ਪਿਛਲੇ ਐਤਵਾਰ ਡਾ. ਲਖਵਿੰਦਰ ਸਿੰਘ ਜੌਹਲ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਪਹਿਲੀ ਪ੍ਰਬੰਧਕੀ ਬੋਰਡ ਮੀਟਿੰਗ ਵਿੱਚ ਮਿਲੇ।
ਦੱਸਣ ਲੱਗੇ ਕਿ ਉਹ ਪੰਜਾਬੀ ਸ਼ਾਇਰ ਸੁਰਜੀਤ ਰਾਮਪੁਰੀ ਜੀ ਦੇ ਜਨਮ ਸ਼ਤਾਬਦੀ ਸਾਲ ਨੂੰ ਸਮਰਪਿਤ ਆਪਣੇ ਸੰਪਾਦਨ ਅਧੀਨ ਛਪਦੇ ਸਾਹਿੱਤ- ਆਲੋਚਨਾ ਪੱਤਰ ਦਾ ਵਿਸ਼ੇਸ਼ ਅੰਕ 12 ਜੂਨ ਨੂੰ ਲੋਕ ਅਰਪਨ ਕਰ ਰਹੇ ਹਨ।
ਮੈਨੂੰ ਬਹੁਤ ਚੰਗਾ ਲੱਗਾ। ਮੇਰੇ ਹਮ ਉਮਰ ਬਹੁਤ ਲੋਕ ਉਨ੍ਹਾਂ ਦੇ ਕਲਾਮ ਤੌਂ ਸੇਧ ਲੈ ਕੇ ਤੁਰੇ ਸਨ।
ਮੈਨੂੰ ਯਾਦ ਆਇਆ ਕਿ ਕਿਵੇਂ ਸੁਰਜੀਤ ਰਾਮਪੁਰੀ ਨੇ ਰਾਮਪੁਰ ਨੂੰ 1954 ਵਿੱਚ ਸਾਹਿੱਤ ਦੀ ਪੇਂਡੂ ਰਾਜਧਾਨੀ ਬਣਾਉਣ ਵਿੱਚ ਵੱਡਾ ਹਿੱਸਾ ਪਾਇਆ। ਉਨ੍ਹਾਂ ਦੇ ਸੰਗ ਸਾਥ ਗੁਰਚਰਨ ਰਾਮਪੁਰੀ, ਮੱਲ ਸਿੰਘ ਰਾਮਪੁਰੀ, ਮਹਿੰਦਰ ਰਾਮਪੁਰੀ, ਹਰਚਰਨ ਰਾਮਪੁਰੀ, ਜੀਵਨ ਸਿੰਘ ਰਾਮਪੁਰੀ,ਸੁਖਮਿੰਦਰ ਰਾਮਪੁਰੀ, ਅੰਮ੍ਰਿਤ ਰਾਮਪੁਰੀ, ਸੁਰਿੰਦਰ ਰਾਮਪੁਰੀ ਤੋਂ ਇਲਾਵਾ ਨੇੜਲੇ ਪਿੰਡਾਂ ਨੀਲੋਂ ਦੇ ਕੁਲਵੰਤ ਨੀਲੋਂ,ਬੇਗੋਵਾਲ ਦੇ ਹਰਭਜਨ ਸਿੰਘ ਮਾਂਗਟ , ਮਹਿੰਦਰ ਸਿੰਘ ਕੈਦੀ ਅਜਾਇਬ ਸਿੰਘ ਗਰੇਵਾਲ, ਤੇਲੂ ਰਾਮ ਕੋਹਾੜਾ, ਸੁਰਜੀਤ ਖੁਰਸ਼ੀਦੀ, ਗੁਰਮੇਲ ਸਿੰਘ ਭੰਡਾਲ,ਰਘਬੀਰ ਸਿੰਘ ਭਰਤ, ਸਰਬੰਸ, ਤੇ ਕਿੰਨੇ ਹੋਰ ਲੇਖਕ ਸੁਰਜੀਤ ਰਾਮਪੁਰੀ ਦੇ ਸਾਥੀ ਬਣੇ।
ਮੈਨੂੰ ਯਾਦ ਹੈ ਕਿ ਕਿਵੇਂ ਸੰਤੋਖ ਸਿੰਘ ਧੀਰ, ਅਜਾਇਬ ਚਿੱਤਰਕਾਰ, ਡਾ. ਰਣਧੀਰ ਸਿੰਘ ਚੰਦ,ਸੱਜਣ ਗਰੇਵਾਲ ਤੇ ਇੰਦਰਜੀਤ ਹਸਨਪੁਰੀ ਇੱਕ ਦੂਸਰੇ ਨਾਲ ਘੁਲ਼ ਮਿਲ ਕੇ ਵਿਚਰਦੇ ਸਨ। ਪਰ ਹੁਣ ਉਹ ਮੌਸਮ ਨਹੀਂ ਰਹੇ। ਪਤਾ ਨਹੀਂ ਲੱਗਦਾ ਕਿ ਮਨੁੰਖੀ ਵਿਹਾਰ ਵਿੱਚ ਗਿਣਤੀ ਮਿਣਤੀ ਕਦੋਂ ਆ ਵੜੀ?
1975 ਵਿੱਚ ਗੁਰਚਰਨ ਰਾਮਪੁਰੀ ਬੜੇ ਸਾਲਾਂ ਬਾਅਦ ਕੈਨੇਡਾ ਤੋਂ ਵਤਨ ਆਇਆ। ਲਿਖਾਰੀ ਸਭਾ ਰਾਮਪੁਰ ਦੇ ਸਮਾਗਮ ਵਿੱਚ ਉਸ ਬਹੁਤ ਤਸਵੀਰਾਂ ਖਿੱਚੀਆਂ। ਇੱਕ ਗਰੁੱਪ ਫੋਟੋ ਤਾਂ ਮੇਰੇ ਕੋਲ ਵੀ ਪਈ ਹੈ ਕਿਤੇ।
1976 ਵਿੱਚ ਮੈਂ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਵਿੱਚ ਲੈਕਚਰਰ ਲੱਗਾ ਤਾਂ ਉੱਥੇ ਕਵੀ ਦਰਬਾਰ ਵਿੱਚ ਸੁਰਜੀਤ ਰਾਮਪੁਰੀ
ਜੀ ਨੂੰ ਵੀ ਬੁਲਾਇਆ। ਅਗਲੇ ਸਾਲ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉ ਪੜ੍ਹਾਉਣ ਲੱਗਾ ਤਾਂ ਉੱਥੇ ਵੀ ਸੰਤੋਖ ਸਿੰਘ ਧੀਰ, ਅਜਾਇਬ ਚਿੱਤਰਕਾਰ, ਸੁਰਜੀਤ ਪਾਤਰ,ਤਖ਼ਤ ਸਿੰਘ,ਸੰਤ ਰਾਮ ਉਦਾਸੀ, ਪਾਸ਼, ਸ਼ਮਸ਼ੇਰ ਸਿੰਘ ਸੰਧੂ,ਵਰਿਆਮ ਸੰਧੂ ਤੇ ਸੰਤ ਰਾਮ ਉਦਾਸੀ ਦੇ ਨਾਲ ਸੁਰਜੀਤ ਰਾਮਪੁਰੀ ਨੂੰ ਵੀ ਬੁਲਾਇਆ।
ਮੈਨੂੰ ਯਾਦ ਆਇਆ। ਰਾਮਗੜੀਆ ਗਰਲਜ਼ ਕਾਲਿਜ ਵਿੱਚ ਵੀ ਸੁਰਜੀਤ ਰਾਮਪੁਰੀ ਆਉਂਦੇ ਰਹੇ। ਇੱਕ ਵਾਰ ਕਰਨਲ ਨਰਿੰਦਰਪਾਲ ਸਿੰਘ ਜੀ ਨੂੰ ਰਾਮਗੜੀਆ ਗਰਲਜ਼ ਕਾਲਿਜ ਵਿੱਚ ਬੁਲਾਇਆ ਤਾਂ ਸੁਰਜੀਤ ਰਾਮਪੁਰੀ ਉਚੇਚਾ ਮਿਲਣ ਆਏ। ਸਾਡੀ ਉਸ ਸਮਾਗਮ ਦੀ ਤਸਵੀਰ ਵੀ ਪਈ ਹੈ ਕਿਤੇ। ਤਸਵੀਰ ਵਿੱਚ ਸੋਹਣ ਸਿੰਘ ਸੀਤਲ ਤੇ ਨਰਿੰਜਨ ਤਸਨੀਮ ਵੀ ਹਨ।
ਸੁਰਜੀਤ ਰਾਮਪੁਰੀ ਜੀ ਦਾ ਪੁਰਦਮਨ ਸਿੰਘ ਬੇਦੀ ਕੋਲ ਬਹੁਤ ਆਉਣ ਜਾਣ ਸੀ। “ਮੈਂ ਸਿਰਫ਼ ਆਵਾਜ਼ ਹਾਂ” ਬੇਦੀ ਨੇ ਹੀ ਛਾਪੀ ਸੀ।
ਉਨਾਂ ਦੇ ਨਾਭਾ ਨਿਵਾਸ ਦੌਰਾਨ ਰਣਧੀਰ ਸਿੰਘ ਚੰਦ ਨਾਲ ਜਾ ਕੇ ਇੱਕ ਰਾਤ ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਨੇ ਰਾਮਪੁਰੀ ਜੀ ਦੇ ਘਰ ਕੱਟੀ ਸੀ। ਉਸੇ ਫੇਰੀ ਦੌਰਾਨ ਹੀ ਅਸੀਂ ਪਹਿਲੀ ਵਾਰ ਆਜ਼ਾਦ ਗੁਲਾਟੀ, ਤਰਲੋਕ ਸਿੰਘ ਆਨੰਦ,ਕੰਵਰ ਚੌਹਾਨ ਤੇ ਗੁਰਦੇਵ ਨਿਰਧਨ ਜੀ ਨੂੰ ਮਿਲੇ ਸਾਂ।
ਸੁਰਜੀਤ ਰਾਮਪੁਰੀ ਜੀ ਦਾ ਜਨਮ 12 ਜੂਨ 1926 ਨੂੰ ਹੋਇਆ ਤੇ 3 ਮਾਰਚ 1990 ਨੂੰ ਉਹ ਸਦੀਵੀ ਅਲਵਿਦਾ ਕਹਿ ਗਏ।
ਸੁਰਜੀਤ ਰਾਮਪੁਰੀ ਜੀ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਰਾਮਪੁਰ ਪਿੰਡ ਵਿੱਚ ਹੋਇਆ ਪਰ ਬਚਪਨ ਦਾ ਬਹੁਤਾ ਸਮਾਂ ਉਨ੍ਹਾਂ ਕਲਕੱਤਾ ਵਿੱਚ ਗੁਜ਼ਾਰਿਆ ਜਿੱਥੇ ਉਨ੍ਹਾਂ ਦੇ ਪਿਤਾ ਜੀ ਟਰਾਂਸਪੋਰਟਰ ਸਨ।
ਉਹ ਕਿੱਤੇ ਵਜੋਂ ਅਧਿਆਪਕ ਸਨ ਅਤੇ ਪਟਿਆਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ 1984 ਵਿੱਚ ਸੇਵਾ ਮੁਕਤ ਹੋਏ।
ਸੁਰਜੀਤ ਰਾਮਪੁਰੀ ਦੀਆਂ ਕਾਵਿ ਰਚਨਾਵਾਂ ਵਿੱਚ ਗੀਤਾਂ ਭਰੀ ਸਵੇਰ, ਠਰੀ ਚਾਨਣੀ, ਇੱਛਾ ਦਾ ਜਨਮ, ਦਰਦ ਕਹਾਣੀ ਰਾਤਾਂ ਦੀ, ਬੁੱਢਾ ਦਰਿਆ, ਮੈਂ ਸਿਰਫ਼ ਆਵਾਜ਼ ਹਾਂ, ਪਿਛਲਾ ਪਹਿਰ, ਵਿਸਮਾਦ, ਸੁਪਨਿਆਂ ਦੇ ਪਰਛਾਵੇਂ, ਗਾਉਂਦੀ ਹੈ ਤਨਹਾਈ, ਪੀੜਾਂ ਦੀ ਖ਼ੁਸ਼ਬੋ ਆਦਿ ਸ਼ਾਮਿਲ ਹਨ । ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ ਸੁਪਨਿਆ ਦੇ ਪਰਛਾਵੇਂ ਨੂੰ ਸ. ਗੁਰਸ਼ਰਨ ਸਿੰਘ ਨਾਟਕਕਾਰ ਨੇ ਛਾਪਿਆ। ਉਨ੍ਹਾਂ ਦੀ ਮੌਤ ਮਗਰੋਂ ਭਾਸ਼ਾ ਵਿਭਾਗ ਪੰਜਾਬ ਨੇ ਉਨ੍ਹਾਂ ਦੇ ਚੋਣਵੇਂ ਗੀਤ ਛਾਪੇ।
ਬਹੁਤ ਚਿਰ ਪਹਿਲਾਂ ਪ੍ਰਸਿੱਧ ਗਾਇਕਾ ਨਰਿੰਦਰ ਬੀਬਾ ਜੀ ਨੇ ਸੁਰਜੀਤ ਰਾਮਪੁਰੀ ਜੀ ਦਾ ਗੀਤ” ਮੈਂ ਦਰਦ ਕਹਾਣੀ ਰਾਤਾਂ ਦੀ” ਆਕਾਸ਼ਵਾਣੀ ਜਲੰਧਰ ਲਈ ਰੀਕਾਰਡ ਕਰਵਾਇਆ। ਉਨ੍ਹਾਂ ਦੇ ਕੁਝ ਗੀਤ ਤੇ ਗ਼ਜ਼ਲਾਂ ਇਕਬਾਲ ਮਾਹਲ ਨੇ ਜਗਜੀਤ ਸਿੰਘ ਜ਼ੀਰਵੀ ਕੇ ਡੌਲੀ ਗੁਲੇਰੀਆ ਦੀ ਆਵਾਜ਼ ਵਿੱਚ ਰੀਕਾਰਡ ਕਰਕੇ ਆਡਿਉ ਕੈਸਿਟ ਦੇ ਰੂਪ ਵਿੱਚ ਰਿਲੀਜ਼ ਕੀਤੇ। ਇਸ ਦਾ ਸੰਗੀਤ ਜੈਦੇਵ ਨੇ ਦਿੱਤਾ ਸੀ। ਇਸ ਵਿੱਚ ਇੱਕ ਗ਼ਜ਼ਲ ਰਾਮਪੁਰ ਪਿੰਡ ਬਾਰੇ ਵੀ ਹੈ ਜਿਸ ਵਿੱਚ ਉਹ ਪਿੰਡ ਦੇ ਪਾਣੀ ਦੇ ਹਵਾਲੇ ਨਾਲ ਗੱਲ ਕਰਦਾ ਹੈ।
ਘੁੰਗਟ ਵਰਗੀਆਂ ਛਾਵਾਂ ਮੇਰੇ ਪਿੰਡ ਦੀਆਂ।
ਝੂਮਣ ਮਸਤ ਹਵਾਵਾਂ ਮੇਰੇ ਪਿੰਡ ਦੀਆਂ।
ਕੱਚੀਆਂ ਕੰਧਾਂ, ਪੱਕੀਆਂ ਪ੍ਰੀਤਾਂ ਦੀ ਬਸਤੀ,
ਕਿੰਜ ਗਲ਼ੀਆਂ ਛੱਡ ਜਾਵਾਂ ਮੇਰੇ ਪਿੰਡ ਦੀਆਂ।
ਪੂਰਨ ਵਰਗੇ ਪੁੱਤਰਾਂ ਦੀ ਸੁੱਖ ਮੰਗਦੀਆਂ,
ਇੱਛਰਾਂ ਵਰਗੀਆਂ ਮਾਵਾਂ ਮੇਰੇ ਪਿੰਡ ਦੀਆਂ।
ਹੁਸਨਾਂ ਦੇ ਹਾਸੇ ਤੇ ਪ੍ਰੀਤਾਂ ਦੇ ਨਗ਼ਮੇ,
ਦੋਹਰੀਆਂ ਵਗਣ ਝਨਾਵਾਂ ਮੇਰੇ ਪਿੰਡ ਦੀਆਂ।
ਰੇਸ਼ਮ ਰੇਸ਼ਮ ਪਿੰਡਾ ਕਾਲ਼ੀਆਂ ਰਾਤਾਂ ਦਾ,
ਗੋਰੀਆਂ ਗੋਰੀਆਂ ਬਾਹਵਾਂ ਮੇਰੇ ਪਿੰਡ ਦੀਆਂ।
ਜਿਹੜਾ ਪਾਣੀ ਪੀਂਦਾ, ਸ਼ਾਇਰ ਹੋ ਜਾਂਦਾ,
ਏਨੀਆ ਸਖ਼ਤ ਸਜ਼ਾਵਾਂ ਮੇਰੇ ਪਿੰਡ ਦੀਆਂ।
ਬਾਕੀ ਗੱਲਾਂ ਕਦੇ ਫਿਰ ਸਹੀ।
ਉਨ੍ਹਾਂ ਦਾ ਇਹ ਬਹੁਤ ਪ੍ਰਸਿੱਧ ਗੀਤ ਪੜ੍ਹਿਉ ਤੁਸੀਂ ਵੀ।
1.
ਮੈਂ ਦਰਦ-ਕਹਾਣੀ ਰਾਤਾਂ ਦੀ
ਮੈਂ ਦਰਦ-ਕਹਾਣੀ ਰਾਤਾਂ ਦੀ
ਮੈਨੂੰ ਕੋਈ ਸਵੇਰਾ ਕੀ ਜਾਣੇ ?
ਜੋ ਰਾਤ ਪਈ ਸੌਂ ਜਾਂਦਾ ਹੈ
ਉਹ ਪੰਧ ਲੰਮੇਰਾ ਕੀ ਜਾਣੇ ?
ਪਤਝੜ ਦੀ ਹਿੱਸਦੀ ਪੀੜਾ ਹਾਂ
ਇਹਨੂੰ ਮਸਤ-ਬਹਾਰਾਂ ਕੀ ਸਮਝਣ ।
ਮੈਂ ਪਿਆਸ ਕਿਸੇ ਵਿਰਾਨੇ ਦੀ
ਇਹਨੂੰ ਸੌਣ-ਫੁਹਾਰਾਂ ਕੀ ਸਮਝਣ ।
ਮੇਰਾ ਘਰ ਮਾਰੂ-ਤੂਫ਼ਾਨਾਂ ‘ਤੇ
ਕੰਢੇ ਦਾ ਬਸੇਰਾ ਕੀ ਜਾਣੇ ?
ਮੈਂ ਹਿਜਰ ਦੀ ਧੁਖਦੀ ਅਗਨੀ ਹਾਂ,
ਇਹਨੂੰ ਕੋਈ ਵਿਯੋਗੀ ਹੀ ਸਮਝੇ ।
ਸੱਧਰਾਂ ਦੀ ਰਾਖ ਦੀ ਢੇਰੀ ਹਾਂ,
ਇਹਨੂੰ ਪਿਆਰ ਦਾ ਜੋਗੀ ਹੀ ਸਮਝੇ ।
ਮੇਰੀ ਮੰਜ਼ਿਲ ਹੀਰ ਸਿਆਲਾਂ ਦੀ
ਗੋਰਖ ਦਾ ਡੇਰਾ ਕੀ ਜਾਣੇ ?
ਮੈਂ ਵਿਧਵਾ ਹੋਈ ਸੱਧਰ ਹਾਂ
ਤੇ ਭਟਕ ਰਿਹਾ ਅਰਮਾਨ ਕੋਈ ।
ਅਰਸ਼ਾਂ ‘ਚੋਂ ਟੁੱਟਿਆ ਤਾਰਾ ਹਾਂ
ਮੈਂ ਟੋਲ ਰਿਹਾ ਅਸਮਾਨ ਕੋਈ ।
ਇਹ ਭੇਤ ਜਲਣ ਦਾ, ਬੁਝਣੇ ਦਾ,
ਮੱਸਿਆ ਦਾ ਹਨੇਰਾ ਕੀ ਜਾਣੇ ?
ਮੈਂ ਦੀਪਕ ਰਾਗ ਦੀ ਲੈਅ ਕੋਈ
ਕੀ ਸਮਝੇ ਰਾਗ ਮਲ੍ਹਾਰਾਂ ਦਾ;
ਮੈਂ ਤ੍ਰੇਲ ਕਿਸੇ ਦੇ ਨੈਣਾਂ ਦੀ,
ਕੀ ਸਮਝੇ ਫੁੱਲ ਬਹਾਰਾਂ ਦਾ ।
ਜਿਹਨੂੰ ਹਰ ਥਾਂ ਅਪਣਾ ਰੱਬ ਦਿਸਦਾ
ਉਹ ਤੇਰਾ ਮੇਰਾ ਕੀ ਜਾਣੇ ?
ਮੈਂ ਹੰਝੂਆਂ ਦਾ ਪਾਗਲਪਣ ਹਾਂ
ਮੈਂ ਆਸ ਕਿਸੇ ਵੀਰਾਨੇ ਦੀ,
ਘੁੰਮਦਾ ਆਵਾਰਾ ਬੱਦਲ ਹਾਂ
ਮੈਂ ਮਸਤੀ ਹਾਂ ਮਸਤਾਨੇ ਦੀ ।
ਜੋ ਖ਼ੁਸ਼ੀ ਹੈ ਲੁੱਟੇ ਜਾਵਣ ਦੀ
ਉਹਨੂੰ ਕੋਈ ਲੁਟੇਰਾ ਕੀ ਜਾਣੇ ?
ਮੈਂ ਦਰਦ-ਕਹਾਣੀ ਰਾਤਾਂ ਦੀ
ਮੈਨੂੰ ਕੋਈ ਸਵੇਰਾ ਕੀ ਜਾਣੇ ?
ਜੋ ਰਾਤ ਪਈ ਸੌਂ ਜਾਂਦਾ ਹੈ
ਉਹ ਪੰਧ ਲੰਮੇਰਾ ਕੀ ਜਾਣੇ ?
ਗੁਰਭਜਨ ਗਿੱਲ
