ਕੋਟਕਪੂਰਾ,1 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਲੰਭਵਾਲੀ ਵਿਖੇ ਅੰਗਹੀਣ ਅਤੇ ਸੀਨੀਅਰ ਸਿਟੀਜਨ ਲਈ ਵਿਸ਼ੇਸ਼ ਕੈਂਪ ਲਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਤੌਰ ’ਤੇ ਜਸਪਾਲ ਸਿੰਘ ਪੰਜਗਰਾਈਂ ਪਹੁੰਚੇ। ਇਸ ਸਮੇਂ ਰੁਦਰਾ ਆਸਰਾ ਸੈਂਟਰ ਦੇ ਡਾ. ਰਵੀ ਕੁਮਾਰ ਅਤੇ ਡਾਕਟਰ ਵਿਨੇ ਦੀ ਅਗਵਾਈ ਹੇਠ 12 ਲੱਖ ਦੇ ਕਰੀਬ ਦਾ ਸਮਾਨ ਕੇਂਦਰ ਸਰਕਾਰ ਤੋਂ ਭਲਾਈ ਵਿਭਾਗ ਵਿੱਚੋਂ ਲਿਆ ਕੇ ਵੰਡਿਆ ਗਿਆ। ਇਸ ਸਮੇਂ 150 ਲੋੜਵੰਦਾਂ ਲਈ ਟਰਾਈ ਸਾਈਕਲ, ਬੈਟਰੀ ਵਾਲੀਆਂ ਸਕੂਟਰੀਆਂ, ਵੀਲ੍ਹ ਚੇਅਰ, ਖੂੰਡੀਆਂ, ਗੋਡੇ, ਬੈਲਟਾਂ, ਵਾਕਰ, ਕੰਨਾਂ ਵਾਲੀਆਂ ਮਸ਼ੀਨਾਂ ਸਮੇਤ ਹੋਰ ਬਹੁਤ ਸਾਰਾ ਸਮਾਨ ਵੰਡਿਆ ਗਿਆ। ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਕਿਸੇ ਵੀ ਲੋੜਵੰਦ ਨੂੰ ਇਸ ਤਰ੍ਹਾਂ ਦੇ ਸਮਾਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਲੋਕਾਂ ਦੀ ਸੇਵਾ ਕਰਨਾ ਹੀ ਉਹਨਾਂ ਦਾ ਮੁੱਖ ਮਕਸਦ ਹੈ, ਇਸ ਸਮੇਂ ਉਹਨਾਂ ਆਏ ਹੋਏ ਡਾਕਟਰ ਦੀ ਟੀਮ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਲੋਕ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਬਲਵਿੰਦਰ ਸਿੰਘ, ਸਾਬਕਾ ਪੰਚਾਇਤ ਮੈਂਬਰ ਨਿਰਮਲ ਸਿੰਘ ਲੰਭਵਾਲੀ, ਸੁਖਜੀਤ ਕੌਰ ਪੰਚਾਇਤ ਮੈਂਬਰ ਸਮੇਤ ਮਰਦ/ਔਰਤਾਂ ਵੀ ਹਾਜਰ ਸਨ।

