ਲੁਧਿਆਣਾ 3 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾਇਰੈਕੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿਚ ਹਰ ਮਹੀਨੇ ਕਰਵਾਈ ਜਾਂਦੀ ਕਿਸਾਨ ਕਲੱਬ ਦੀ ਮੀਟਿੰਗ ਇਸ ਵਾਰ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਭਰਵੀਂ ਹਾਜ਼ਰੀ ਦੀ ਗਵਾਹ ਬਣੀ| 95 ਕਿਸਾਨ ਮੈਂਬਰਾਂ ਨੇ ਇਸ ਮੀਟਿੰਗ ਵਿਚ ਹਿੱਸਾ ਲੈ ਕੇ ਵੱਖ-ਵੱਖ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਉਹਨਾਂ ਨਾਲ ਆਪਣੀ ਕਾਸ਼ਤਕਾਰੀ ਬਾਰੇ ਮਸ਼ਵਰੇ ਕੀਤੇ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਤਾਜ਼ੇ ਖੇਤੀ ਸਾਹਿਤ ਦੇ ਹਵਾਲੇ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਸਾਹਿਤ ਨਾਲ ਜੁੜਨ ਅਤੇ ਸ਼ੋਸ਼ਲ਼ ਮੀਡੀਆ ਮਾਧਿਅਮਾਂ ਉੱਪਰ ਵੀ ਪੀ.ਏ.ਯੂ. ਦੇ ਪ੍ਰੋਗਰਾਮ ਦੇਖਣ ਦੀ ਆਦਤ ਬਨਾਉਣ|
ਖੇਤੀ ਮਾਹਿਰਾਂ ਵਜੋਂ ਇਸ ਵਾਰ ਡਾ. ਦਵਿੰਦਰ ਪਾਲ ਸਿੰਘ ਨੇ ਚਾਰੇ ਦੀ ਕਾਸ਼ਤ ਅਤੇ ਸਾਈਲੇਜ ਬਨਾਉਣ ਬਾਰੇ, ਡਾ. ਗੁਰਵੀਰ ਕੌਰ ਨੇ ਲਸਣ ਅਤੇ ਪਿਆਜ਼ ਦੀ ਸਾਂਭ-ਸੰਭਾਲ ਬਾਰੇ, ਡਾ. ਮਨਪ੍ਰੀਤ ਕੌਰ ਸੈਣੀ ਨੇ ਅਨਾਜ ਅਤੇ ਬੀਜ ਦੇ ਭੰਡਾਰਨ ਬਾਰੇ. ਡਾ. ਅਮਿਤ ਕੌਲ ਨੇ ਹਰੀ ਖਾਦ ਦੇ ਮਹੱਤਵ ਬਾਰੇ, ਡਾ. ਰਵਿੰਦਰ ਸਿੰਘ ਚੰਦੀ ਨੇ ਸਬਜ਼ੀਆਂ ਵਿਚ ਕੀੜਿਆਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਨੁਕਤੇ ਦੱਸੇ| ਮਾਹਿਰਾਂ ਦੀ ਵਿਚਾਰ-ਚਰਚਾ ਵਿਚ ਫਸਲ ਦੀ ਬਿਜਾਈ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ, ਬੀਜ ਦੀ ਸੋਧ, ਨਦੀਨਾਂ ਦੀ ਰੋਕਥਾਮ ਲਈ ਯਤਨ, ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਅ ਅਤੇ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਦੇ ਨਾਲ-ਨਾਲ ਮਿੱਤਰ ਕੀੜਿਆਂ ਅਤੇ ਲਾਭਕਾਰੀ ਪੰਛੀਆਂ ਸੰਬੰਧੀ ਜਾਣਕਾਰੀ ਦਿੱਤੀ ਗਈ|
ਮੀਟਿੰਗ ਵਿੱਚ ਆਏ ਕਿਸਾਨਾਂ ਅਤੇ ਮਾਹਰਾਂ ਦਾ ਸਵਾਗਤ ਮੰਚ ਸੰਚਾਲਕ, ਸ਼੍ਰੀ ਵਰਿੰਦਰ ਸਿੰਘ ਨੇ ਕੀਤਾ। ਅੰਤ ਵਿਚ ਕਲੱਬ ਦੇ ਪ੍ਰਧਾਨ ਸ਼੍ਰੀ ਮਨਪ੍ਰੀਤ ਸਿੰਘ ਗਰੇਵਾਲ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਅਤੇ ਸਭ ਦਾ ਧੰਨਵਾਦ ਕੀਤਾ|

