*ਡੇਅਰੀਆਂ ਵਾਲੇ ਗੋਹਾ ਚੁਕਾਉਣ ਤੇ ਪਾਣੀ ਦੀ ਵਰਤੋਂ ਘੱਟ ਕਰਨ ਲਈ ਸਹਿਮਤ*
*ਡੇਅਰੀਆਂ ਵਾਲਿਆਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਕਰਨ ਤੇ ਵੀ ਚਰਚਾ*

*ਅਗਲੇ ਹਫ਼ਤੇ ਕਮੇਟੀ ਦੀ ਮੁੜ ਹੋਵੇਗੀ ਮੀਟਿੰਗ*
ਲੁਧਿਆਣਾ, 04 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬਣੀ ਕਮੇਟੀ ਦੀ ਪਹਿਲੀ ਮੀਟਿੰਗ ਰਾਜ ਸਭਾ ਮੈਂਬਰ ਤੇ ਕਮੇਟੀ ਦੇ ਚੇਅਰਮੈਨ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਹੋਈ 225 ਐਮ.ਐਲ.ਡੀ. ਸਮਰੱਥਾ ਵਾਲੇ ਜਮਾਲਪੁਰ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਖੇ ਹੋਈ।
ਇਸ 12 ਮੈਂਬਰ ਕਮੇਟੀ ਦੇ ਉਪ-ਚੇਅਰਮੈਨ – ਲੋਕਲ ਬਾਡੀ ਦੇ ਸਕੱਤਰ ਘਨਸ਼ਿਆਮ ਥੋਰੀ ਦੀ ਹਾਜ਼ਰੀ ਵਿੱਚ ਇਹ ਸਹਿਮਤੀ ਬਣੀ ਕਿ ਬੁੱਢੇ ਦਰਿਆ ਵਿੱਚ ਪੈ ਰਹੇ ਗੋਹੇ ਅਤੇ ਮੂਤਰਾਲ ਨੂੰ ਰੋਕਣ ਲਈ ਡੇਅਰੀਆਂ ਵਾਲੇ ਪੂਰਨ ਸਹਿਯੋਗ ਦੇਣਗੇ।
ਉਨ੍ਹਾਂ ਡੇਅਰੀਆਂ ਦਾ ਗੋਹਾ ਸੁੱਟਣ ਲਈ ਵਰਤੇ ਜਾਂਦੇ ਪੀਣ ਵਾਲੇ ਸਾਫ਼ ਪਾਣੀ ਦੀ ਵਰਤੋਂ ਘੱਟ ਕਰਨ ਬਾਰੇ ਵੀ ਸਹਿਮਤੀ ਪ੍ਰਗਟਾਈ। ਕਮੇਟੀ ਦੇ ਚੇਅਰਮੈਨ ਸੰਤ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਜਿਹੜੇ ਡੇਅਰੀਆਂ ਵਾਲਿਆਂ ਵਿਰੁੱਧ ਐਫ.ਆਈ.ਆਰ ਦਰਜ ਹੋਈਆਂ ਹਨ, ਉਹ ਵਾਪਸ ਹੋਣਗੀਆਂ। ਜ਼ਿਕਰਯੋਗ ਹੈ ਕਿ ਡੇਅਰੀਆਂ ਦਾ ਗੋਹਾ ਚੁੱਕਣ ਲਈ ਨਗਰ ਨਿਗਮ ਨੇ ਤਿੰਨ ਸਾਲ ਦਾ ਟੈਂਡਰ ਦਿੱਤਾ ਹੋਇਆ ਹੈ।
ਇਸ ਉਚ ਪੱਧਰੀ ਕਮੇਟੀ ਦੀ ਪਹਿਲੀ ਮੀਟਿੰਗ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਅੰਕੁਰ ਮਹਿੰਦਰੂ, ਏ.ਡੀ.ਸੀ. (ਯੂ.ਡੀ.) ਅਮਿਤ ਬੰਬੀ, ਡੀ.ਸੀ.ਪੀ. ਆਲਮ ਵਿਜੇ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਮਨਪ੍ਰੀਤ ਸਿੰਘ, ਸੰਯੁਕਤ ਕਮਿਸ਼ਨਰ ਤਪਨ ਭਨੋਟ, ਪੀ.ਪੀ.ਸੀ.ਬੀ. ਦੇ ਮੁੱਖ ਇੰਜੀਨੀਅਰ ਆਰ.ਕੇ. ਰੱਤੜਾ, ਕੌਂਸਲਰ ਇੰਦੂ ਮੁਨੀਸ਼ ਸ਼ਾਹ, ਨਿਗਰਾਨ ਇੰਜੀਨੀਅਰ (ਡਰੇਨੇਜ) ਦੀਪਇੰਦਰ ਕੌਰ, ਪੇਡਾ ਦੇ ਡੀ.ਐਮ. ਗੁਰਿੰਦਰ ਸਿੰਘ, ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਪ੍ਰਧਾਨ ਸਤਵਿੰਦਰ ਸਿੰਘ, ਹੈਬੋਵਾਲ ਡੇਅਰੀ ਕੰਪਲੈਕਸ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਡੇਅਰੀ ਕੰਪਲੈਕਸਾਂ ਤੋਂ ਗੋਬਰ ਚੁੱਕਣ ਲਈ ਨਿਯੁਕਤ ਕੀਤੇ ਗਏ ਠੇਕੇਦਾਰ ਸਮੇਤ ਹੋਰ ਅਧਿਕਾਰੀ ਅਤੇ ਨੁਮਾਇੰਦੇ ਹਾਜ਼ਰ ਸਨ।
ਸੰਤ ਸੀਚੇਵਾਲ ਨੇ ਕਿਹਾ ਕਿ ਉਹ ਪਿਛਲੇ ਦੋ ਸਾਲ ਤੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਯਤਨਸ਼ੀਲ ਹਨ। ਇਸ ਵਾਸਤੇ ਉਹ 46 ਮੀਟਿੰਗਾਂ ਕਰ ਚੁੱਕੇ ਹਨ। ਬੁੱਢੇ ਦਰਿਆ ਦੀ ਸਫ਼ਾਈ ਲਈ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਲੁਧਿਆਣੇ ਆ ਕੇ 07 ਵਾਰ ਮੀਟਿੰਗਾਂ ਕਰ ਚੁੱਕੇ ਹਨ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦੋ ਵਾਰ ਉਚ ਪੱਧਰੀ ਮੀਟਿੰਗਾਂ ਕੀਤੀਆਂ ਹਨ। ਇਹਨਾਂ ਮੀਟਿੰਗਾਂ ਦਾ ਮਕਸਦ ਸਿਰਫ਼ ਇਹ ਹੀ ਸੀ ਕਿ ਪਵਿੱਤਰ ਬੁੱਢੇ ਦਰਿਆ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਾ ਹੋਵੇ।
ਸਕੱਤਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਨੇ ਤਾਜ਼ਪੁਰ ਡੇਅਰੀ ਕੰਪਲੈਕਸ ਦਾ ਦੌਰਾ ਕੀਤਾ। ਤਾਜ਼ਪੁਰ ਡੇਅਰੀ ਕੰਪਲੈਕਸ ਵਿੱਚ ਈ.ਟੀ.ਪੀ ਪਲਾਂਟ ਦੀ ਸਮਰੱਥਾ 2.25 ਐਮ.ਐਲ.ਡੀ ਦੀ ਹੈ ਤੇ ਹੈਬੋਵਾਲ ਦੇ ਪਲਾਂਟੀ ਸਮਰੱਥਾ 3.75 ਐਮ.ਐਲ.ਡੀ ਦੀ ਹੈ। ਕੁਲ 6 ਐਮਐਲਡੀ ਦੀ ਸਮਰੱਥਾ ਵਾਲੇ ਪਲਾਂਟਾਂ ਵਿੱਚ 12 ਐਮ.ਐਲ.ਡੀ ਪਾਣੀ ਆ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਵੱਡੀ ਸਮੱਸਿਆ ਤਾਂ ਵਾਧੂ ਪਾਣੀ ਦੀ ਸਪਲਾਈ ਦੀ ਹੈ। ਇਸ ਨੂੰ ਘੱਟ ਕਰਨਾ ਹੀ ਪੈਣਾ ਹੈ। ਡੇਅਰੀਆਂ ਵਿੱਚ ਫਲੋਅ ਮੀਟਰ ਲੱਗਾਉਣ ਦਾ ਮਕਸਦ ਇਹ ਹੀ ਹੈ ਕਿ ਪਤਾ ਲੱਗ ਸਕੇ ਕਿ ਕਿਹੜੀ ਡੇਅਰੀ ਕਿੰਨ੍ਹਾ ਪਾਣੀ ਵਰਤ ਰਹੀ ਹੈ।
ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਪ੍ਰਧਾਨ ਸਤਵਿੰਦਰ ਸਿੰਘ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਆਪਣੀਆਂ ਦਲੀਲਾਂ ਦੇਣ ਤੋਂ ਬਾਅਦ ਸਹਿਮਤੀ ਪ੍ਰਗਟਾਈ ਕਿ ਸਮੁੱਚੇ ਡੇਅਰੀਆਂ ਵਾਲੇ ਆਪੋ ਆਪਣੀਆਂ ਡੇਅਰੀਆਂ ਦਾ ਗੋਹਾ ਠੇਕੇਦਾਰ ਨੂੰ ਚੁਕਾਉਣਗੇ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨਹੀਂ ਕਰਨਗੇ। ਪਸ਼ੂਆਂ ਲਈ ਜਿੰਨ੍ਹਾਂ ਪਾਣੀ ਚਾਹੀਦਾ ਹੈ, ਉਨ੍ਹਾਂ ਹੀ ਪਾਣੀ ਵਰਤਣਗੇ।
ਇਸ ਦੌਰਾਨ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਘਨਸ਼ਿਆਮ ਥੋਰੀ ਨੇ ਡੇਅਰੀ ਮਾਲਕਾਂ, ਉਦਯੋਗਪਤੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਇਹ ਯਕੀਨੀ ਬਣਾਉਣ ਕਿ ‘ਬੁੱਢੇ ਦਰਿਆ’ ਵਿੱਚ ਕੂੜਾ ਜਾਂ ਗੰਦਗੀ ਨਾ ਸੁੱਟੀ ਜਾਵੇ।

