ਪੁਲਿਸ ਦਾ ਕਹਿਣਾ ਨਸ਼ੇ ਕਾਰਨ ਗਈ ਜਾਨ ਪਰ ਪਰਿਵਾਰ ਨੇ ਜਤਾਇਆ ਹੱਤਿਆ ਕਰਕੇ ਲਾਸ਼ ਸੁੱਟਣ ਦੇ ਦੋਸ਼
ਇਨਸਾਫ਼ ਨਾ ਮਿਲਣ ਤੱਕ ਅੰਤਿਮ ਸਸਕਾਰ ਨਾ ਕਰਨ ਦੀ ਚੇਤਾਵਨੀ
ਪੀੜਤ ਪਰਿਵਾਰ ਦੇ ਬਿਆਨਾ ਮੁਤਾਬਿਕ ਹੋਵੇਗੀ ਕਾਰਵਾਈ : ਅਕਲਪ੍ਰੀਤ ਸਿੰਘ
ਕੋਟਕਪੂਰਾ, 22 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੇ ਇੱਕ 19 ਸਾਲਾਂ ਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਦੇ ਸ਼ਹਿਰ ਵਿੱਚ ਸਨਸਨੀ ਫੈਲ ਗਈ। ਹਾਲਾਂਕਿ ਪੁਲਿਸ ਵੱਲੋਂ ਮੌਕੇ ’ਤੇ ਕੀਤੀ ਕਾਰਵਾਈ ਦੌਰਾਨ ਸ਼ੰਕਾ ਜਤਾਈ ਗਈ ਹੈ ਕਿ ਲੜਕੇ ਦੀ ਜਾਨ ਨਸ਼ੇ ਕਰਨ ਦੇ ਚਲਦੇ ਹੋਈ ਪਰ ਦੂਜੇ ਪਾਸੇ ਜਿਸ ਤਰਾਂ ਹਾਲਾਤਾਂ ਵਿੱਚ ਲਾਸ਼ ਮਿਲੀ, ਉਸ ਤੋਂ ਪਰਿਵਾਰ ਨੇ ਸ਼ੰਕਾ ਜਤਾਈ ਹੈ ਕਿ ਉਹਨਾਂ ਦੇ ਬੇਟੇ ਦੀ ਹੱਤਿਆ ਕਰਕੇ ਲਾਸ਼ ਨੂੰ ਸੁੱਟਿਆ ਗਿਆ। ਉਹਨਾਂ ਕਿਹਾ ਕਿ ਜਦ ਤੱਕ ਮਾਮਲੇ ਦੀ ਸਹੀ ਪੜਤਾਲ ਨਹੀਂ ਹੁੰਦੀ ਅਤੇ ਅਸਲ ਦੋਸ਼ੀਆਂ ਦਾ ਪਤਾ ਨਹੀਂ ਲੱਗਦਾ ਤਦ ਤੱਕ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਮਾਮਲੇ ਵਿੱਚ ਲੜਕੇ ਦੇ ਪਿਤਾ ਅਤੇ ਲੜਕੇ ਦੇ ਦੋਸਤ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਜੋ ਰੱਖੜੀਆਂ ਦੀ ਸਟਾਲ ਲਾਉਂਦਾ ਸੀ, ਕੱਲ ਸ਼ਾਮ 6.00 ਵਜੇ ਭੇਦਭਰੇ ਹਾਲਾਤਾਂ ਵਿੱਚ ਦੁਕਾਨ ਤੋਂ ਲਾਪਤਾ ਹੋਇਆ ਅਤੇ ਰਾਤ ਦੇਰ ਤੱਕ ਉਸਦੀ ਭਾਲ ਕਰਦੇ ਰਹੇ ਪਰ ਜਦ ਕੋਈ ਸੂਚਨਾ ਨਾ ਮਿਲੀ ਤਾਂ ਉਸ ਦੇ ਦੋਸਤਾਂ ਤੋਂ ਵੀ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼। ਇਸੇ ਦਰਮਿਆਨ ਹੀ ਇੱਕ ਫੋਨ ਕਾਲ ’ਤੇ ਪਤਾ ਲੱਗਾ ਕਿ ਲੜਕੇ ਦੀ ਲਾਸ਼ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਕੋਲ ਪਈ ਹੈ ਅਤੇ ਜਦ ਇਸਦੀ ਸੂਚਨਾ ਪੁਲਿਸ ਨੂੰ ਦੇ ਕੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਲੜਕੇ ਦੀ ਬੁਰੇ ਹਾਲਾਤਾਂ ਵਿੱਚ ਫਰੀਦਕੋਟ ਦੇ ਜਹਾਜ਼ ਗਰਾਊਂਡ ਕੋਲ ਲਾਸ਼ ਪਈ ਸੀ। ਉਹਨਾਂ ਕਿਹਾ ਕਿ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੀ ਜਾਨ ਨਸ਼ੇ ਕਰਨ ਦੇ ਚਲਦੇ ਹੋਈ ਹੈ ਪਰ ਉਹਨਾਂ ਨੇ ਕਦੀ ਅੱਜ ਤੱਕ ਆਪਣੇ ਲੜਕੇ ਨੂੰ ਨਸ਼ਿਆ ਕਰਦੇ ਨਹੀਂ ਦੇਖਿਆ ਸੀ। ਉਹਨਾਂ ਕਿਹਾ ਕਿ ਜਰੂਰ ਕਿਸੇ ਵੱਲੋਂ ਇਸ ਦੀ ਹੱਤਿਆ ਕਰਕੇ ਇਸ ਨੂੰ ਇੱਥੇ ਇਸ ਦੀ ਲਾਸ਼ ਨੂੰ ਇੱਥੇ ਸੁੱਟਿਆ ਗਿਆ। ਉਹਨਾਂ ਕਿਹਾ ਕਿ ਮਾਮਲੇ ਦੀ ਸਹੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਜੋ ਵੀ ਹੱਤਿਆ ਦੇ ਪਿੱਛੇ ਦੋਸ਼ੀ ਹਨ ਉਹਨਾਂ ਦੀ ਪਛਾਣ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕਰਨ ਕੀਤਾ ਜਾਵੇ ਅਤੇ ਜੇਕਰ ਪੁਲਿਸ ਸਹੀ ਪੜਤਾਲ ਨਹੀਂ ਕਰਦੀ ਤਾਂ ਅਤੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਉਧਰ ਦੂਜੇ ਪਾਸੇ ਥਾਣਾ ਸਿਟੀ-2 ਦੇ ਮੁਖੀ ਅਕਲਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ ਉਹਨਾਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਤੋਂ ਇੱਕ ਰੁੱਕਾ ਹਾਸਲ ਹੋਇਆ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਮੌਕੇ ’ਤੇ ਪੁੱਜੀ, ਜਿੱਥੇ ਦਕਸ਼ ਨਾਮ ਦਾ 19 ਸਾਲ ਦਾ ਲੜਕਾ ਮ੍ਰਿਤਕ ਪਾਇਆ ਗਿਆ ਸੀ। ਉਹਨਾਂ ਕਿਹਾ ਕਿ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਲੜਕਾ ਥੋੜਾ ਬਹੁਤ ਨਸ਼ਾ ਕਰਦਾ ਸੀ, ਜਿਸ ਦੇ ਚੱਲਦੇ ਹੋ ਸਕਦਾ ਹੈ ਕਿ ਨਸ਼ੇ ਕਾਰਨ ਬੱਚੇ ਦੀ ਜਾਨ ਗਈ ਹੋਵੇ। ਉਹਨਾਂ ਕਿਹਾ ਕਿ ਜੇਕਰ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਹੱਤਿਆ ਦੀ ਸ਼ੰਕਾ ਹੈ ਜਾਂ ਕਿਸੇ ਕਿਸਮ ਦਾ ਕੋਈ ਸ਼ੱਕ ਹੈ ਤਾਂ ਉਹ ਆਪਣੀ ਬਿਆਨ ਦਰਜ ਕਰਵਾ ਸਕਦਾ ਹੈ ਅਤੇ ਉਸ ਦੇ ਆਧਾਰ ’ਤੇ ਹੀ ਆਪਣੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੌਤ ਦੀ ਅਸਲੀ ਵਜਾ ਪੋਸਟਮਾਰਟਮ ਦੀ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ ਇਸ ਲਈ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

