*ਡੋਰ-ਟੂ-ਡੋਰ ਪੋ੍ਰਗਰਾਮ ਦੌਰਾਨ ਦੁਕਾਨਦਾਰਾਂ ਨੇ ਸਪੀਕਰ ਸੰਧਵਾਂ ਦਾ ਹਾਰ ਪਾ ਕੇ ਕੀਤਾ ਸੁਆਗਤ*
ਫਰੀਦਕੋਟ , 7 ਮਈ (ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਸਬੰਧੀ ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਾਲਾ ਕਾਫਲਾ ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਪੁੱਜਾ ਤਾਂ ਜਿੱਥੇ ਦੁਕਾਨਦਾਰਾਂ ਨੇ ਸਪੀਕਰ ਸੰਧਵਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਗਰਮਜੋਸ਼ੀ ਨਾਲ ਸੁਆਗਤ ਕੀਤਾ, ਉੱਥੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੇ ਵੀ ਖੁਦ ਰੁਕ ਰੁਕ ਕੇ ਸਪੀਕਰ ਸੰਧਵਾਂ ਦੇ ਸਹਿਜ, ਸੰਜਮ, ਸੰਤੋਖ, ਧੀਰਜ, ਸਹਿਣਸ਼ੀਲਤਾ ਅਤੇ ਨਿਮਰਤਾ ਵਾਲੇ ਗੁਣਾ ਦੀ ਵੀ ਰੱਜ ਕੇ ਪ੍ਰਸੰਸਾ ਕੀਤੀ। ਵੱਖ ਵੱਖ ਸਮਾਜਸੇਵੀ ਸੰਸਥਾਵਾਂ ਦੀ ਅਗਵਾਈ ਕਰ ਰਹੇ ਉੱਘੇ ਸਮਾਜਸੇਵੀ ਨਰੇਸ਼ ਬਾਬਾ ਨੇ ਆਖਿਆ ਕਿ ਉਹਨਾਂ ਜਿੰਦਗੀ ਵਿੱਚ ਵਿਧਾਨ ਸਭਾ ਨਹੀਂ ਸੀ ਦੇਖੀ ਪਰ ਵਿਧਾਨ ਸਭਾ ਦਾ ਚੱਲਦਾ ਸ਼ੈਸ਼ਨ ਦਿਖਾ ਕੇ ਸਪੀਕਰ ਸੰਧਵਾਂ ਨੇ ਮੇਰੇ ਸਮੇਤ ਮੇਰੇ ਦੋਸਤਾਂ ਉੱਪਰ ਬਹੁਤ ਵੱਡਾ ਅਹਿਸਾਨ ਕੀਤਾ ਹੈ, ਜਿਸ ਦੇ ਉਹ ਜਿੰਦਗੀ ਭਰ ਰਿਣੀ ਰਹਿਣਗੇ। ਉੱਥੇ ਹਾਜਰ ਹੋਰ ਦੁਕਾਨਦਾਰਾਂ ਨੇ ਵੀ ਨਰੇਸ਼ ਬਾਬਾ ਦੀ ਉਕਤ ਗੱਲ ਦੀ ਹਾਮੀ ਭਰਦਿਆਂ ਆਖਿਆ ਕਿ ਜਿਸ ਤਰਾਂ ਪੰਜਾਬ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ/ਕਾਲਜਾਂ ਦੇ ਵਿਦਿਆਰਥੀ/ਵਿਦਿਆਰਥਣਾ ਨੇ ਵਿਧਾਨ ਸਭਾ ਦੇ ਚੱਲਦੇ ਸ਼ੈਸ਼ਨ ਵਿੱਚ ਸ਼ਾਮਲ ਹੋ ਕੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਮੁੱਖ ਮੰਤਰੀ ਨੂੰ ਤਕਰੀਰਾਂ ਕਰਦੇ ਸੁਣਿਆ ਹੈ, ਉਹ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ, ਕਿਉਂਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਨਾ ਤਾਂ ਇਸ ਤਰਾਂ ਸਕੂਲਾਂ, ਕਾਲਜਾਂ ਦੇ ਬੱਚਿਆਂ ਤੇ ਨੌਜਵਾਨਾ ਨੂੰ ਵਿਧਾਨ ਸਭਾ ਦਾ ਸ਼ੈਸ਼ਨ ਦਿਖਾਉਣ ਦੀ ਜਰੂਰਤ ਸਮਝੀ ਅਤੇ ਨਾ ਹੀ ਵਿਧਾਨ ਸਭਾ ਦਾ ਸ਼ੈਸ਼ਨ ਲਾਈਵ ਚਲਾਉਣ ਦੇ ਉਪਰਾਲੇ ਕੀਤੇ ਤਾਂ ਜੋ ਲੋਕ ਘਰ ਬੈਠੇ ਆਪਣੇ ਚੁਣੇ ਨੁਮਾਇੰਦਿਆਂ ਦੀ ਕਾਰਗੁਜਾਰੀ ਨੂੰ ਪਰਖ ਕੇ ਆਪੋ ਆਪਣੇ ਢੰਗ ਨਾਲ ਅੰਦਾਜਾ ਲਾ ਸਕਣ। ਪੁਰਾਣੀ ਦਾਣਾ ਮੰਡੀ ਤੋਂ ਇਲਾਵਾ ਨਾਲ ਲੱਗਦੇ ਵੱਖ ਵੱਖ ਬਜਾਰਾਂ ਦੇ ਦੁਕਾਨਦਾਰਾਂ ਨੇ ਵੀ ਮੰਨਿਆ ਕਿ ਜੇਕਰ ਆਮ ਆਦਮੀ ਪਾਰਟੀ ਹੋਂਦ ਵਿੱਚ ਨਾ ਆਉਂਦੀ ਤਾਂ ਰਵਾਇਤੀ ਪਾਰਟੀਆਂ ਨੇ ਮਿਲੀਭੁਗਤ ਨਾਲ ਬਦਲ ਬਦਲ ਕੇ ਹਰ ਪੰਜ ਸਾਲ ਬਾਅਦ ਸੱਤਾ ਦਾ ਆਨੰਦ ਮਾਣਦੇ ਰਹਿਣਾ ਸੀ ਤੇ ਵੋਟਰ ਲਈ ਕੋਈ ਬਦਲ ਨਾ ਹੋਣ ਕਰਕੇ ਵੋਟਰ ਦਾ ਭੰਬਲਭੂਸਾ ਅਤੇ ਮਜਬੂਰੀ ਵੀ ਬਰਕਰਾਰ ਰਹਿਣੀ ਸੀ। ਸਪੀਕਰ ਸੰਧਵਾਂ ਅਤੇ ਉਹਨਾਂ ਦੀ ਅਗਵਾਈ ਵਾਲੇ ਕਾਫਲੇ ਵਿੱਚ ਸ਼ਾਮਲ ਪਾਰਟੀ ਆਗੂ ਤੇ ਵਲੰਟੀਅਰਾਂ ਲਈ ਉਸ ਵੇਲੇ ਖੁਸ਼ੀ ਦੀ ਕੋਈ ਹੱਦ ਨਾ ਰਹੀ, ਜਦੋਂ ਦੁਕਾਨਦਾਰਾਂ ਨੇ ਖੁਦ ਮੰਨਿਆ ਕਿ ‘ਆਪ’ ਸਰਕਾਰ ਆਉਣ ਉਪਰੰਤ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਚੰਗੇਰੇ ਭਵਿੱਖ ਦੀ ਆਸ ਬੱਝੀ ਹੈ, ਜਿਸ ਦੀ ਬਦੌਲਤ ਲੋਕ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੀ ਵੱਡੀ ਲੀਡ ਨਾਲ ਸੰਸਦ ਵਿੱਚ ਭੇਜਣਗੇ।