ਅਕਸਰ ਅਸੀਂ ਹਰ ਰੋਜ਼ ਹੀ ਦੇਖਦੇ ਹਾਂ ਕਿ ਨਸ਼ਿਆਂ ਕਾਰਨ ਬਹੁਤ ਸਾਰੇ ਨੋਜਵਾਨ ਜਾਨਾਂ ਗਵਾ ਰਹੇ ਹਨ ਪਰ ਇਹਨਾਂ ਮੋਤਾ ਦੇ ਪਿੱਛੇ ਜ਼ਿੰਮੇਵਾਰ ਕੋਣ ਹੈ ?ਸਭ ਤੋਂ ਪਹਿਲਾਂ ਤਾਂ ਵੱਡੀ ਜ਼ਿੰਮੇਵਾਰੀ ਉਸ ਇਨਸਾਨ ਦੀ ਬਣਦੀ ਹੈ ਜ਼ੋ ਨਸ਼ਾ ਕਰ ਰਿਹਾ ਹੈ ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਪਲ ਭਰ ਦਾ ਮਜ਼ਾ ਹੈ ਅਤੇ ਜੀਵਨ ਭਰ ਦੀ ਸਜ਼ਾ ਹੈ। ਚਿੱਟੇ ਦਾ ਨਸ਼ਾ ਕਰਨ ਵਾਲੇ ਨੋਜਵਾਨ ਬਹੁਤ ਲੰਮੀ ਜ਼ਿੰਦਗੀ ਨਹੀਂ ਜੀ ਪਾਉਂਦੇ।ਪਰ ਜਿਹੜਾ ਵਿਅਕਤੀ ਚਿੱਟੇ ਦਾ ਨਸ਼ਾ ਕਰ ਰਿਹਾ ਹੁੰਦਾ ਹੈ ਉਸ ਵਿਅਕਤੀ ਨੂੰ ਪਲ ਭਰ ਲਈ ਆਪਣੀ ਰੰਗੀਨ ਜ਼ਿੰਦਗੀ ਚਿੱਟੇ ਦੇ ਨਸ਼ੇ ਵਿੱਚ ਹੀ ਦਿਸਦੀ ਹੈ। ਪਰਿਵਾਰ, ਰਿਸ਼ਤੇਦਾਰ, ਦੋਸਤਾਂ ਮਿੱਤਰਾਂ ਅਤੇ ਸਕੇ ਸਬੰਧੀਆਂ ਦੇ ਬਹੁਤ ਜ਼ਿਆਦਾ ਸਮਝਾਉਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਾ ਕਰਦੇ ਹੋਏ ਚਿੱਟੇ ਦੇ ਨਸ਼ੇੜੀ ਇਸ ਦਲ ਦਲ ਵਿੱਚ ਇੰਨਾ ਜ਼ਿਆਦਾ ਧਸ ਜਾਂਦੇ ਹਨ ਕਿ ਉਹ ਚਾਹ ਕੇ ਵੀ ਇਸ ਨਸ਼ੇ ਨੂੰ ਨਹੀਂ ਛੱਡ ਪਾਉਂਦੇ ਅਤੇ ਇਸ ਦਾ ਅੰਤ ਜਵਾਨੀ ਵਿੱਚ ਮੋਤ ਹੀ ਹੁੰਦੀ ਹੈ ਅਤੇ ਪਿੱਛੇ ਸਾਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਜਾਂਦਾ ਹੈ ਅਤੇ ਪਰਿਵਾਰ ਜੀਂਦੇ ਜੀਅ ਹੀ ਮਰਿਆ ਵਰਗਾ ਹੋ ਜਾਂਦਾ ਹੈ। ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਬਿਲਕੁੱਲ ਵੀ ਫ਼ਿਕਰ ਨਹੀਂ ਕਿ ਸਾਡੇ ਪੰਜਾਬ ਦੇ ਨੋਜਵਾਨ ਚਿੱਟੇ ਨਾਲ ਜ਼ਵਾਨੀ ਵਿੱਚ ਹੀ ਮਰਦੇ ਜਾ ਰਹੇ ਹਨ ਕਿਉਂਕਿ ਜੇਕਰ ਸਰਕਾਰਾਂ ਨੂੰ ਫ਼ਿਕਰ ਹੋਵੇ ਤਾਂ ਸਰਕਾਰਾਂ ਨਸ਼ੇ ਖਿਲਾਫ ਬਹੁਤ ਜ਼ਿਆਦਾ ਸਖ਼ਤੀ ਕਰਨ। ਜਿਹੜੇ ਜ਼ਿਲ੍ਹੇ ਵਿੱਚ ਚਿੱਟਾ ਜਾ ਕੋਈ ਹੋਰ ਨਸ਼ਾ ਵਿਕਦਾ ਹੈ ਤਾਂ ਉਸ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ। ਜੇਕਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸਖ਼ਤੀ ਕਰ ਦੇਵੇ ਤਾਂ ਬਹੁਤ ਜਲਦੀ ਨਸ਼ੇ ਦੀ ਵਿਕਰੀ ਤੇ ਕ਼ਾਬੂ ਪਾਇਆ ਜਾ ਸਕਦਾ ਹੈ। ਜਿਹੜੇ ਥਾਣੇ ਦੇ ਅਧੀਨ ਕਿਸੇ ਪਿੰਡ ਜਾ ਸ਼ਹਿਰ ਵਿੱਚ ਨਸ਼ਾ ਫੜਿਆ ਜਾਂਦਾ ਹੈ ਤਾਂ ਉਸ ਥਾਣੇ ਦੇ ਐਸ.ਐਚ.ਓ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਹਰੇਕ ਥਾਣਾ ਮੁਖੀ ਨੂੰ ਆਪਣੇ ਇਲਾਕੇ ਦੀ ਫ਼ਿਕਰ ਹੋਵੇਗੀ ਅਤੇ ਇਹ ਡਰ ਹੋਵੇਗਾ ਕਿ ਜ਼ੇਕਰ ਮੇਰੇ ਇਲਾਕੇ ਵਿੱਚ ਨਸ਼ਾ ਵਿਕਦਾ ਫੜਿਆ ਗਿਆ ਤਾਂ ਮੇਰੇ ਤੇ ਕਾਰਵਾਈ ਹੋ ਜਾਵੇਗੀ ਤਾਂ ਫਿਰ ਉਹ ਐਸ.ਐਚ.ਓ ਆਪਣੇ ਆਪ ਪੂਰੇ ਇਲਾਕੇ ਵਿੱਚ ਨਸ਼ੇ ਖਿਲਾਫ ਸਖ਼ਤੀ ਕਰੇਗਾ। ਵੈਸੇ ਵੀ ਹਰੇਕ ਐਸ.ਐਚ.ਓ ਕੋਲ ਸਾਰੇ ਇਲਾਕੇ ਦੀ ਡਿਟੇਲ ਹੁੰਦੀ ਹੀ ਹੈ ਕਿ ਕਿੱਥੇ ਨਸ਼ਾ ਵਿਕ ਰਿਹਾ ਹੈ ਅਤੇ ਕੋਣ ਵੇਚ ਰਿਹਾ ਹੈ। ਹਰੇਕ ਹਲਕੇ ਦੇ ਮੰਤਰੀ ਅਤੇ ਐਮ.ਐਲ.ਏ ਦੀ ਜ਼ਿੰਮੇਵਾਰੀ ਵਾਰੀ ਫਿਕਸ ਹੋਣੀ ਚਾਹੀਦੀ ਹੈ ਕਿ ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਨਸ਼ੇ (ਚਿੱਟੇ) ਨਾਲ ਮਰ ਗਿਆ ਜਾਂ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਫਿਰ ਤੁਸੀਂ ਸੋਚੋ ਕਿ ਨਸ਼ਾ ਕਿਵੇਂ ਨਹੀਂ ਰੁਕ ਸਕਦਾ।ਸਭ ਤੋਂ ਪਹਿਲਾਂ ਐਮ.ਐਲ.ਏ, ਮੰਤਰੀਆਂ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਨਸ਼ੇ ਨੂੰ ਰੋਕਣ ਲਈ ਦਿਲ ਤੋਂ ਸਾਥ ਦੇਣਾ ਪਵੇਗਾ।ਜਿਸ ਜ਼ਿਲੇ, ਹਲਕੇ ਵਿੱਚ ਨਸ਼ੇ ਨਾਲ ਕੋਈ ਮੋਤ ਹੁੰਦੀ ਹੈ ਕੋਈ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਸੰਬੰਧਤ ਐਮ.ਐਲ.ਏ, ਮੰਤਰੀ, ਡਿਪਟੀ ਕਮਿਸ਼ਨਰ, ਸੀਨੀਅਰ ਪੁਲਿਸ ਕਪਤਾਨ ਅਤੇ ਥਾਣਾ ਮੁਖੀ ਦੇ ਖਿਲਾਫ ਕਾਰਵਾਈ ਹੋਣੀ ਸ਼ੁਰੂ ਹੋ ਜਾਵੇ ਤਾਂ ਨਸ਼ਾ ਬਹੁਤ ਜ਼ਲਦੀ ਬੰਦ ਕੀਤਾ ਜਾ ਸਕਦਾ ਹੈ।
ਸੰਦੀਪ ਕੰਬੋਜ
ਪ੍ਰਧਾਨ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ ਗੁਰੂਹਰਸਹਾਏ
ਸੰਪਰਕ ਨੰਬਰ -98594-00002