾਂ ਦੇ ਮਗਰ-ਮਗਰ ਤੁਰ ਪਏ। ਬੀਬੀ ਮਹਿੰਦਰ ਕੌਰ ਜੀ ਨੇ ਬੜੇ ਸਤਿਕਾਰ ਨਾਲ ਸ਼ਹੀਦੀ ਗੈਲਰੀ ਦੇ ਸ਼ੁਰੂਆਤ ਵਿੱਚ ਲੱਗੀਆਂ ਤਸਵੀਰਾਂ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਜੀ, ਸ਼ਹੀਦ ਜਨਰਲ ਸ਼ਬੇਗ ਸਿੰਘ ਜੀ, ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਸ਼ਹੀਦ ਬਾਬਾ ਠਾਹਰਾ ਸਿੰਘ ਜੀ ਦੀਆਂ ਤਸਵੀਰਾਂ ਨੂੰ ਹੱਥ ਜੋੜ ਕੇ ਇੱਕ ਮਿੰਟ ਲਈ ਨਿਹਾਰਿਆ। ਫਿਰ ਸ਼ਹੀਦੀ ਗੈਲਰੀ ਦੇ ਅੰਦਰ ਨਿੱਕੇ-ਨਿੱਕੇ ਪੈਰ ਪੁੱਟਣੇ ਸ਼ੁਰੂ ਕਰ ਦਿੱਤੇ। ਸਭ ਲੱਗੀਆਂ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਬੜੇ ਗੌਰ ਨਾਲ ਦੇਖਦੇ ਹੋਏ ਬੀਬੀ ਜੀ ਅੱਗੇ ਵੱਧ ਰਹੇ ਸਨ ਅਤੇ ਮੈਂ ਤੇ ਮੇਰੀ ਬੇਟੀ ਉਨਾਂ ਦੇ ਪਿੱਛੇ-ਪਿੱਛੇ ਵੱਧ ਰਹੇ ਸੀ। ਮੇਰੀ ਨਜ਼ਰ ਬੀਬੀ ਜੀ ਦੀ ਅੱਖ ਵਿੱਚ ਸੀ। ਸ਼ਾਇਦ ਮੈਂ ਬੀਬੀ ਜੀ ਦੀ ਅੰਦਰ ਦੀ ਤਕਲੀਫ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਨਿੱਕੇ-ਨਿੱਕੇ ਕਦਮਾਂ ਨਾਲ ਉਹ ਲਮੇਰਾ ਪੈਂਡਾ ਸ਼ਹੀਦ ਭਾਈ ਮਹਿੰਦਰ ਸਿੰਘ ਜੀ ਦੀ ਤਸਵੀਰ ਕੋਲ ਜਾ ਕੇ ਖਤਮ ਹੋਇਆ। ਬੀਬੀ ਜੀ ਬੜੇ ਹੀ ਸਤਿਕਾਰ ਨਾਲ ਆਪਣੀ ਚੁੰਨੀ ਦੇ ਪੱਲੇ ਨੂੰ ਭਾਈ ਮਹਿੰਦਰ ਸਿੰਘ ਜੀ ਦੀ ਤਸਵੀਰ ਉੱਪਰ ਫੇਰਣ ਲੱਗ ਪਏ। ਮੈਂ ਆਪਣੀ ਬੇਟੀ ਵੱਲ ਜਦ ਦੇਖਿਆ ਤਾਂ ਉਹ ਇਹ ਸਭ ਦੇਖ ਕੇ ਬਹੁਤ ਭਾਵੁਕ ਹੋ ਗਈ ਸੀ। ਇੰਨੇ ਨੂੰ ਬੀਬੀ ਜੀ ਜਦੋਂ ਸਾਡੇ ਵੱਲ ਨੂੰ ਮੁੜੇ ਤਾਂ ਉਨਾਂ ਦੀਆਂ ਅੱਖਾਂ ਭਿੱਜੀਆਂ ਹੋਈਆਂ ਸੀ ਤੇ ਆਪਣੇ ਉਸੇ ਹੀ ਪੱਲੇ ਨਾਲ ਆਪਣੀਆਂ ਅੱਖਾਂ ਸਾਫ ਕਰਦੇ ਹੋਏ ਕਹਿੰਦੇ, “ਪੁੱਤ ਇਹ ਨੇ ਮੇਰੇ ਸਿੰਘ।“ ਯਕੀਨ ਮੰਨਣਾ ਉਸ ਸਮੇਂ ਮੈਂ ਖੁਦ ਸੁੰਨ ਹੋ ਚੁੱਕੀ ਸੀ। ਬੀਬੀ ਜੀ ਦੇ ਅੰਦਰ ਦੇ ਵੈਰਾਗ ਨੂੰ ਉਨਾਂ ਨੇ ਬਿਨਾਂ ਕੁਝ ਜ਼ਿਆਦਾ ਕਹੇ ਹੀ ਸਮਝਾ ਦਿੱਤਾ ਸੀ। ਬੀਬੀ ਜੀ ਤਸਵੀਰ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠ ਗਏ। ਅਸੀਂ ਵੀ ਉਨਾਂ ਕੋਲ ਚੁੱਪ-ਚਾਪ ਬੈਠ ਕੇ ਤਸਵੀਰ ਵੱਲ ਦੇਖ ਰਹੇ ਸੀ। ਦਰਅਸਲ ਮੈਨੂੰ ਸਮਝ ਹੀ ਨਹੀਂ ਲੱਗ ਰਿਹਾ ਸੀ ਕਿ ਬੀਬੀ ਜੀ ਨਾਲ ਮੈਂ ਗੱਲ ਦੀ ਸ਼ੁਰੂਆਤ ਕਿਵੇਂ ਕਰਾਂ। ਅਜੀਬ ਜਿਹਾ ਸਨਾਟਾ ਮੇਰੇ ਦਿਮਾਗ ਉੱਪਰ ਛਾ ਗਿਆ ਸੀ। ਅਖੀਰ ਉਸ ਸਨਾਟੇ ਨੂੰ ਤੋੜਦੇ ਹੋਏ ਬੀਬੀ ਜੀ ਬਹੁਤ ਦਲੇਰੀ ਨਾਲ ਬੋਲੇ ਸਿੰਘ ਸਾਹਿਬ ਦੀ ਉਮਰ ਮਹਿਜ਼ 35 ਸਾਲ ਦੀ ਸੀ। ਬਹੁਤ ਪੜੇ ਲਿਖੇ ਅਤੇ ਸਮਝਦਾਰ ਇਨਸਾਨ ਸਨ। ਹਰ ਪੱਖੋਂ ਮੈਂ ਉੱਨਾਂ ਨੂੰ ਨਿਪੁੰਨ ਸਮਝਦੀ ਸੀ। ਆਪਣੇ ਪਰਿਵਾਰ ਨੂੰ ਪਿਆਰ ਕਰਣ ਵਾਲੇ ਅਤੇ ਸੰਭਾਲਣ ਵਾਲੇ ਸਨ। ਇੱਕ ਦਿਨ ਮੈਨੂੰ ਆ ਕੇ ਕਹਿੰਦੇ ਮੈਂ ਅੰਮ੍ਰਿਤ ਦੀ ਦਾਤ ਲੈਣ ਲੱਗਾ ਹਾਂ ਤੂੰ ਵੀ ਮੇਰੇ ਨਾਲ ਅੰਮ੍ਰਿਤ ਦੀ ਦਾਤ ਲਏਂਗੀ। ਮੈਂ ਕਿਹਾ ਮੈਂ ਤਾਂ ਹਮੇਸ਼ਾਂ ਹੀ ਤੁਹਾਡੇ ਪੈਂਡਿਆਂ ਤੇ ਪਿੱਛੇ-ਪਿੱਛੇ ਹੀ ਹਾਂ। ਬੱਸ ਸ਼ਹੀਦੀ ਪਾਉਣ ਤੋਂ ਮੈਂਨੂੰ ਕਿਵੇਂ ਪਿੱਛੇ ਛੱਡ ਗਏ ਇਹ ਅੱਜ ਤੱਕ ਮੈਨੂੰ ਸਮਝ ਨਹੀਂ ਆਇਆ। ਅਸੀਂ ਵੀ ਨਾਲ ਹੀ ਸ਼ਹੀਦ ਹੋ ਜਾਂਦੇ। ਬੀਬੀ ਜੀ ਦੇ ਇੰਨਾਂ ਸਬਦਾਂ ਨਾਲ ਮੈਂ ਆਪਣੀ ਅੱਖਾਂ ਵਿੱਚੋਂ ਹੰਝੂ ਕਿਰਦੇ ਰੋਕ ਨਾ ਪਾਈ। ਮੈਂ ਬੀਬੀ ਜੀ ਦੇ ਚਹਿਰੇ ਵੱਲ ਦੇਖ ਰਹੀ ਸੀ ਤੇ ਬੀਬੀ ਜੀ ਤਸਵੀਰ ਵੱਲ, ਬੀਬੀ ਜੀ ਬੋਲ ਰਹੇ ਸਨ ਤੇ ਮੈਂ ਸੁਣ ਰਹੀ ਸੀ। ਇੰਜ ਲੱਗ ਰਿਹਾ ਸੀ ਜਿਵੇਂ 1984 ਦੇ ਸਮੇਂ ਦੀ ਇੱਕ ਰੀਲ ਮੇਰੇ ਸਾਹਮਣੇ ਚੱਲ ਰਹੀ ਹੋਵੇ। ਬੀਬੀ ਜੀ ਨੇ ਦੱਸਿਆ ਕਿ ਅਸੀਂ ਦੋਨਾਂ ਨੇ ਇਕੱਠੇ ਸ਼੍ਰੀ ਫਤਹਿਗੜ ਸਾਹਿਬ ਵਿਖੇ ਸੰਤਾਂ ਕੋਲੋ ਅੰਮ੍ਰਿਤ ਸੰਚਾਰ ਦੀ ਦਾਤ ਹਾਂਸਿਲ ਕੀਤੀ ਅਤੇ ਗੁਰੂ ਵਾਲੇ ਬਣ ਗਏ। ਮੇਰੇ ਸਿੰਘ ਵੀ ਆਪਣੇ ਆਖ਼ਰੀ ਸਾਹਾਂ ਤੱਕ ਆਪਣਾ ਸਿੱਖੀ ਸਿੱਦਕ ਨਿਭਾ ਗਏ ਅਤੇ ਮੈਂ ਵੀ ਆਪਣਾ ਸਾਰਾ ਜੀਵਨ ਇਸੇ ਸਿੱਦਕ ਵਿੱਚ ਗੁਜ਼ਾਰ ਰਹੀ ਹਾਂ। ਬੀਬੀ ਜੀ ਦੱਸਦੇ ਕਿ ਸੰਤਾਂ ਨੇ ਉਨਾਂ ਨੂੰ ਗੁਰੂ ਨਾਨਕ ਨਿਵਾਸ ਵਿੱਚ ਕਮਰਾ ਦਿੱਤਾ ਹੋਇਆ ਸੀ ਜਿੱਥੇ ਉਹ ਆਪਣੇ ਬੱਚਿਆਂ ਨਾਲ ਰਹਿੰਦੇ ਸਨ ਅਤੇ ਗੁਰੂ ਘਰ ਆਈਆਂ ਸੰਗਤਾਂ ਦੀ ਸੇਵਾ ਕਰਦੇ ਸਨ। ਉਸ ਸਮੇਂ ਸੰਤਾਂ ਨਾਲ ਰਹਿਣ ਵਾਲੇ ਸਾਰੇ ਨੋਜਵਾਨ 20 ਤੋਂ 35 ਸਾਲ ਦੀ ਉਮਰ ਦੇ ਹੁੰਦੇ ਸਨ। ਸਭ ਨੇ ਚੋਲੇ ਪਾਏ ਹੋਣੇ, ਦੁਮਾਲੇ ਸਜਾਏ ਹੋਣੇ। ਸਾਰੇ ਇੱਕੋ ਜਿਹੇ ਲੱਗਣੇ, ਰੱਤੀ ਭਰ ਨਾ ਕਿਸੇ ਵਿੱਚ ਫਰਕ ਲੱਗਣਾ। ਸਾਰੇ ਗੁਰਸਿੱਖ ਇੰਨੇ ਸੋਹਣੇ ਲੱਗਣੇ ਜਿਵੇਂ ਗੁਰੂ ਦੇ ਲਾਡਲੇ ਹੋਣ। ਸਭ ਨੇ ਇਕੱਠੇ ਲੰਗਰ ਛੱਕਣਾ, ਇਕੱਠੇ ਪਾਠ ਬਾਣੀ ਪੜਣੀ। ਉਹ ਰੰਗ ਦੁਬਾਰਾ ਕਦੇ ਦੇਖਣ ਨੂੰ ਨਹੀਂ ਮਿਲਿਆ ਜੋ ਸੰਤਾਂ ਨਾਲ ਰਹਿ ਕੇ ਦੇਖ ਲਿਆ। ਸੰਤ ਹਮੇਸ਼ਾਂ ਸਾਨੂੰ ਬੀਬੀਆਂ ਨੂੰ ਬਹੁਤ ਸਤਿਕਾਰ ਦਿੰਦੇ ਸਨ। ਉਨਾਂ ਹਮੇਸ਼ਾਂ ਕਹਿਣਾ ਪੁਲਿਸ ਜੇਕਰ ਘਰਾਂ ਵਿੱਚ ਆਵੇ ਤਾਂ ਕਦੇ ਘਬਰਾਉਣਾ ਨਹੀਂ ਹੈ, ਦਲੇਰੀ ਨਾਲ ਜਵਾਬ ਦਿਆ ਕਰੋ, ਤੁਸੀਂ ਦਲੇਰ ਸਿੰਘਾਂ ਦੀਆਂ ਸਿੰਘਣੀਆਂ ਹੋ। ਪਤਾ ਨਹੀਂ ਜਾਲਿਮ ਸਰਕਾਰ ਨੇ ਇੰਨਾਂ ਕਹਿਰ ਕਿਉਂ ਢਾਹ ਦਿੱਤਾ ਸਾਡੀ ਕੌਮ ਉੱਤੇ। ਸਾਡੇ ਸਿਰ ਕੱਢ ਯੋਧੇ ਸ਼ਹੀਦ ਕਰ ਦਿੱਤੇ। ਸਾਰੇ ਸ਼ਹੀਦ ਹੋ ਜਾਂਦੇ ਪਰ ਸਾਡੇ ਸੰਤ ਨਾ ਸ਼ਹੀਦ ਹੁੰਦੇ। ਜੇਕਰ ਅੱਜ ਸਾਡੇ ਸੰਤ ਹੁੰਦੇ ਤਾਂ ਸਾਨੂੰ ਸਭ ਪਰਿਵਾਰਾਂ ਨੂੰ ਉਨਾਂ ਨੇ ਸੰਭਾਲ ਲੈਣਾ ਸੀ। ਪਰ ਇਸ ਜਾਲਿਮ ਸਰਕਾਰ ਨੇ ਸਾਥੋਂ ਸਾਡੇ ਸੰਤ ਵੀ ਖੋਹ ਲਏ। ਮੈਂ ਆਪਣੇ ਸਿੰਘ ਨੂੰ ਇੱਥੇ ਹੀ ਛੱਡ ਕੇ ਗਈ ਸੀ। ਇਸ ਲਈ ਹਮੇਸ਼ਾਂ ਇੱਥੇ ਆ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਅੱਜ ਵੀ ਇੱਥੇ ਹੀ ਹਨ। ਮੈਂ ਜਦੋਂ ਵੀ ਦਰਬਾਰ ਸਾਹਿਬ ਦੀ ਪਰਕਿਰਮਾ ਵਿੱਚੋਂ ਲੰਘਦੀ ਹਾਂ ਤਾਂ ਮੈਨੂੰ 1984 ਦੇ ਸਮੇਂ ਦੀ ਪਰਿਕਰਮਾ ਵਿੱਚ ਤੁਰਦੇ ਫਿਰਦੇ ਸ਼ਹੀਦ ਸਿੰਘ ਦਿੱਸਦੇ ਹਨ। ਮੇਰੇ ਸਿੰਘ ਨੇ ਮੈਨੂੰ ਹਮੇਸ਼ਾਂ ਕਹਿਣਾ ਕਿ ਅਸੀਂ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਹੀ ਸ਼ਹੀਦੀ ਪਾਉਣੀ ਹੈ। ਮੇਰੇ ਤੋਂ ਪਿੱਛੋਂ ਕਿਰਤ ਕਰਣੀ ਤੇ ਬੱਚਿਆ ਨੂੰ ਜਿੰਨਾਂ ਹੋ ਸਕੇ ਪੜਾਉਣਾ। ਗੁਰੂ ਘਰ ਨਾਲ ਜੋੜੀ ਰੱਖਣਾ ਅਤੇ ਸਿੱਖੀ ਦੀ ਦਾਤ ਆਪਣੇ ਘਰ ਚੋ ਜਾਣ ਨਹੀਂ ਦੇਣੀ। ਮੈਂ ਅੱਜ ਤੱਕ ਉੱਨਾਂ ਦੇ ਬੋਲ ਪੁਗਾ ਰਹੀ ਹਾਂ। ਮੈਂ ਉਨਾਂ ਦੀ ਸ਼ਹਾਦਤਾਂ ਤੋਂ ਬਾਅਦ ਕਦੇ ਵੀ ਕਿਸੇ ਅੱਗੇ ਹੱਥ ਨਹੀਂ ਅੱਡੇ। ਆਪਣੀ ਕਿਰਤ ਕੀਤੀ ਅਤੇ ਆਪਣੀ ਮਿਹਨਤ ਨਾਲ ਸਾਰੇ ਬੱਚਿਆਂ ਨੂੰ ਪੜਾ-ਲਿਖਾ ਕੇ ਉਨਾਂ ਨੂੰ ਕਾਬਿਲ ਬਣਾਇਆ। ਆਪਣੀਆਂ ਧੀਆਂ ਦੇ ਹੈਸਿਯਤ ਮੁਤਾਬਿਕ ਵਿਆਹ ਕੀਤੇ। ਪਰ ਕਦੇ ਕਿਸੇ ਕੋਲੋ ਮਦਦ ਨਹੀਂ ਮੰਗੀ। ਬਹੁਤ ਗਰੀਬੀ ਕੱਟੀ ਅਸੀਂ, ਕਦੇ ਕਿਸੇ ਵੀ ਜੱਥੇਬੰਦੀ ਨੇ ਸਾਰ ਨਹੀਂ ਲਈ ਸਾਡੀ ਅਤੇ ਨਾ ਹੀ ਮੈਂ ਕਦੇ ਕਿਸੇ ਅੱਗੇ ਕੋਈ ਫ਼ਰਿਆਦ ਕੀਤੀ। ਸ਼੍ਰੋਮਣੀ ਗੁਰਦੁਆਰਾ ਪੰਬੰਧਕ ਕਮੇਟੀ ਵਿੱਚ ਨੌਕਰੀ ਮਿਲ ਗਈ ਸੀ ਬੱਸ ਉਸ ਨਾਲ ਹੀ ਬੱਚਿਆਂ ਅਤੇ ਘਰ ਦੀ ਸੰਭਾਲ ਕੀਤੀ। ਪ੍ਰਬੰਧਕ ਕਮੇਟੀ ਦੇ ਕਈ ਆਗੂਆਂ ਨੇ ਮੈਨੂੰ ਕਮੇਟੀ ਦੇ ਪ੍ਰਧਾਨਾਂ ਘਰ ਕੰਮ ਕਰਣ ਲਈ ਕਿਹਾ ਪਰ ਮੈਂ ਸਾਫ ਇਨਕਾਰ ਕਰ ਦਿੱਤਾ। ਮੈਂ ਕਿਹਾ ਮੈਂ ਗੁਰੂ ਕਰ ਦੀ ਹੀ ਸੇਵਾ ਸਾਰੀ ਉਮਰ ਕਰਾਂਗੀ ਕਿਸੇ ਵੀ ਆਗੂ ਦੀ ਚਾਕਰੀ ਮੇਰੇ ਕੋਲੋ ਨਹੀਂ ਹੋਣੀ। ਆਪਣੇ ਸਿੱਦਕ ਅਤੇ ਦ੍ਰਿੜ ਇਰਾਦੇ ਨਾਲ ਕੰਮ ਕਰਦੇ ਹੋਏ ਹੁਣ ਮੈਂ ਰਿਟਾਇਰ ਹੋ ਚੁੱਕੀ ਹਾਂ। ਮੇਰੇ ਪੁੱਛਣ ਤੇ ਉਨਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨਾਂ ਨੂੰ ਕਿਸੇ ਤਰਾਂ ਦੀ ਕੋਈ ਪੈਨਸ਼ਨ ਨਹੀਂ ਮਿਲਦੀ। ਸਰਕਾਰ ਵੱਲੋਂ ਬੁਢਾਪਾ 1500 ਪੈਨਸ਼ਨ ਰੁਪਏ ਮਿਲਦੇ ਹਨ। ਬਾਕੀ ਤਿੰਨੋਂ ਧੀਆਂ ਮੈਂ ਔਖੇ ਸੌਖੇ ਵਿਆਹ ਦਿੱਤੀਆਂ ਹਨ ਦੋ ਪੁੱਤ ਹਨ ਉਹ ਆਪਣੀ ਕਿਰਤ ਕਮਾਈ ਕਰ ਰਹੇ ਹਨ। ਭਾਈ ਕੁਲਜੀਤ ਸਿੰਘ ਵੱਲੋਂ ਦੱਸਦੇ ਹੋਏ ਕਹਿੰਦੇ ਹਨ ਕਿ ਅਸੀਂ ਸਾਰਾ ਪਰਿਵਾਰ ਤਾਂ ਚੁੱਪਚਾਪ ਗੁਮਨਾਮੀ ਦਾ ਜੀਵਨ ਬਤੀਤ ਕਰ ਰਹੇ ਸੀ ਪਰ ਮੇਰੇ ਛੋਟੇ ਪੁੱਤ ਭਾਈ ਕੁਲਜੀਤ ਸਿੰਘ ਨੂੰ ਆਪਣੇ ਪਿਤਾ ਬਾਰੇ ਸਭ ਨੂੰ ਦੱਸਣਾ ਬਹੁਤ ਚੰਗਾ ਲੱਗਦਾ ਹੈ। ਉਹ ਚਾਹੁੰਦਾ ਹੈ ਕਿ ਉਨਾਂ ਦੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਉਨਾਂ ਦੇ ਦਾਦੇ ਨੇ ਪੰਥ ਦੀ ਸੇਵਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਹੈ। ਆਪਣੇ ਪਿਤਾ ਅਤੇ ਸੰਤਾਂ ਦੀ ਗੱਲਾਂ ਉਹ ਆਪਣੇ ਬੱਚਿਆਂ ਨੂੰ ਦੱਸਦਾ ਰਹਿੰਦਾ ਹੈ। ਬੀਬੀ ਜੀ ਨੇ ਦੱਸਿਆ ਕਿ ਉੱਨਾਂ ਦੇ ਵੱਡੇ ਪੋਤਰੇ ਦਾ ਕੱਦ ਕਾਠ ਅਤੇ ਮੁਹਾਂਦਰਾ ਉਸਦੇ ਦਾਦੇ ਵਰਗਾ ਹੈ। ਅਸੀਂ ਉਸਨੂੰ ਤਬਲੇ ਦੀ ਸਿੱਖਿਆ ਦਵਾ ਰਹੇ ਹਾਂ ਅਤੇ ਚਾਹੁੰਦੇ ਹਾਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਕਰਕੇ ਗੁਰੂ ਘਰ ਦੀ ਸੇਵਾ ਕਰੇ। ਬੀਬੀ ਜੀ ਕਹਿੰਦੇ ਕੀ ਉਨਾਂ ਦੀਆਂ ਵੱਡੀਆਂ ਦੋ ਧੀਆਂ ਨੂੰ ਉਨਾਂ ਦੇ ਪਿਤਾ ਦੀ ਅਤੇ ਸੰਤਾਂ ਦੀ ਪੂਰੀ ਯਾਦ ਹੈ। ਉਹ ਆਪਣੇ ਛੋਟੇ ਭਰਾਂਵਾਂ ਅਤੇ ਆਪਣੇ ਬੱਚਿਆਂ ਨੂੰ ਸਭ ਗੱਲਾਂ ਦੱਸਦੀਆਂ ਹੁੰਦੀਆਂ ਹਨ। ਬੇਸ਼ੱਕ ਸਾਡਾ ਪਰਿਵਾਰ ਕੌਮ ਵੱਲੋਂ ਅਣਗੋਲਿਆ ਗਿਆ ਹੈ ਪਰ ਅਸੀਂ ਆਪਣੇ ਪਰਿਵਾਰ ਵਿੱਚ ਸ਼ਹੀਦਾਂ ਦੀ ਮਾਣਮੱਤੀ ਯਾਦ ਨੂੰ ਸੰਭਾਲ ਕੇ ਬੈਠੇ ਹਾਂ। ਬੀਬੀ ਜੀ ਕਹਿੰਦੇ ਮੇਰੀ ਪਹਿਲੀ ਤਨਖਾਹ ਮਾਤਰ 100 ਰੁਪਏ ਸੀ ਫਿਰ ਕਾਫ਼ੀ ਸਮੇਂ ਬਾਦ 700 ਰੁਪਏ ਹੋਈ ਅਤੇ ਜਦੋਂ ਮੈਂ ਤਿੰਨ ਸਾਲ ਪਹਿਲਾਂ ਰਿਟਾਇਰ ਹੋਈ ਉਸ ਸਮੇਂ ਮੇਰੀ ਤਨਖਾਹ 18000 ਰੁਪਏ ਸੀ। ਮੈਂ ਸਾਰੀ ਜ਼ਿੰਦਗੀ ਬਹੁਤ ਸਾਦਗੀ ਨਾਲ ਅਤੇ ਸਿੱਦਕ ਨਾਲ ਬਿਤਾਈ ਹੈ। ਬੀਬੀ ਜੀ ਨੇ ਦੱਸਿਆ ਕਿ ਮੇਰੇ ਸਿੰਘ ਨੇ ਮੈਨੂੰ 3 ਜੂਨ ਨੂੰ ਬੱਚੇ ਲੈ ਕੇ ਘਰ ਜਾਣ ਨੂੰ ਕਹਿ ਦਿੱਤਾ ਸੀ। ਉਹ ਮੇਰੀ ਆਖ਼ਰੀ ਮੁਲਾਕਾਤ ਸੀ ਉਨਾਂ ਨਾਲ। ਦੁਬਾਰਾ ਕਦੇ ਮੇਲ ਨਹੀਂ ਹੋਇਆ। ਸਾਨੂੰ ਤਾਂ ਉਨਾਂ ਦੀ ਮ੍ਰਿਤਕ ਦੇਹ ਦੇ ਦਰਸ਼ਨ ਕਰਨੇ ਵੀ ਨਸੀਬ ਨਾ ਹੋਏ। ਇਹ ਸੁਣਿਆ ਸੀ ਕਿ ਸਰਕਾਰ ਨੇ ਸਭ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਨੂੰ ਟਰੱਕ ਵਿੱਚ ਭਰ ਕੇ ਕਿਸੇ ਅਗਿਆਤ ਜਗਾ ਉੱਤੇ ਲੈ ਗਏ। ਸ਼ਾਇਦ ਸਭ ਦਾ ਇਕੱਠੇ ਸੰਸਕਾਰ ਕਰ ਦਿੱਤਾ ਹੋਵੇ। ਕੁਝ ਸੁਨਿਸ਼ਚਤ ਪਤਾ ਨਹੀਂ ਕੀ ਵਾਪਰਿਆ ਉਨਾਂ ਨਾਲ। 7 ਜੂਨ ਨੂੰ ਰੇਡਿਉ ਉੱਤੇ ਖਬਰਾਂ ਤੋਂ ਪਤਾ ਲੱਗਾ ਕਿ ਸੰਤ ਸ਼ਹੀਦ ਹੋ ਗਏ ਹਨ। ਕਿਸੇ ਘਰ ਚੁੱਲ੍ਹਾ ਨਾ ਬਲਿਆ। ਹਰ ਪਾਸੇ ਸੋਗ ਫੈਲ ਗਿਆ ਸੀ। ਕੁਝ ਵੀ ਚੰਗਾ ਨਹੀਂ ਸੀ ਲੱਗਦਾ। ਹਰ ਪਾਸੇ ਕਰਫਿਓ ਲੱਗਾ ਹੋਇਆ ਸੀ ਕਿੱਧਰੇ ਜਾਂ ਵੀ ਨਹੀਂ ਸੀ ਸਕਦੇ। ਸਾਰੀ ਆਵਾਜਾਈ ਠੱਪ ਹੋਈ ਪਈ ਸੀ। ਤਕਰੀਬਨ ਤਿੰਨ ਮਹੀਨੇ ਬਾਦ ਪਰਿਵਾਰ ਨੇ ਮੈਨੂੰ ਭੇਜਿਆ ਕਿ ਸਿੰਘ ਦਾ ਪਤਾ ਕਰਕੇ ਆ, ਸ਼੍ਰੀ ਦਰਬਾਰ ਸਾਹਿਬ ਵਿਖੇ ਜਦੋਂ ਮੈਂ ਪਹੁੰਚੀ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੰਜ਼ਰ ਵੇਖ ਦਿਲ ਚੋ ਹਾਅ ਨਿਕਲ ਗਈ ਸੀ। ਆਪਣਾ ਮਨ ਡਾਡਾ ਕਰਕੇ ਪ੍ਰਬੰਧਕਾਂ ਨਾਲ ਰਾਬਤਾ ਕਰਣ ਤੇ ਪਤਾ ਲੱਗਾ ਕਿ ਸੰਤਾਂ ਨਾਲ ਜਿੰਨੇ ਵੀ ਸਿੰਘ ਸੀ ਤਕਰੀਬਨ ਸ਼ਹੀਦ ਹੋ ਗਏ ਹਨ, ਕੁਝ ਗਿਨੇ ਚੁਣੇ ਜੇਲਾਂ ਵਿੱਚ ਕੈਦ ਹਨ। ਜਦ ਮੈਂ ਆਪਣੇ ਸਿੰਘ ਦਾ ਨਾਮ ਲਿਆ ਤਾਂ ਕਹਿੰਦੇ ਉਹ ਸ਼ਹੀਦ ਹੋ ਚੁੱਕੇ ਹਨ। ਉਨਾਂ ਨੂੰ ਕਈ ਪ੍ਰਬੰਧਕ ਜਾਣਦੇ ਸਨ। ਰਜਿਸਟਰ ਵਿੱਚ ਉਨਾਂ ਦਾ ਨਾਮ ਸ਼ਹਿਦਾਂ ਵਿੱਚ ਦਰਜ ਕਰਕੇ ਮੈਨੂੰ ਇੱਕ ਰਸੀਦ ਦੇ ਦਿੱਤੀ ਅਤੇ ਕਿਹਾ ਕਿ ਆਪ ਜੀ ਨੂੰ ਕੁਝ ਸਮੇਂ ਤੱਕ ਸੂਚਿਤ ਕਿੱਤਾ ਜਾਏਗਾ ਅਤੇ ਕਮੇਟੀ ਵੱਲੋਂ ਆਪ ਜੀ ਦੇ ਪਰਿਵਾਰ ਨੂੰ ਕੁਝ ਰਾਸ਼ੀ ਦਿੱਤੀ ਜਾਵੇਗੀ। ਜੋ ਕਿ ਦਿੱਤੀ ਵੀ ਗਈ ਸੀ। ਉਹ ਰਸੀਦ ਲਿਆ ਕੇ ਮੈਂ ਆਪਣੇ ਪਰਿਵਾਰ ਨੂੰ ਦੇ ਦਿੱਤੀ ਅਤੇ ਉਸ ਨਾਲ ਹੀ ਸਿੰਘ ਦੇ ਘਰ ਵਾਪਿਸ ਆਉਣ ਦੀ ਸਾਡੀ ਉਮੀਦ ਹਮੇਸ਼ਾਂ ਲਈ ਖਤਮ ਹੋ ਗਈ। ਪਰ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਸ਼ੱਕ ਦੀ ਸੂਈ ਉਨਾਂ ਨੂੰ ਬਾਰ-ਬਾਰ ਸਾਡੇ ਘਰ ਦੇ ਦਰਵਾਜ਼ੇ ਖੜਕਾਉਣ ਲਈ ਭੇਜ ਦਿੰਦੀ ਸੀ। ਕਾਫ਼ੀ ਸਮੇਂ ਤੱਕ ਪ੍ਰਸ਼ਾਸਨ ਨੂੰ ਇਹ ਹੀ ਸ਼ੱਕ ਰਿਹਾ ਕਿ ਸਿੰਘ ਜਿਉਂਦੇ ਹਨ ਅਤੇ ਕਿੱਧਰੇ ਰੂਪੋਸ਼ ਜੀਵਨ ਬਤੀਤ ਕਰ ਰਹੇ ਹਨ। ਬਾਰ-ਬਾਰ ਸਾਡੇ ਘਰ ਪੁਲਿਸ ਦਾ ਆਣਾ-ਜਾਣਾ ਲੱਗਿਆ ਰਹਿਣ। ਪੁੱਛ-ਗਿੱਛ ਹੁੰਦੀ ਰਹਿਣੀ। ਘਰ ਦੀ ਤਲਾਸ਼ੀ ਹੁੰਦੀ ਰਹਿਣੀ। ਸਿੰਘ ਦੀਆਂ ਤਸਵੀਰਾਂ ਤੱਕ ਪੁਲਿਸ ਸਾਡੇ ਘਰੋਂ ਲੈ ਗਈ। ਦੋ ਚਾਰ ਤਸਵੀਰਾਂ ਜੋ ਬੀਬੀ ਜੀ ਦੀ ਸਮਝਦਾਰੀ ਕਰਕੇ ਪੁਲਿਸ ਦੇ ਹੱਥ ਨਾ ਆ ਸਕੀਆਂ, ਜੋ ਅੱਜ ਸ਼ਹੀਦੀ ਗੈਲਰੀ ਵਿੱਚ ਸੁਸ਼ੋਬਿਤ ਹਨ ਅਤੇ ਸੰਗਤਾਂ ਸ਼ਹੀਦ ਮਹਿੰਦਰ ਸਿੰਘ ਗੱਜਣ ਸਿੰਘ ਜੀ ਦੇ ਦਰਸ਼ਨ ਕਰ ਪਾਉਂਦੇ ਹਨ। ਬੀਬੀ ਜੀ ਦੱਸਦੇ ਹਨ ਕਿ ਘਰ ਤਾਂ ਪੁਲਿਸ ਗਾਹੇ-ਬਗਾਹੇ ਚੱਕਰ ਮਾਰਦੇ ਹੀ ਰਹਿੰਦੇ ਸਨ ਪਰ ਜਿਸ ਗੁਰੂ ਘਰ ਮੈਂ ਨੌਕਰੀ ਕਰਦੀ ਸੀ ਉੱਥੇ ਵੀ ਬਾਰ-ਬਾਰ ਆ ਕੇ ਸਿੰਘ ਬਾਰੇ ਪੁੱਛ-ਗਿੱਛ ਕਰਨੀ। ਇੱਕ ਦਿਨ ਸਾਡੇ ਗੁਰੂ ਘਰ ਦੇ ਮੈਨੇਜਰ ਨੇ ਗੁੱਸੇ ਨਾਲ ਪੁਲਿਸ ਕਰਮਚਾਰੀਆਂ ਨੂੰ ਤਾੜਨਾ ਕੀਤੀ ਕਿ ਬੀਬੀ ਪਿਛਲੇ ਤਿੰਨ ਸਾਲ ਤੋਂ ਮਿਹਨਤ ਕਰਕੇ ਇੱਕਲੀ ਆਪਣੇ ਬੱਚੇ ਪਾਲ ਰਹੀ ਹੈ ਇਸਨੂੰ ਤੰਗ ਕਰਨਾ ਬੰਦ ਕਰੋ ਨਹੀਂ ਤਾਂ ਮੈਂ ਤੁਹਾਡੇ ਖਿਲਾਫ ਕਨੂੰਨੀ ਕਾਰਵਾਈ ਲਈ ਦਰਖ਼ਾਸਤ ਦੇਵਾਂਗਾ। ਫਿਰ ਉਸ ਤੋਂ ਬਾਦ ਸਾਡੀ ਜ਼ਿੰਦਗੀ ਵਿੱਚ ਥੋੜੀ ਸ਼ਾਂਤੀ ਹੋਈ। ਸਿੰਘ ਦੇ ਪਿਤਾ ਜੀ ਜੋ ਉਨਾਂ ਦੇ ਸ਼ਹੀਦ ਹੋਣ ਤੋਂ ਪਹਿਲਾਂ ਹੀ ਅਧਰੰਗ ਦੀ ਬਿਮਾਰੀ ਨਾਲ ਜੂਝ ਰਹੇ ਸੀ ਸਿੰਘ ਦੀ ਸ਼ਹਾਦਤ ਦਾ ਗਮ ਜ਼ਿਆਦਾ ਦੇਰ ਨਾ ਸਹਾਰ ਸਕੇ ਅਤੇ ਅਕਾਲ ਚਲਾਣਾ ਕਰ ਗਏ। ਕੁਝ ਚਿਰ ਮਗਰੋਂ ਉਨਾਂ ਦੇ ਮਾਤਾ ਜੀ ਵੀ ਆਪਣੇ ਸਵਾਸ ਪੂਰੇ ਕਰਕੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਬੀਬੀ ਜੀ ਦੱਸਦੇ ਹਨ ਕਿ ਸਿੰਘ ਬਹੁਤ ਸੋਹਣੀ ਨੌਕਰੀ ਕਰਿਆ ਕਰਦੇ ਸਨ। ਸਾਡਾ ਸਾਰਾ ਪਰਿਵਾਰ ਬਹੁਤ ਹੀ ਪੜ੍ਹਿਆ ਲਿਖਿਆ ਅਤੇ ਖੁਸ਼ਹਾਲ ਸੀ। ਬੱਸ ਇੱਕ ਨਾਜਾਇਜ਼ ਪਰਚੇ ਨੇ ਸਿੰਘ ਦੇ ਜੀਵਨ ਦਾ ਰੁੱਖ ਉਹ ਬਦਲਿਆ ਕਿ ਕਾਫੀ ਸਮਾਂ ਸਿੰਘ ਨੂੰ ਘਰੋਂ ਬੇਘਰ ਹੋ ਕੇ ਰੂਪੋਸ਼ ਜੀਵਨ ਬਤੀਤ ਕਰਨਾ ਪਿਆ। ਜਿਸਦੇ ਚੱਲਦੇ ਪੁਲਿਸ ਨੇ ਸਾਨੂੰ ਸਾਰੇ ਪਰਿਵਾਰ ਦੇ ਜੀਆਂ ਨੂੰ ਨਾਜਾਇਜ਼ ਹਿਰਾਸਤ ਵਿੱਚ ਵੀ ਕਈ ਵਾਰ ਰੱਖਿਆ ਅਤੇ ਤਸ਼ਦੱਦ ਵੀ ਕੀਤਾ। ਅਖੀਰ ਮੈਂ ਸੰਤਾਂ ਅੱਗੇ ਜਾ ਕੇ ਅਰਜੋਈ ਕੀਤੀ ਕਿ ਸਾਨੂੰ ਪੁਲਿਸ ਬਹੁਤ ਤੰਗ ਪ੍ਰੇਸ਼ਾਨ ਕਰਦੀ ਹੈ ਤਾਂ ਸੰਤਾਂ ਦੇ ਬਚਨ ਸਨ ਕਿ ਸੰਗਤ ਜੀ ਆਪ ਸੁਣ ਲੋ ਇਸ ਬੀਬੀ ਨਾਲ ਅਤੇ ਇਸਦੇ ਪਰਿਵਾਦ ਦੇ ਜੀਆਂ ਨਾਲ ਪ੍ਰਸ਼ਾਸਨ ਵੱਲੋਂ ਕਿੰਨਾਂ ਤਸ਼ਦੱਦ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਬੀਬੀ ਜੀ ਤੁਸੀਂ ਘਰ ਜਾਓ ਹੁਣ ਅਸੀਂ ਆਪ ਸਿੰਘ ਦੀ ਪੈਰਵਾਈ ਕਰਾਂਗੇ। ਫਿਰ ਸੰਤਾਂ ਨੇ ਸਿੰਘ ਨੂੰ ਪੱਕਾ ਆਪਣੇ ਨਾਲ ਹੀ ਰੱਖ ਲਿਆ ਅਤੇ ਉਸਨੂੰ ਗੱਜਣ ਸਿੰਘ ਕਹਿ ਕੇ ਪੁਕਾਰਣ ਲੱਗ ਪਏ। ਕੁਝ ਚਿਰ ਬਾਦ ਮੈਨੂੰ ਅਤੇ ਬੱਚਿਆਂ ਨੂੰ ਵੀ ਸਿੰਘ ਕੋਲ ਹੀ ਬੁਲਾ ਲਿਆ ਗਿਆ। ਨਾਨਕ ਨਿਵਾਸ ਵਿੱਚ ਸਾਨੂੰ ਇੱਕ ਕਮਰਾ ਅਲਾਟ ਹੋ ਗਿਆ। ਜਿਸ ਕਰਕੇ ਅਸੀਂ ਕੁਝ ਸਮਾਂ ਸਾਰਾ ਪਰਿਵਾਰ ਇਕੱਠੇ ਰਹਿ ਸਕੇ। ਬੱਚਿਆਂ ਨੂੰ ਆਪਣੇ ਪਿਓ ਦਾ ਪਿਆਰ ਅਤੇ ਦੁਲਾਰ ਮਿਲ ਸਕਿਆ। 3 ਜੂਨ ਤੋਂ ਬਾਦ ਤਾਂ ਬੱਚਿਆਂ ਕੋਲ ਆਪਣੇ ਪਿਓ ਦੀ ਸਿਰਫ ਤਸਵੀਰ ਹੀ ਹੈ। ਬੀਬੀ ਜੀ ਨੇ ਦੱਸਿਆ ਕਿ ਸਿੰਘ ਜਦੋਂ ਜੇਲ ਵਿੱਚ ਸਨ ਉਨਾਂ ਨੇ ਪਰਿਵਾਰ ਨੂੰ ਕੁਝ ਚਿੱਠੀਆਂ ਲਿਖੀਆਂ ਸਨ ਜਿਸ ਵਿੱਚ ਉਨਾਂ ਨੇ ਸ਼ਹਾਦਤਾਂ ਅਤੇ ਸਰਕਾਰੀ ਹਮਲਿਆਂ ਦਾ ਅੰਦੇਸ਼ਾ ਵੀ ਜਤਾਇਆ ਸੀ। ਉਹ ਹੱਥ ਲਿਖਤ ਚਿੱਠੀਆਂ ਬੀਬੀ ਜੀ ਕੋਲ ਅੱਜ ਵੀ ਹਨ। ਬੀਬੀ ਜੀ ਦੇ ਜ਼ੁਬਾਨੀ ਉਨਾਂ ਦੇ ਸੰਘਰਸ਼ਮਈ ਜੀਵਨ ਦੀ ਗਾਥਾ ਸੁਣ ਕੇ ਮੈਨੂੰ ਸਮਝ ਲੱਗਾ ਕਿ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਨੇ ਆਪਣੀ ਕਿਤਾਬ ਸਿੱਦਕੀ ਤੇ ਸੰਘਰਸ਼ੀ ਵਿੱਚ ਇੰਨਾਂ ਸਿੱਦਕੀ ਬੀਬੀਆਂ ਦੀਆਂ ਗਾਥਾਵਾਂ ਕਿਉਂ ਬਿਆਨ ਕੀਤੀਆਂ ਹਨ। ਮੈਂ ਸਤਿਕਾਰ ਸਹਿਤ ਬੀਬੀ ਜੀ ਨੂੰ ਜਦੋਂ ਕਿਤਾਬ ਭੇਂਟ ਕੀਤੀ ਤਾਂ ਬੜੇ ਹੀ ਚਾਅ ਨਾਲ ਕਿਤਾਬ ਫੜ ਕੇ ਕਿਤਾਬ ਦੇ ਕਵਰ ਨੂੰ ਨਿਹਾਰਿਆ ਫਿਰ ਜੋੜ ਲਾ-ਲਾ ਕੇ ਕਿਤਾਬ ਦਾ ਸਿਰਲੇਖ ਪੜ੍ਹਿਆ। ਬੀਬੀ ਜੀ ਕਹਿੰਦੇ ਮੈਂ ਕੋਰੀ ਅੜਪੜ ਸਾਂ ਪਰ ਮੇਰੀਆਂ ਧੀਆਂ ਨੇ ਜਦੋਂ ਸਕੂਲ ਤੋਂ ਆਉਣਾ ਤਾਂ ਮੈਨੂੰ ਵੀ ਨਾਲ ਪੜਾਉਣਾ। ਹੁਣ ਮੈਂ ਪੰਜਾਬੀ ਬਹੁਤ ਸੋਹਣੀ ਪੜ ਲੈਂਦੀ ਹਾਂ। ਮੈਂ ਧੀਏ ਸਾਰੀ ਕਿਤਾਬ ਹੌਲੀ-ਹੌਲੀ ਜ਼ਰੂਰ ਪੜਾਂਗੀ। ਮੈਂ ਬੀਬੀ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੈਗਜੀਨ ਵੀ ਸਤਿਕਾਰ ਵਜੋਂ ਭੇਂਟ ਕੀਤੀ ਤਾਂ ਬੀਬੀ ਜੀ ਕਹਿੰਦੇ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਚੰਗੀ ਤਰਾਂ ਜਾਣਦੀ ਹਾਂ ਜਦੋਂ ਮੈਂ ਤੇ ਮੇਰੇ ਸਿੰਘ ਨੇ ਅੰਮ੍ਰਿਤ ਛੱਕਿਆ ਸੀ ਤਾਂ ਉਸ ਸਮੇਂ ਫਤਹਿਗੜ ਸਾਹਿਬ ਵਿਖੇ ਸੰਤਾਂ ਨਾਲ ਇਹ ਵੀ ਉੱਥੇ ਮੌਜੂਦ ਸਨ। ਸ. ਸਿਮਰਨਜੀਤ ਸਿੰਘ ਮਾਨ ਦੇ ਸਿਆਸਤ ਵਿੱਚ ਆਉਣ ਤੋਂ ਬਾਦ ਵੀ ਦੋ ਚਾਰ ਮੈਂ ਮਿਲੀ ਸੀ ਪਰ ਫਿਰ ਆਪਣੇ ਘਰ ਦੀ ਕਬੀਲਦਾਰੀ ਵਿੱਚ ਹੀ ਉਲਝ ਕੇ ਰਹਿ ਗਈ। ਬੜੇ ਹੀ ਭਰੇ ਮਨ ਨਾਲ ਬੀਬੀ ਜੀ ਸਿੰਘ ਦੀ ਤਸਵੀਰ ਕੋਲੋਂ ਉੱਠੇ ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਨਾਂ ਦਾ ਵਾਪਿਸ ਜਾਣ ਨੂੰ ਦਿਲ ਨਾ ਕਰ ਰਿਹਾ ਹੋਵੇ। ਪਰ ਉਨਾਂ ਨੇ ਕਿਸੇ ਹੋਰ ਨਾਲ ਵੀ ਮੁਲਾਕਾਤ ਕਰਨੀ ਸੀ। ਅਸੀਂ ਤੁਰਦੇ-ਤੁਰਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਡਲ ਕੋਲ ਜਦੋਂ ਪਹੁੰਚੇ ਤਾਂ ਬੀਬੀ ਜੀ ਦੇ ਪੈਰ ਜਿਵੇਂ ਉੱਥੇ ਸੁੰਨ ਹੀ ਹੋ ਗਏ। ਢੱਠੇ ਹੋਏ ਮਾਡਲ ਨੂੰ ਵੇਖ ਬੀਬੀ ਜੀ ਦੀਆਂ ਅੱਖਾਂ ਦਾ ਨੀਰ ਰੁੱਕ ਨਹੀਂ ਰਿਹਾ ਸੀ। ਭਰੇ ਹੋਏ ਗਲ ਨਾਲ ਕਹਿੰਦੇ ਜਾਲਮਾਂ ਨੇ ਕੀ ਹਾਲਤ ਕਰ ਦਿੱਤੀ ਸੀ ਸਾਡੇ ਤਖ਼ਤ ਦੀ। ਉੱਥੇ ਮੌਜੂਦ ਮੇਰੇ ਵਰਗੀ ਸੰਗਤ ਢੱਠੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਡਲ ਨੂੰ ਨਮਸਕਾਰ ਕਰ ਰਹੇ ਸਨ ਜਾਂ ਤਸਵੀਰਾਂ ਖਿਚਵਾ ਰਹੇ ਸਨ ਜਾਂ ਵਿਡਿਉ ਬਣਾ ਰਹੇ ਸਨ ਪਰ ਬੀਬੀ ਜੀ ਭੀੜ ਵਿੱਚ ਖੜੀ ਤਖਤ ਉੱਤੇ ਹੋਏ ਜ਼ੁਲਮ ਦੀ ਗਵਾਹੀ ਭਰ ਰਹੀ ਸੀ ਅਤੇ ਉਸ ਕਹਿਰ ਦੀ ਤਕਲੀਫ ਨੂੰ ਆਪਣੀਆਂ ਅੱਖਾਂ ਰਾਹੀਂ ਵਹਾ ਰਹੀ ਸੀ। ਮੇਰੀ ਬੇਟੀ ਬੀਬੀ ਜੀ ਨੂੰ ਬਾਰ-ਬਾਰ ਅੱਖਾਂ ਪੂੰਜਦੇ ਦੇਖ ਬਹੁਤ ਭਾਵੁਕ ਹੋ ਗਈ। ਅਸੀਂ ਕਈ ਵਾਰ ਪਹਿਲਾਂ ਵੀ ਸ਼ਹੀਦੀ ਗੈਲਰੀ ਦੇ ਦਰਸ਼ਨ ਕਰਣ ਜਾਂਦੇ ਹਾਂ ਪਰ ਮੇਰੀ ਬੇਟੀ ਤੇ ਮੈਂ ਜੋ ਤਕਲੀਫ਼ ਬੀਬੀ ਜੀ ਨਾਲ ਮਹਿਸੂਸ ਕੀਤੀ ਉਹ ਸਭ ਇਸ ਲੇਖ ਵਿੱਚ ਬਿਆਨ ਕਰ ਰਹੀ ਹਾਂ। ਅੱਜ ਦੀ ਪੀੜੀ ਲਈ ਇਹ ਸਭ ਕਿੱਸੇ ਕਹਾਣੀਆਂ ਹੋ ਸਕਦੇ ਹਨ ਪਰ ਜਿੰਨਾਂ ਪਰਿਵਾਰਾਂ ਨੇ ਇਹ ਸਭ ਅੱਖੀਂ ਵੇਖੀਆ ਤੇ ਹੱਡੀ ਹੰਡਾਇਆ ਹੈ ਉਨਾਂ ਨੂੰ ਮਿਲ ਕੇ ਹੀ ਸਮਝ ਲੱਗਦਾ ਹੈ ਕਿ ਇਹ ਕੋਈ ਕਿੱਸਾ ਜਾਂ ਕਹਾਣੀ ਨਹੀਂ ਹਕੀਕਤ ਹੈ। ਬੀਬੀ ਜੀ ਨੇ ਗੱਲਵਕੜੀ ਵਿੱਚ ਲੈ ਕੇ ਬੜੇ ਪਿਆਰ ਨਾਲ ਸਾਨੂੰ ਮਾਂ ਧੀ ਨੂੰ ਅਲਵਿਦਾ ਕਿਹਾ। ਅਸੀਂ ਸਾਰੇ ਰਾਹ ਬੀਬੀ ਜੀ ਬਾਰੇ ਗੱਲਾਂ ਕਰਦੇ ਆਏ। ਸ਼ਹੀਦ ਸਿੰਘਾਂ ਬਾਰੇ ਗੱਲਾਂ ਕਰਦੇ ਆਏ। ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਅਟੈਕ ਬਾਰੇ ਮੈਂ ਆਪਣੀ ਸਮਝ ਮੁਤਾਬਿਕ ਬੇਟੀ ਨੂੰ ਦੱਸਦੀ ਆਈ। ਇਹ ਸਾਡਾ ਸਿੱਖ ਇਤਿਹਾਸ ਹੈ ਅਤੇ ਇਹ ਪਰਿਵਾਰ ਇਸ ਇਤਿਹਾਸ ਦੇ ਪਾਤਰ ਹਨ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦਾ ਇਹ ਕਿਤਾਬ ਸਿੱਦਕੀ ਤੇ ਸੰਘਰਸ਼ੀ ਲਿਖਣ ਦਾ ਮੰਤਵ ਮੈਨੂੰ ਸਮਝ ਆਇਆ ਕਿ ਜੋ ਲੋਕ ਇਹ ਸਮਝਦੇ ਹਨ ਜਾਂ ਦਰਸਾਉਂਦੇ ਹਨ ਕਿ ਖਾਲਿਸਤਾਨ ਦੀ ਅਜ਼ਾਦੀ ਦਾ ਸੰਘਰਸ਼ ਖਤਮ ਹੋ ਗਿਆ ਜਾਂ ਖਾਲਿਸਤਾਨ ਦੀ ਚਾਹ ਰੱਖਣ ਵਾਲੇ ਪਰਵਾਨੇ ਜਾਲਮਾਂ ਵੱਲੋਂ ਖ਼ਤਮ ਕਰ ਦਿੱਤੇ ਗਏ ਹਨ ਉਹ ਸਰਾਸਰ ਗਲਤ ਹੈ। ਇਹ ਸਿੱਦਕੀ ਬੀਬੀਆਂ ਅਤੇ ਜਲਾਵਤਨੀ ਯੋਧੇ ਖਾਲਿਸਤਾਨ ਦਾ ਸੰਘਰਸ਼ ਅੱਜ ਵੀ ਲੜ ਰਹੇ ਹਨ। ਸ਼ਹੀਦਾਂ ਦਾ ਪਹਿਰਾ ਖਾਲਿਸਤਾਨ ਦੀ ਪ੍ਰਾਪਤੀ ਵੱਲ ਹੌਲੀ-ਹੌਲੀ ਵੱਧ ਰਿਹਾ ਹੈ। ਧੰਨ ਨੇ ਇਹ ਸਿੱਦਕੀ ਬੀਬੀਆਂ ਅਤੇ ਧੰਨ ਹਨ ਸਾਡੇ ਜਲਾਵਤਨੀ ਯੋਧੇ ਜੋ ਜ਼ਿੰਦਗੀ ਵਿੱਚ ਸਭ ਕੁਝ ਗਵਾ ਕੇ ਵੀ ਚੜਦੀ ਕਲਾ ਨਾਲ ਸਿਰਫ ਸ਼ਹੀਦਾਂ ਦੀ ਸ਼ਹਾਦਤ ਨੂੰ ਸਿੱਜਦਾ ਕਰਕੇ ਖਾਲਿਸਤਾਨ ਦੀ ਹੋਂਦ ਲਈ ਵਚਨਬੱਧ ਹਨ। ਸੰਘਰਸ਼ ਹਥਿਆਰਬੰਦ ਹੋਵੇ ਜਾਂ ਸ਼ਾਂਤਮਈ ਸੰਪੂਰਨ ਜ਼ਰੂਰ ਹੁੰਦਾ ਹੈ ਹਾਂ ਸਮੇਂ ਮੁਤਾਬਿਕ ਰੂਪ ਰੇਖਾ ਬਦਲਣੀ ਸਮੇਂ ਦੀ ਮੰਗ ਹੁੰਦੀ ਹੈ। ਪਰ ਮੈਨੂੰ ਇੰਨਾਂ ਪਤਾ ਹੈ ਜਦੋਂ ਖਾਲਿਸਤਾਨ ਦੇਸ਼ ਦੁਨੀਆ ਦੇ ਨਕਸ਼ੇ ਤੇ ਉਲੀਕਿਆ ਗਿਆ ਤਾਂ ਸ਼ਹੀਦ ਸਿੰਘਾਂ ਦੇ ਪਹਿਰੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉੱਭਰੇਗਾ ਅਤੇ ਰਹਿੰਦੀ ਦੁਨੀਆਂ ਤੱਕ ਇੰਨਾਂ ਸ਼ਹੀਦਾਂ ਅਤੇ ਇੰਨਾਂ ਪਰਿਵਾਰਾਂ ਦੀਆਂ ਕੁਰਬਾਨੀਆਂ ਮਿਸਾਲ ਬਨਣਗੀਆਂ।
ਰਸ਼ਪਿੰਦਰ ਕੌਰ ਗਿੱਲ,
ਸੰਪਾਦਕ- ਸਿੱਦਕੀ ਤੇ ਸੰਘਰਸ਼ੀ,
+91-9888697078
