ਕੋਟਕਪੂਰਾ, 1 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੇ ਤਿੰਨ ਸੂਬਿਆਂ ਵਿੱਚੋਂ ਗੁਜ਼ਰਦੀ ਰਾਜਸਥਾਨ ਫੀਡਰ ਨੂੰ ਭਾਰਤ ਸਰਕਾਰ ਵੱਲੋਂ 65 ਸਾਲਾਂ ਬਾਅਦ ਨਵਾਂ ਸਰੂਪ ਦੇਣ ਦਾ ਪ੍ਰਾਜੈਕਟ ਫਰੀਦਕੋਟ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਪ੍ਰਾਜੈਕਟ ਨਹਿਰੀ ਵਿਭਾਗ ਨੇ 45 ਦਿਨਾਂ ਵਿੱਚ ਮੁਕੰਮਲ ਕਰਨਾ ਹੈ, ਜਿਸ ਉੱਪਰ 300 ਕਰੋੜ ਰੁਪਏ ਖਰਚੇ ਜਾਣੇ ਹਨ, ਬਾਕੀ ਜ਼ਿਲਿ੍ਹਆਂ ਵਿੱਚ ਇਹ ਪ੍ਰਾਜੈਕਟ ਪਹਿਲਾਂ ਮੁਕੰਮਲ ਹੋ ਚੁੱਕਾ ਹੈ ਅਤੇ ਇਕੱਲੇ ਫਰੀਦਕੋਟ ਜ਼ਿਲ੍ਹੇ ਵਿੱਚ ਇਹ ਪ੍ਰਾਜੈਕਟ ਅਧੂਰਾ ਪਿਆ ਸੀ। ਹਰੀਕੇ ਪੱਤਣ ਤੋਂ ਲੈ ਕੇ ਜੈਸਲਮੇਰ ਤੱਕ ਰਾਜਸਥਾਨ ਫੀਡਰ ਕੁੱਲ 837 ਕਿਲੋਮੀਟਰ ਦਾ ਲੰਬਾ ਸਫਰ ਤੈਅ ਕਰਦੀ ਹੈ। ਰਾਜਸਥਾਨ ਫੀਡਰ ਦੀ 18 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਦੀ ਸਮਰੱਥਾ ਹੈ। ਇਲਾਕੇ ਵਿੱਚ ਖਾਰੇ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਰਾਜਸਥਾਨ ਫੀਡਰ ਦੇ ਤਲ ਇੱਟਾਂ ਨਾਲ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਇੱਥੋਂ ਨਹਿਰੀ ਪਾਣੀ ਰਿਸਦਾ ਰਹੇ ਅਤੇ ਆਸ ਪਾਸ ਦਾ ਪਾਣੀ ਮਿੱਠਾ ਰਹੇ। ਜਦੋਂ ਕਿ ਨਹਿਰ ਦੇ ਕਿਨਾਰੇ ਮੁਕੰਮਲ ਤੌਰ ’ਤੇ ਕੰਕਰੀਟ ਦੇ ਬਣਾਏ ਜਾਣੇ ਹਨ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਰਾਜਸਥਾਨ ਫੀਡਰ ਨਾਲ ਲੱਗਦੀ ਸਰਹੰਦ ਫੀਡਰ ਨੂੰ ਕੰਕਰੀਟ ਦਾ ਬਣਾ ਚੁੱਕੀ ਹੈ। ਰਾਜਸਥਾਨ ਫੀਡਰ ਨੂੰ 1984 ਵਿੱਚ ਇੰਦਰਾ ਗਾਂਧੀ ਕਨਾਲ ਦਾ ਨਾਮ ਦਿੱਤਾ ਗਿਆ ਸੀ। ਇਹ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤੇ ਲੰਮੀਆਂ ਨਹਿਰਾਂ ਵਿੱਚੋਂ ਇੱਕ ਹੈ, ਜੋ ਰਾਜਸਥਾਨ ਦੇ 29 ਲੱਖ ਏਕੜ ਤੋਂ ਵੱਧ ਦੇ ਰਕਬੇ ਦੀ ਸਿੰਚਾਈ ਦਾ ਸਾਧਨ ਹੈ ਅਤੇ ਦੋ ਕਰੋੜ ਤੋਂ ਵੱਧ ਲੋਕ ਇਸ ਦਾ ਪਾਣੀ ਪੀਂਦੇ ਹਨ।

