ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਰੱਸਾਕਸ਼ੀ ਫਾਜ਼ਿਲਕਾ ਵਿਖੇ ਕਰਵਾਈਆਂ ਗਈਆਂ, ਜਿਸ ਵਿੱਚ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ, ਕੋਟਕਪੂਰਾ ਦੇ ਹੋਣਹਾਰ ਖਿਡਾਰੀ, ਜਸਮੀਤ ਸਿੰਘ, ਨਵਨੂਰ ਸਿੰਘ ਢਿੱਲੋਂ ਕੈਪਟਨ, ਵਰੁਣ ਕੁਮਾਰ, ਮਹਿਕਦੀਪ ਸਿੰਘ ਮਾਨ, ਗੁਰਸ਼ਰਨ ਸਿੰਘ ਬਰਾੜ, ਅਰਸ਼ਦੀਪ ਸਿੰਘ, ਯੁਵਰਾਜ ਸਿੰਘ, ਮਨਪ੍ਰੀਤ ਸਿੰਘ ਸਿੱਧੂ, ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਪੰਜਾਬ ਰਾਜ ਅੰਤਰੀ ਜਿਲ੍ਹਾ ਖੇਡਾਂ ਰੱਸਾਕਸ਼ੀ ਖੇਡ ਵਿੱਚੋ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਖਿਡਾਰੀਆਂ ਨੇ ਆਪਣੀ ਅਣਥੱਕ ਮਿਹਨਤ, ਦ੍ਰਿੜ ਇਰਾਦੇ, ਅਨੁਸ਼ਾਸਨ ਅਤੇ ਬਿਹਤਰੀਨ ਖੇਡ ਕੌਸ਼ਲ ਦਾ ਲੋਹਾ ਮਨਵਾਉਂਦਿਆਂ ਪੰਜਾਬ ਪੱਧਰੀ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰਕੇ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਇਹ ਸ਼ਾਨਦਾਰ ਸਫ਼ਲਤਾ ਉਨ੍ਹਾਂ ਦੀ ਲਗਨ, ਸਖ਼ਤ ਮਿਹਨਤ ਅਤੇ ਅਨੁਸ਼ਾਸਿਤ ਜੀਵਨ-ਸ਼ੈਲੀ ਦਾ ਨਤੀਜਾ ਹੈ। ਉਨਾਂ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਆਤਮ-ਵਿਸ਼ਵਾਸ ਅਤੇ ਸ਼ਖ਼ਸੀਅਤ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਕੋਚ ਭੁਪਿੰਦਰ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਨਿਰੰਤਰ ਮਿਹਨਤ ਸਮਰਪਣ ਅਤੇ ਸੁਚੱਜੀ ਸਿਖਲਾਈ ਰਾਹੀਂ ਇਸ ਮੁਕਾਮ ਤੱਕ ਪਹੁੰਚਾਇਆ ਹੈ। ਉਨ੍ਹਾਂ ਦੀ ਯੋਗ ਅਗਵਾਈ ਅਤੇ ਦ੍ਰਿੜ੍ਹ ਪ੍ਰਤੀਬੱਧਤਾ ਸਦਕਾ ਹੀ ਖਿਡਾਰੀਆਂ ਨੇ ਪੰਜਾਬ ਪੱਧਰ ‘ਤੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਨਵੀਆਂ ਬੁਲੰਦੀਆਂ ਸਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਡੀ.ਸੀ.ਐਮ. ਸਕੂਲ ਪਰਿਵਾਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਸਮੁੱਚੇ ਸਕੂਲ ਲਈ ਮਾਣ ਅਤੇ ਖੁਸ਼ੀ ਦਾ ਵਿਸ਼ਾ ਹੈ।

