ਖ਼ਾਲਸੇ ਦਾ ਪ੍ਰਗਟ ਦਿਹਾੜਾ ਵੈਸਾਖੀ ਤਾਂ ਅਸੀਂ ਸਭ ਨੇ ਮਨਾ ਲਈ ਹੈ ਪਰ ਅਸੀਂ ਗੁਰੂ ਸਾਹਿਬ ਦੀ ਗੱਲ ਕਿੰਨੀ ਕੁ ਮੰਨੀ ਹੈ ? ਕੀ ਅਸੀਂ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕੀਤਾ ਹੈ ? ਕੀ ਅਸੀਂ ਪੰਜ ਕਕਾਰਾਂ ਦੇ ਧਾਰਨੀ ਹੋਏ ਹਾਂ ? ਕੀ ਅਸੀਂ ਗੁਰੂ ਸਾਹਿਬ ਨੂੰ ਸੀਸ ਭੇਟ ਕਰਨ ਦਾ ਪ੍ਰਣ ਕੀਤਾ ਹੈ ? ਕੀ ਅਸੀਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਅਹਿਦ ਕੀਤਾ ਹੈ ? ਕੀ ਅਸੀਂ ਮੜ੍ਹੀਆਂ-ਮਸਾਣਾਂ ‘ਤੇ ਮੱਥੇ ਤਾਂ ਨਹੀਂ ਟੇਕ ਰਹੇ ? ਕੀ ਅਸੀਂ ਪੰਡਿਤਾਂ ਨੂੰ ਆਪਣੇ ਹੱਥ ਤਾਂ ਨਹੀਂ ਵਿਖਾ ਰਹੇ ? ਕੀ ਅਸੀਂ ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ? ਜੇ ਨਹੀਂ ਤਾਂ ਫਿਰ ਅਸੀਂ ਵੈਸਾਖੀ ਨੂੰ ਕਿਸ ਰੂਪ ਵਿੱਚ ਮਨਾਇਆ ਹੈ ? ਸਾਡੀ ਵੈਸਾਖੀ ਗਿੱਧੇ-ਭੰਗੜੇ, ਨਾਚ-ਗਾਣੇ, ਸ਼ਰਾਬ ਦੀਆਂ ਬੋਤਲਾਂ, ਐਸ਼-ਪ੍ਰਸਤੀ, ਮੇਲਿਆਂ ‘ਤੇ ਢੋਲ-ਢਮੱਕਾ ਤੇ ਕਣਕਾਂ ਦੀ ਵਾਢੀ ਵਾਲੀ ਵੈਸਾਖੀ ਨਹੀਂ ਹੈ। ਸਾਡੀ ਵੈਸਾਖੀ ਤਾਂ ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦਾ ਰੂਪ ਧਾਰਦੀ ਹੈ, ਰਬਾਬ ਤੋਂ ਨਗਾਰੇ ਤਕ ਦਾ ਸਫ਼ਰ ਤੈਅ ਕਰਦੀ ਹੈ, ਵਿਚਾਰ ਨਾਲ ਹਥਿਆਰ (ਕਿਰਪਾਨ) ਵੀ ਧਾਰਨ ਕਰਵਾਉਂਦੀ ਹੈ, ਕਾਇਰਤਾ ਨੂੰ ਖ਼ਤਮ ਕਰਕੇ ਸੂਰਬੀਰਤਾ ਭਰਦੀ ਹੈ, ਸਿੱਖ ਨੂੰ ਅਜ਼ਾਦ ਅਤੇ ਵਿਲੱਖਣ ਹੋਂਦ-ਹਸਤੀ ਦਾ ਅਹਿਸਾਸ ਕਰਵਾਉਂਦੀ ਹੈ। ਸਾਡੀ ਵੈਸਾਖੀ ਗੁਰੂ ਨੂੰ ਸਿਰ ਭੇਟ ਕਰਕੇ ਆਪਣਾ ਖ਼ੂਨ ਦੇ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਵਾਉਂਦੀ ਹੈ, ਸਾਡੀ ਵੈਸਾਖੀ ਕ੍ਰਾਂਤੀ ਅਤੇ ਜਾਗ੍ਰਿਤੀ ਲਿਆਉਂਦੀ ਹੈ ਅਤੇ ਜਾਬਰ ਤੇ ਜ਼ੁਲਮ ਦਾ ਨਾਸ ਕਰਕੇ ਹਲੇਮੀ ਰਾਜ ਸਥਾਪਿਤ ਕਰਦੀ ਹੈ। ਸਾਡੀ ਵੈਸਾਖੀ ਪੰਜਾਬ, ਭਾਰਤ ਅਤੇ ਵਿਸ਼ਵ ਦਾ ਇਤਿਹਾਸ ਬਦਲਣ ਦੀ ਸਮਰੱਥਾ ਰੱਖਦੀ ਹੈ। ਸਾਡੀ ਵੈਸਾਖੀ ਸਿੱਖ ਨੂੰ ਗੁਰੂ ਵਿੱਚ ਅਭੇਦ ਕਰਦੀ ਹੈ ਅਤੇ ਚੇਲੇ ਨੂੰ ਗੁਰੂ ਤੇ ਗੁਰੂ ਨੂੰ ਚੇਲਾ ਬਣਾਉਂਦੀ ਹੈ। ਸਾਡੀ ਵੈਸਾਖੀ ਹਰ ਸਿੱਖ ਨੂੰ ਕੇਸਾਧਾਰੀ, ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋਣ ਦਾ ਹੋਕਾ ਦਿੰਦੀ ਹੈ। ਇਸ ਵਿਸਾਖੀ ਵਾਲੇ ਦਿਨ ਹੀ ਸਰਬੱਤ ਖ਼ਾਲਸਾ ਹੁੰਦਾ ਸੀ, ਕੌਮ ਦੇ ਭਵਿੱਖ ਪ੍ਰਤੀ ਵਿਚਾਰਾਂ ਹੁੰਦੀਆਂ ਸਨ, ਜਰਵਾਣੇ ਖ਼ਿਲਾਫ਼ ਜੰਗ ਕਰਨ ਲਈ ਰਣਨੀਤੀ ਘੜੀ ਜਾਂਦੀ ਸੀ। ਸਾਡੀ ਵੈਸਾਖੀ ‘ਦਿਲੀਸ਼ਵਰੋ ਈਸ਼ਵਰੋ’ ਵਾਲੀ ਵੈਸਾਖੀ ਨਹੀਂ ਜਿੱਥੇ ਦਿੱਲੀ ਦੇ ਬਾਦਸ਼ਾਹ ਨੂੰ ਹੀ ਰੱਬ ਮੰਨਿਆ ਜਾਂਦਾ ਸੀ। ਸਾਡੀ ਵੈਸਾਖੀ ਤਾਂ ਆਖਦੀ ਹੈ “ਖ਼ਾਲਸਾ ਹੋਵੈ ਖ਼ੁਦ ਖ਼ੁਦਾ ਜਿਮ ਖੂਬੀ ਖੂਬ ਖੁਦਾਇ। ਆਨ ਨ ਮਾਨੈ ਆਨ ਕੀ ਇਕ ਬਿਨ ਸੱਚੇ ਪਾਤਸ਼ਾਹਿ।” ਗੁਰੂ ਸਾਹਿਬ ਨੇ ਸਾਨੂੰ ਹੁਕਮਰਾਨ ਅਤੇ ਬਾਦਸ਼ਾਹ ਬਣਾਇਆ, ਖ਼ਾਲਸਈ ਸਿਧਾਂਤਾਂ ‘ਚ ਰੱਤੇ ਖ਼ਾਲਸੇ ਨੂੰ ਖ਼ੁਦਾ ਦਾ ਦਰਜਾ ਦਿੱਤਾ। ਆਪਣੇ ਖ਼ਾਲਸੇ ਨੂੰ ਐਨੀ ਵਡਿਆਈ ਬਖਸ਼ਿਸ਼ ਕਰਦਿਆਂ ਆਖਿਆ ਕਿ “ਖ਼ਾਲਸਾ ਮੇਰੋ ਰੂਪ ਹੈ ਖਾਸ। ਖ਼ਾਲਸੇ ਮਹਿ ਹਉਂ ਕਰਉਂ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗਾ। ਖ਼ਾਲਸੇ ਕੇ ਹਉਂ ਸਦ ਸਦ ਸੰਗਾ।” ਸਾਡੇ ਵੱਲ ਹੱਥ ਕਰਕੇ ਹੀ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਕਿ “ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।” ਕਲਗੀਆਂ ਵਾਲੇ ਨੇ ਖ਼ਾਲਸੇ ਉੱਤੇ ਹੋਰ ਬਖਸ਼ਿਸ਼ ਕਰਦਿਆਂ ਇੱਥੋਂ ਤਕ ਆਖ ਦਿੱਤਾ ਕਿ “ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀ ਮੋ ਸੇ ਗਰੀਬ ਕਰੋਰ ਪਰੇ।” ਸਾਡੇ ਲਈ ਗੁਰੂ ਸਾਹਿਬ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ, ਸਾਨੂੰ ਗੁਲਾਮੀਅਤ ਦੀ ਨਰਕ ਭਰੀ ਜ਼ਿੰਦਗੀ ਵਿੱਚੋਂ ਕੱਢਿਆ, ਊਚ-ਨੀਚ ਤੇ ਜਾਤ-ਪਾਤ ਦਾ ਵਿਤਕਰਾ ਖ਼ਤਮ ਕੀਤਾ। ਸਾਨੂੰ ਸਰਦਾਰੀਆਂ ਬਖ਼ਸ਼ਿਸ਼ ਕੀਤੀਆਂ ਪਰ ਅੱਜ ਅਸੀਂ ਐਨੇ ਅਕ੍ਰਿਰਤਘਣ ਕਿਉਂ ਬਣ ਚੁੱਕੇ ਹਾਂ ਕਿ ਗੁਰੂ ਸਾਹਿਬ ਦੇ ਹੁਕਮ ਨੂੰ ਭੁੱਲ ਕੇ ਨਸ਼ਿਆਂ ਅਤੇ ਪਤਿਤਪੁਣੇ ਵਿੱਚ ਗਲਤਾਨ ਹਾਂ, ਅਸ਼ਲੀਲ ਗੀਤਾਂ ‘ਤੇ ਨੱਚ ਰਹੇ ਹਾਂ, ਪੱਬਾਂ ਵਿੱਚ ਬੈਠ ਕੇ ਰੱਬ ਨੂੰ ਭੁੱਲੇ ਫਿਰਦੇ ਹਾਂ, ਗੱਡੀਆਂ ਵਿੱਚ ਸ਼ਰਾਬ ਦੀਆਂ ਬੋਤਲਾਂ ਤੇ ਜੇਬਾਂ ਵਿੱਚ ਅਫ਼ੀਮ ਦੀ ਡੱਬੀ ਨੌਜਵਾਨੀ ਨੂੰ ਕਿੱਧਰ ਨੂੰ ਲਿਜਾ ਰਹੀ ਹੈ ? ਸਾਡੀਆਂ ਧੀਆਂ-ਭੈਣਾਂ ਵੀ ਮਾਤਾ ਅਜੀਤ ਕੌਰ ਨੂੰ, ਮਾਤਾ ਸਾਹਿਬ ਕੌਰ ਨੂੰ, ਮਾਤਾ ਸੁੰਦਰ ਕੌਰ ਨੂੰ ਅਤੇ ਬੀਬੀ ਭਾਗ ਕੌਰ ਨੂੰ ਕਿਉਂ ਭੁੱਲੀਆਂ ਬੈਠੀਆਂ ਹਨ ? ਉਹ ਵੀ ਸਿੱਖੀ ਪ੍ਰਤੀ ਅਵੇਸਲੀਆਂ ਹੋਈਆਂ ਪਈਆਂ ਹਨ ਅਤੇ ਉਹ ਬਿਊਟੀ ਪਾਰਲਰ ਤੇ ਹੋਰ ਸ਼ਿੰਗਾਰਾਂ ਵਿੱਚ ਮਸਤ ਹੋ ਗਈਆਂ ਹਨ। ਉਹਨਾਂ ਨੇ ਤਾਂ ਆਪਣੇ ਵੀਰਾਂ ਨੂੰ ਹਲੂਣਾ ਦੇਣਾ ਸੀ, ਘਰ-ਦੁਆਰ ਤੋਂ ਗੁਰਦੁਆਰੇ ਲਿਜਾਉਣਾ ਸੀ ਉਹ ਵੀ ਵੈਸਾਖੀ ਨੂੰ ਕਿਵੇਂ ਵਿਸਾਰ ਬੈਠੀਆਂ! ਅਸੀਂ ਕਿਉਂ ਆਪਣੇ ਅਸਲੀ ਨਾਇਕਾਂ ਨੂੰ ਭੁੱਲ ਕੇ ਕੰਨੀ ਨੱਤੀਆਂ ਅਤੇ ਹੱਥ ‘ਚ ਮੁੰਦੀਆਂ ਵਾਲੇ ਗਾਇਕਾਂ ਤੇ ਫ਼ਿਲਮੀ ਅਦਾਕਾਰਾਂ ਨੂੰ ਆਪਣੇ ਨਾਇਕ ਮੰਨੀ ਬੈਠੇ ਹਾਂ ? ਖ਼ਾਲਸਾ ਜੀ! ਜਾਗੋ! ਸਾਡੇ ਰੋਲ ਮਾਡਲ ਤਾਂ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਅਤੇ ਸਾਡੇ ਹੋਰ ਸ਼ਹੀਦ ਤੇ ਸੂਰਬੀਰ ਯੋਧੇ ਹਨ। ਅਸੀਂ ਗੁਰੂ ਵੱਲ ਮੁੱਖ ਕਰੀਏ, ਖ਼ਾਲਸੇ ਦੇ ਪ੍ਰਗਟ ਦਿਹਾੜੇ (ਵਿਸਾਖੀ) ਤੇ ਹੋਰ ਗੁਰਪੁਰਬਾਂ ਅਤੇ ਕੌਮੀ ਤਿਉਹਾਰਾਂ ਨੂੰ ਸਹੀ ਰੂਪ ਵਿੱਚ ਮਨਾਇਆ ਕਰੀਏ। ਵੱਡੇ-ਵੱਡੇ ਸਮਾਗਮ ਕਰਵਾ ਲੈਣੇ, ਮਹਿੰਗੇ ਰਾਗੀ ਅਤੇ ਕਥਾਵਾਚਕ ਸੱਦ ਲੈਣੇ, ਪੀਜੇ-ਬਰਗਰਾਂ ਦੇ ਲੰਗਰ ਲਾ ਲੈਣੇ, ਕੋਲਡ-ਡਰਿੰਕਾਂ ਦੀਆਂ ਬੋਤਲਾਂ ਵਰਤਾ ਲੈਣੀਆਂ, ਝੂਲਿਆਂ ਤੇ ਚੜ੍ਹ ਕੇ ਰੌਲ਼ਾ ਪਾ ਲੈਣਾ ਇਸ ਨਾਲ ਸਿੱਖੀ ਦੀ ਚੜ੍ਹਦੀ ਕਲਾ ਨਹੀਂ ਹੋਣੀ। ਲੋੜ ਹੈ ਦੇਹਧਾਰੀ ਗੁਰੂ-ਡੰਮ੍ਹ ਨੂੰ ਛੱਡ ਕੇ, ਪਖੰਡਾਂ-ਵਹਿਮਾਂ ਨੂੰ ਤਿਆਗ ਕੇ, ਪਤਿਤਪੁਣੇ ਤੇ ਨਸ਼ਿਆਂ ਤੋਂ ਪਾਸਾ ਵੱਟ ਕੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਖੰਡੇ-ਬਾਟੇ ਦੇ ਅੰਮ੍ਰਿਤ ਦੀ ਮਹਾਨ ਦਾਤ ਨੂੰ ਪ੍ਰਾਪਤ ਕਰੀਏ, ਖ਼ਾਲਸਈ ਸਿਧਾਂਤਾਂ ਅਨੁਸਾਰ ਉੱਚਾ-ਸੁੱਚਾ ਜੀਵਨ ਬਸਰ ਕਰੀਏ, ਜ਼ਾਲਮ ਵਿਰੁੱਧ ਖੰਡਾ ਖੜਕਾਈਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਬਹਾਲ ਕਰਵਾਈਏ। ਗੁਰੂ ਸਾਹਿਬ ਦਾ ਬਚਨ ਯਾਦ ਰੱਖੀਏ “ਜਬ ਲਗ ਖ਼ਾਲਸਾ ਰਹੈ ਨਿਆਰਾ। ਤਬ ਲਗ ਤੇਜ ਦੀਉਂ ਮੈਂ ਸਾਰਾ। ਜਬ ਇਹ ਗਹੈ ਬਿਪਰਨ ਕੀ ਰੀਤ। ਮੈਂ ਨ ਕਰੂੰ ਇਨ ਕੀ ਪ੍ਰਤੀਤ।”
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.