ਤੇਰੀ ਚਾਹਤ ਦਾ ਕੈਸਾ ਸਰੂਰ ਹੈ ਛਾਇਆ
ਮੇਰਾ ਤਾਂ ਲੂੰ ਲੂੰ ਹੈ ਰੁਸ਼ਨਾਇਆ ।
ਤੇਰੀ ਪੂਜਾ , ਤੇਰੀ ਬੰਦਗੀ , ਤੇਰੀ ਇਬਾਦਤ
ਹੁਣ ਇਸ਼ਟ ਹੈ ਮੇਰਾ ,
ਉਸੇ ਵਿੱਚ ਰਮੀ ਰਹਿੰਦੀ ਹਾਂ ਮੈਂ ।
ਲੋਕੀਂ ਕਹਿੰਦੇ ਇਹ ਤੇ ਰਮਲੀ ਕਮਲੀ ਹੋ ਗਈ ,
ਹੱਸਕੇ ਕਹਿੰਦੀ ਮੈਂ ਤਾਂ ਉਹਦੀ ਚਾਹਤ ਵਿੱਚ ਪਗਲੀ ਹੋ ਗਈ ।
ਤੇਰੀ ਚਾਹਤ ਜੋ ਮਿਲ ਗਈ ਅਸਾਨੂੰ
ਭਟਕਣ ਖਤਮ ਹੋ ਗਈ ਹੈ ਹੁਣ ਤੇ
ਕੋਈ ਹੋਰ ਚਾਹਤ ਨਹੀਂ ਬਾਕੀ ਹੁਣ ।
ਤੇਰੀ ਚਾਹਤ ਨੂੰ ਸਿੱਜਦਾ ਕਰਾਂ ਮੈਂ ਹਰ ਪੱਲ
ਉਸੇ ਵਿੱਚ ਮਸ਼ਗੂਲ ਮੈਂ ਰਹਿੰਦੀ ਹਾਂ ਹਰਦਮ ।
ਜੱਦ ਪਿਆਰ ਤਰੰਗਾਂ ਉੱਠਦੀਆਂ ਨੇ
ਮਨ ਬਾਰ ਬਾਰ ਪਿਆ ਗਾਉਂਦਾ ਹੈ ,
“ਪ੍ਰੇਮ ਲੱਗੋ ਹਰਿ ਤੀਰ ਮੇਰੇ ਮਨਿ
ਪ੍ਰੇਮ ਲੱਗੋ ਹਰਿ ਤੀਰ “
ਤੇਰੀ ਚਾਹਤ ਦਾ ਕੈਸਾ ਅਵਲੱੜਾ ਰੋਗ ਹੈ ਲੱਗਾ
ਰਾਤਾਂ ਨੂੰ ਤ੍ਰਬਕ ਕੇ ਉੱਠ ਬਹਿੰਦੀ ਹਾਂ ,
ਬਾਰ ਬਾਰ ਇਹ ਗੁਣਗੁਣਾਉਂਦੀ ਰਹਿੰਦੀ ਹਾਂ
“ ਪ੍ਰੀਤਮ ਕੈ ਦੇਸ ਕੈਸੇ ਬਾਤਨੁ ਕੇ ਜਾਈਐ
ਪੂਛਤ ਪਥਕਿ ਤਿਹ ਮਾਰਗ ਨ ਧਾਰੈ ਪਗਿ “
ਤੇਰੀ ਚਾਹਤ ਦੇ ਰੰਗ ਵਿੱਚ ਰੰਗੀ ਹੋਈ ਹਾਂ ਮੈਂ ਤਾਂ ,
ਹੁਣ ਦੂਸਰਾ ਰੰਗ ਕੋਈ ਚੜ੍ਹਦਾ ਨਹੀਂ ਇਸਤੇ ।
“ਲਾਲੁ ਰੰਗੁ ਤਿਸ ਕੋ ਲਗਾ ਜਿਸਕੇ ਵੱਡਭਾਗਾ “
ਤੇਰੀ ਚਾਹਤ ‘ਚ ਸਨਮ ਮਿਟ ਗਏ ਹਾਂ ,
ਫ਼ਨਾਹ ਹੋ ਗਏ ਹਾਂ ,
ਤੈਨੂੰ ਭੋਰਾ ਤਰਸ ਵੀ ਨੀ ਆਇਆ ।
“ ਜੇ ਤੂ ਮਿਤ੍ਰ ਅਸਾਡੜਾ , ਹਿਕ ਭੋਰੀ ਨਾ ਵੇਛੋੜਿ “
ਕਾਸ਼ ! ਇਕ ਵਾਰੀ ਫ਼ੇਰਾ ਪਾ ਵੇ ਸੱਜਣਾਂ
ਹਿੱਕ ਆਪਣੀ ਨਾਲ ਤੂੰ ਲਾ ਵੇ ਸੱਜਣਾਂ ।
ਤੇਰੀ ਚਾਹਤ ਦੇ ਝੱਲ ਨੇ ਕਮਲ਼ਿਆਂ ਕਰ ਦਿੱਤਾ ਹੈ , ਕਮਲ਼ਿਆਂ ਵਾਂਗ ਬਾਰ ਬਾਰ ਗੁਣਗੁਣਾਉਂਦੀ ਰਹਿੰਦੀ ਹੈ ।
“ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ
ਮਨ ਆਸਾ ਚਿੰਤ ਵਿਸਾਰਿਆ ॥”
( ਰਮਿੰਦਰ ਰੰਮੀ )