ਲੁਧਿਆਣਾ 18 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸ ਪੱਤ੍ਰਿਕਾ ਦਾ 47ਵਾਂ ਅੰਕ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਕਨੇਡਾ ਵਸਦੇ ਉੱਘੇ ਕਹਾਣੀਕਾਰ ਜਰਨੈਲ ਸਿੰਘ (ਦੋ ਟਾਪੂ )ਤੇ ਉਨ੍ਹਾਂ ਦੀ ਧਰਮ ਸੁਪਤਨੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਪ੍ਰੋਗਰਾਮ ਦੇ ਆਰੰਭ ਵਿੱਚ ਡਾਕਟਰ ਸ.ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਅਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਰਸਮੀ ਤੌਰ ‘ਤੇ ਸਭ ਨੂੰ ਜੀ ਆਇਆਂ ਕਿਹਾ। ਉਹਨਾਂ ਨੇ ਜਰਨੈਲ ਸਿੰਘ ਦੀ ਹੁਣ ਤੱਕ ਦੀ ਸਾਹਿਤਿਕ ਦੇਣ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਦੀਆਂ ਬਹੁਤ ਚਰਚਿਤ ਕਹਾਣੀਆਂ ਦੋ ਟਾਪੂ ਅਤੇ ਟਾਵਰਜ਼ ਬਾਰੇ ਵੀ ਵਿਚਾਰ ਚਰਚਾ ਕੀਤੀ। ਲੇਖਕ ਜਰਨੈਲ ਸਿੰਘ ਨੇ ਇਸ ਸਮੇਂ ਸਰੋਤਿਆਂ ਦੇ ਰੂਬਰੂ ਹੁੰਦਿਆਂ ਆਪਣੇ ਪਰਵਾਸੀ ਜੀਵਨ ਅਤੇ ਸਾਹਿਤਿਕ ਸਫ਼ਰ ਬਾਰੇ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਕਹਾਣੀਆਂ ਵਿਸ਼ਵੀ ਸਰੋਕਾਰਾਂ ਅਤੇ ਪਰਵਾਸੀ ਪੰਜਾਬੀਆਂ ਦੇ ਜੀਵਨ ਯਥਾਰਥ ਨਾਲ ਸੰਬੰਧਿਤ ਹਨ। ਇਹਨਾਂ ਕਹਾਣੀਆਂ ਵਿੱਚ ਗੋਰੇ ਪਾਤਰਾਂ ਦੀ ਸ਼ਮੂਲੀਅਤ ਵੀ ਬਹੁਤ ਖ਼ਾਸ ਮਹੱਤਤਾ ਰੱਖਦੀ ਹੈ।ਪ੍ਰੋਫੈਸਰ ਸ਼ਰਨਜੀਤ ਕੌਰ ਮੁਖੀ ਪੰਜਾਬੀ ਵਿਭਾਗ ਨੇ ਪਰਵਾਸ ਮੈਗਜ਼ੀਨ ਦੇ 47ਵੇਂ ਅੰਕ ਵਿੱਚ ਪ੍ਰਕਾਸ਼ਿਤ ਰਚਨਾਵਾਂ ਬਾਰੇ ਸੰਖੇਪ ਵਿੱਚ ਜਾਣ ਪਹਿਚਾਣ ਕਰਵਾਈ। ਉਹਨਾਂ ਨੇ ਦੱਸਿਆ ਕਿ ਇਸ ਅੰਕ ਵਿੱਚ ਅਮਰੀਕਾ ਦੇ ਨਾਮਵਰ ਲੇਖਕ ਡਾ. ਜਗਜੀਤ ਬਰਾੜ ਨੂੰ ਵਿਸ਼ੇਸ਼ ਲੇਖਕ ਵਜੋਂ ਛਾਪਿਆ ਗਿਆ ਹੈ। ਪਿਛਲੇ ਸਮੇਂ ਸਦੀਵੀ ਤੌਰ ‘ਤੇ ਵਿਛੋੜਾ ਦੇ ਗਏ ਲੇਖਕ ਤੇ ਚਿੱਤਰਕਾਰ ਦੇਵ ਸਵਿਟਜ਼ਰਲੈਂਡ ਅਤੇ ਜੈਤੇਗ ਸਿੰਘ ਅਨੰਤ ਨੂੰ ਸ਼ਰਧਾਂਜਲੀ ਦੇਣ ਹਿੱਤ ਉਹਨਾਂ ਦੇ ਸਾਹਿਤਿਕ ਜੀਵਨ ਨਾਲ ਸਬੰਧਤ ਲੇਖ ਛਾਪੇ ਗਏ ਹਨ। ਪ੍ਰੋਫੈਸਰ ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀਜੀਐਨ ਆਈ ਐਮ ਟੀ ਨੇ ਇਸ ਮੌਕੇ ਪਰਵਾਸੀ ਪੰਜਾਬੀ ਸਾਹਿਤ ਅਤੇ ਅਜੋਕੇ ਪਰਵਾਸ ਨਾਲ ਜੁੜੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ। ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਸ.ਜਰਨੈਲ ਸਿੰਘ ਜੀ ਨੂੰ ਸਨਮਾਨ ਚਿੰਨ ਭੇਟਾ ਕੀਤਾ ਗਿਆ। ਇਸ ਮੌਕੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ, ਮੈਂਬਰ ਸ. ਹਰਦੀਪ ਸਿੰਘ ਵਾਈਸ ਪ੍ਰੈਸੀਡੈਂਟ ਸ. ਕੁਲਦੀਪ ਸਿੰਘ, ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਸ਼ਮਿੰਦਰਜੀਤ ਕੌਰ, ਸ਼ਾਇਰ ਤ੍ਰੈਲੋਚਨ ਲੋਚੀ , ਡਾ. ਗੁਰਚਰਨ ਕੌਰ ਕੋਚਰ, ਰਜਿੰਦਰ ਸਿੰਘ ਸੰਧੂ ਤੇ ਵੱਖ ਵੱਖ ਵਿਭਾਗਾਂ ਤੋਂ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਉਚੇਚੇ ਤੌਰ ‘ਤੇ ਹਾਜ਼ਰ ਰਹੇ।ਪ੍ਰੋਗਰਾਮ ਦਾ ਸੰਚਾਲਨ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਵੱਲੋਂ ਕੀਤਾ ਗਿਆ।

