ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
70ਵੇਂ ਸਕੂਲੀ ਜੋਨਲ ਪੱਧਰ ਦੇ ਖੇਡ ਮੁਕਾਬਲੇ 3 ਅਗਸਤ ਤੋਂ 7 ਅਗਸਤ 2026 ਤੱਕ ਕੋਟਕਪੂਰਾ ਜੋਨ ਵਿੱਚ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਦਸਮੇਸ਼ ਪਬਲਿਕ ਸਕੂਲ, ਕੋਟਕਪੂਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡਾਂ ਵਿੱਚ ਕਈ ਤਮਗੇ ਅਤੇ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਲੜਕਿਆਂ ਦੇ ਵਰਗ ਵਿੱਚ ਵੀ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਵਾਲੀਬਾਲ ਅੰਡਰ-14, ਅੰਡਰ-17 ਅਤੇ ਅੰਡਰ-19 ਵਿੱਚ ਦੂਜਾ ਸਥਾਨ, ਫੁੱਟਬਾਲ ਅੰਡਰ-17 ਵਿੱਚ ਦੂਜਾ ਸਥਾਨ ਅਤੇ ਬੈਡਮਿੰਟਨ ਅੰਡਰ-14 ਤੇ ਅੰਡਰ-17 ਵਿੱਚ ਦੂਜਾ ਸਥਾਨ ਹਾਸਲ ਕੀਤਾ। ਹੈਂਡਬਾਲ ਅੰਡਰ-14 ਅਤੇ ਅੰਡਰ-17 ਵਿੱਚ ਪਹਿਲਾ ਸਥਾਨ, ਬਾਸਕਟਬਾਲ ਅੰਡਰ-17 ਵਿੱਚ ਤੀਜਾ ਅਤੇ ਬੂਸ਼ੋ ਅੰਡਰ-17 ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਜਸਵੀਰ ਸਿੰਘ ਸੰਧੂ ਅਤੇ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਟੁਰਨਾ ਅਤੇ ਕੋਆਰਡੀਨੇਟਰਜ਼ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਕੋਚਾਂ ਤਰਨਜੀਤ ਸਿੰਘ, ਗੁਰਮਿੱਤਰ ਸਿੰਘ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕਾਂ ਨੇ ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਦੀ ਮਿਹਨਤ, ਕੋਚਾਂ ਦੀ ਸੁਚੱਜੀ ਅਗਵਾਈ ਅਤੇ ਅਧਿਆਪਕਾਂ ਦੇ ਸਹਿਯੋਗ ਨੂੰ ਦਿੱਤਾ ਅਤੇ ਭਵਿੱਖ ਵਿੱਚ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

