ਪਹੁ ਫੁੱਟਣ ਦੀ ਲਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
ਫੁੱਲਾਂ ਲੱਧੀ ਡਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
ਜਿਸ ਦੇ ਚੁੰਮਣ ਦੀ ਲੋਰੀ ਵਿਚ ਜੰਨਤੁ ਸ਼ੁੱਭਅਸੀਸਾਂ,
ਸ਼ਹਿਦ ਭਰੀ ਪਿਆਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
ਰੌਸ਼ਨੀਆਂ ਦੇ ਬੰਦਨਵਾਰ ਖੁਸ਼ੀਆਂ, ਖੇੜੇ, ਹਾਸੇ,
ਸ਼ੁਭ ਤਿਉਹਾਰ ਦਿਵਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
ਵਲਗਣ ਦੀ ਮਜ਼ਬੂਤੀ ਕਰਕੇ ਕਸ਼ਟ ਹਜ਼ਾਰਾ ਸਹਿਣੇ
ਵੇਲ ਕੋਈ ਕੰਡਿਆਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
ਜਿਸ ਦੀ ਉਂਗਲੀ ਫੜ ਕੇ ਪਾਇਆ ਪਿਆਰ ਜ਼ਮਾਨੇ ਵਾਲਾ,
ਰਖਵਾਲੀ, ਖੁਸ਼ਹਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
ਵੱਖੋ ਵਖਰੇ ਫੁੱਲ ਹੁੰਦੇ ਨੇ ਐਪਰ ਮਿੱਟੀ ਇੱਕੋ,
ਬਾਗ ‘ਚ ਰੁਤ ਮਤਵਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
ਸਾਰੇ ਘਰ ਦੀ ਬਰਕਤ, ਸ਼ੁਹਰਤ, ਤੁੰਦਰੁਸਤੀ ਦਾ ਆਲਮ,
ਜੱਲ੍ਹੇ ਵਿਚ ਅੱਗ ਬਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
ਜਿਸ ਦੇ ਕਰਕੇ ਫੁੱਲਾਂ ਦੇ ਵਿਚ ਖੁਸ਼ਬੂਆਂ ਦੀ ਆਮਦ,
ਗੁਲਸ਼ਨ ਦੇ ਵਿਚ ਮਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
ਜੰਨਤ ਵਰਗਾ, ਮੰਦਿਰ ਵਰਗਾ, ਇੱਕ ਮਸੀਹੇ ਵਰਗਾ,
ਖੁਸ਼ਬੂ ਤੇ ਹਰਿਆਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
‘ਬਾਲਮ’ ਮਿੱਟੀ ਦੀ ਖੁਸ਼ਹਾਲੀ, ਭਾਰਤ ਦਾ ਸਿਰ ਉੱਚਾ,
ਹੱਲ ਅਤੇ ਪੰਜਾਲੀ ਵਰਗਾ ਪਿਆਰ ਪਿਤਾ ਦਾ ਹੁੰਦਾ |
ਬਲਵਿੰਦਰ ‘ਬਾਲਮ’ ਗੁਰਦਾਸਪੁਰ
ਉਕਾਂਰ ਨਗਰ, ਗੁਰਦਾਸਪੁਰ (ਪੰਜਾਬ)
ਮੋ. +9198156-25409
Leave a Comment
Your email address will not be published. Required fields are marked with *