ਬਾਬਾ ਫ਼ਰੀਦ ਦਾ ਗਿਰਾਈਂ ਜ਼ਹੂਰ ਹੁਸੈਨ ਜ਼ਹੂਰ

ਜ਼ਹੂਰ ਹੁਸੈਨ ਜ਼ਹੂਰ ਨਾਲ ਮੇਰੀ ਪਹਿਲੀ ਮੁਲਾਕਾਤ ਹੀ ਅਖੀਰੀ ਹੋ ਗਈ । ਪਹਿਲੀ ਵਾਰ 1997 ਵਿਚ ਪਾਕਿਸਤਾਨ ਜਾਣ ਦਾ ਵਸੀਲਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ । ਇਕ ਸ਼ਰਧਾਲੂ ਵਜੋਂ ਮੈਂ ਤੇ ਮੇਰੀ ਜੀਵਨ-ਸਾਥਣ ਜਸਵਿੰਦਰ ਕੌਰ ਨਵੰਬਰ 1997 ਵਿਚ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਜਥੇ ਵਿਚ ਨਨਕਾਣਾ ਸਾਹਿਬ ਜਾ ਪਹੁੰਚੇ । ਪਹਿਲੀ ਰਾਤ ਨੂੰ ਹੀ ਯਾਤਰੀਆਂ ਵਿਚ ਘੁਸਰ ਮੁਸਰ ਸੁਣੀ ਕਿ ਕੱਲ੍ਹ ਰਾਤ ਨੂੰ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਮਰਪਿਤ ਕਵੀ-ਦਰਬਾਰ ਹੈ । ਹਰ ਵਰ੍ਹੇ ਵਾਂਗ ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਅਤੇ ਪੰਜਾਬ ਦੇ ਦੂਰ ਦਰਾਜ਼ ਦੇ ਜ਼ਿਲ੍ਹਿਆਂ ਤੋਂ ਪੰਜਾਬੀ ਕਵੀ ਆ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ । ਕਦੇ ਕਦਾਈਂ ਜਥੇ ਵਿਚ ਵੀ ਕੋਈ ਲਿਖਣ ਪੜ੍ਹਨ ਵਾਲਾ ਹੋਵੇ ਤਾਂ ਬੜੇ ਅਦਬ ਨਾਲ ਸੁਣਿਆ ਜਾਂਦਾ ਹੈ । ਮੈਂ ਆਪਣੀ ਜੀਵਨ-ਸਾਥਣ ਜਸਵਿੰਦਰ ਕੌਰ ਨੂੰ ਨਾਲ ਲੈ ਕੇ ਕਵੀ-ਦਰਬਾਰ ਵਾਲੀ ਥਾਂ ਤੇ ਪਹੁੰਚਿਆ । ਜਿਹੜੇ ਚਿਹਰੇ ਮੈਨੂੰ ਕੁਝ ਵਾਕਿਫ਼ ਜਾਪੇ, ਉਨ੍ਹਾਂ ਨੇ ਮੇਰੇ ਨਾਲ ਅੱਖ ਹੀ ਨਾ ਮਿਲਾਈ ਜਿਨ੍ਹਾਂ ਵਿਚ ਪ੍ਰਿੰਸੀਪਲ ਗੁਲਾਮ ਰਸੂਲ ਚੌਧਰੀ ਪ੍ਰਮੁੱਖ ਸੀ ਜੋ ਉਦੋਂ ਗੌਰਮਿੰਟ ਕਾਲਿਜ ਸ਼ੇਖੂਪੁਰਾ ਦਾ ਪ੍ਰਿੰਸੀਪਲ ਸੀ।
ਮੇਰੇ ਵਲੋਂ, ਆਪਣਾ ਨਾਂ ਦੱਸਣ ਤੇ ਪਹਿਲੀ ਵਾਰ ਮਿਲੇ ਸ਼ਾਇਰਾਂ/ਅਦੀਬਾਂ ਪ੍ਰੋ. ਸਾਰਬ ਅਨਸਾਰੀ, ਅਬਦੁਲ ਗਫ਼ੂਰ ਦਰਸ਼ਨ ਅਤੇ ਮੁਬਾਰਕ ਅਲੀ ਕੰਵਲ ਨੇ ਜਿੰਨਾ ਦੁਲਾਰ ਤੇ ਪਿਆਰ ਦਿੱਤਾ ਉਹ ਅੱਜ ਵੀ ਮੈਨੂੰ ਸਰਸ਼ਾਰ ਕਰ ਜਾਂਦੈ । ਏਥੇ ਹੀ ਮੇਰੀ ਮੁਲਾਕਾਤ ਪੰਜਾਬੀ ਜ਼ਬਾਨ ਦੇ ਅਜ਼ੀਮ ਸ਼ਾਇਰ ਜ਼ਹੂਰ ਹੁਸੈਨ ਜ਼ਹੂਰ ਜੀ ਨਾਲ ਹੋਈ । ਇਕ ਨੂਰਾਨੀ ਚਿਹਰਾ, ਜਿਵੇਂ ਮੈਦੇ ਵਿਚ ਸੰਧੂਰ ਗੁੰਨ੍ਹ ਕੇ ਕਿਸੇ ਸਚਿਆਰੀ ਮਾਂ ਨੇ ਘੜਿਆ ਹੋਵੇ । ਉਸ ਤੋਂ ਵੀ ਸੋਹਣੀ ਉਹਦੀ ਬੇਗ਼ਮ ਉਹਦੇ ਅੰਗ ਸੰਗ ਸੀ । ਜ਼ਹੂਰ ਹੁਰਾਂ ਨੂੰ ਮਿਲਣਾ ਮੇਰੇ ਲਈ ਵੱਡਾ ਸੁਭਾਗ ਸੀ ਕਿਉਂਕਿ ਜਿਸ ਦਿਨ ਦਾ ਮੈਂ ਪਾਕਿਸਤਾਨੋਂ ਆਇਆ ਇਹ ਸ਼ਿਅਰ

ਸੋਚਾਂ ਦੀ ਮੱਈਅਤ ਨੂੰ ਚਾ ਕੇ, ਹੁਣ ਮੈਂ ਕਿਹੜੇ ਦਰ ਜਾਵਾਂਗਾ ।
ਜੇ ਬੋਲਾਂ ਤਾਂ ਮਾਰ ਦੇਣਗੇ,
ਨਾ ਬੋਲਾਂ ਤਾਂ ਮਰ ਜਾਵਾਂਗਾ ।

ਪੜ੍ਹਿਆ ਸੀ ਉਸੇ ਦਿਨ ਵੀ ਮੇਰੇ ਮਨ ਵਿਚ ਤੜਪ ਸੀ ਇਸ ਸ਼ਾਇਰ ਨੂੰ ਜ਼ਰੂਰ ਮਿਲਾਂ । ਉਹ ਇੱਕ ਵਾਰ ਦਿੱਲੀ ਵਿਖੇ ਹੋਏ ਇਕ ਮੁਸ਼ਾਇਰੇ ਵਿਚ ਆ ਕੇ ਪਰਤ ਗਿਆ ਸੀ । ਪੰਜਾਬ ਵਿਚ ਹਾਲਾਤ ਚੰਗੇ ਸਨ, ਪੰਜਾਬ ਦਾ ਵੀਜ਼ਾ ਨਾ ਮਿਲਣ ਕਰਕੇ ਉਹ ਦਿੱਲੀਉਂ ਹੀ ਮੁੜ ਗਿਆ । ਪਰ ਜਿਸ ਵੇਲੇ ਮੈਨੂੰ ਇਹ ਪਤਾ ਲੱਗਾ ਕਿ ਮੈਂ ਜ਼ਰੂਰ ਹੁਸੈਨ ਦੇ ਸਨਮੁਖ ਹਾਂ ਤਾਂ ਸੱਚ ਜਾਣਿਉਂ ਮੇਰੇ ਸਾਰੇ ਰੋਮਾਂ ਵਿਚ ਅਜੀਬ ਕੰਬਣੀ ਸੀ । ਸੁਆਦ ਸੁਆਦ, ਇੱਕ ਰੱਜ ਵਰਗਾ ਅਹਿਸਾਸ ! ਅਣਕਿਆਸਿਆ ਲੁਤਫ਼ ! ਹੋਰ ਵੀ ਵੱਡੀ ਗੱਲ ਕਿ ਕਵੀ-ਦਰਬਾਰ ਦੇ ਪ੍ਰਬੰਧਕਾਂ ਨੇ ਮੰਚ ਤੇ ਵੀ ਸਾਨੂੰ ਕੋਲੋ ਕੋਲ ਬਿਠਾ ਦਿੱਤਾ। ਮੈਨੂੰ ਸ਼ਬਦ ਨਹੀਂ ਸਨ ਅਹੁੜ ਰਹੇ । ਗੱਲ ਕਿੱਥੋਂ ਸ਼ੁਰੂ ਕਰਾਂ । ਜ਼ਹੂਰ ਹੁਰਾਂ ਆਪ ਹੀ ਪੁੱਛ ਲਿਆ ਕਿ ਤੁਸੀਂ ਕਿੱਥੋਂ ਆਏ ਓ? ਮੈਂ ਦੱਸਿਆ ਕਿ ਮੇਰੇ ਵੱਡੇ ਵਡੇਰੇ ਏਥੋਂ ਹੀ 1947 ਵਿਚ ਸਿਆਲਕੋਟ ਜ਼ਿਲ੍ਹੇ ਦੀ ਨਾਰੋਵਾਲ ਤਹਿਸੀਲ ਵਿਚੋਂ ਉੱਜੜ ਕੇ ਗਏ ਸਨ । ਰਾਵੀ ਪਾਰ ਸਾਨੂੰ ਤਾਂ ਰੁੱਖ ਵੀ ਨਹੀਂ ਸਨ ਜਾਣਦੇ! ਮੈਂ 1975 ਵਿਚ ਲਿਖੇ ਆਪਣੇ ਗੀਤ ਦੇ ਬੋਲ ਸੁਣਾ ਕੇ ਸਾਂਝ ਵਧਾਈ ।

ਤੇਰੇ ਪਿੰਡ ਵਿਚ ਉੱਗੇ ਰੁੱਖ ਦਾ, ਮੈਂ ਅਦਨਾ ਪਰਛਾਵਾਂ ।
ਸੰਨ ਸੰਤਾਲੀ ਖਾ ਗਿਆ ਜੀਹਦੇ, ਟਾਹਣ ਸਣੇ ਹੀ ਛਾਵਾਂ।

ਉਸਨੇ ਮੈਨੂੰ ਗੱਲਵਕੜੀ ਵਿਚ ਲਿਆ ਤੇ ਰੁਮਾਲ ਨਾਲ ਅੱਖਾਂ ਪੂੰਝੀਆਂ । ਉਸ ਦਾ ਮੇਰੇ ਵਿਚ ਦਿਲਚਸਪੀ ਲੈਣਾ ਮੈਨੂੰ ਚੰਗਾ ਵੀ ਲੱਗਾ ਅਤੇ ਮੇਰੇ ਵਲੋਂ ਵਾਰਤਾਲਾਪ ਕਰਨ ਦਾ ਰਾਹ ਵੀ ਖੁੱਲ੍ਹ ਗਿਆ । ਮੰਚ ਸੰਚਾਲਕ ਪ੍ਰਿੰਸੀਪਲ ਗੁਮਾਲ ਰਸੂਲ ਚੌਧਰੀ ਨੇ ਮੁਸ਼ਾਇਰੇ ਦੀ ਰਸਮੀ ਸ਼ੁਰੂਆਤ ਲਈ ਜਦੋਂ ਲਾਹੌਰ ਡਿਵੀਯਨ ਦੇ ਕਮਿਸ਼ਨਰ ਅਤੇ ਅੰਗਰੇਜ਼ੀ ਕਵੀ ਜਨਾਬ ਅਤਹਾਰ ਤਾਹਿਰ ਸਾਹਿਬ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਦੇ ਸੰਬੋਧਨ ਵਿਚ ਜ਼ਹੂਰ ਹੁਸੈਨ ਜ਼ਹੂਰ ਦਾ ਜ਼ਿਕਰ ਆਇਆ । ਖਾਸ ਕਰਕੇ ਮੁੱਖ ਮਹਿਮਾਨ ਵਲੋਂ ਇਹ ਆਖਣਾ ਕਿ ਮੈਂ ਵੱਡੇ ਭਾਗਾਂ ਵਾਲਾ ਹਾਂ ਜੋ ਉਸ ਮੰਚ ਤੇ ਬੈਠਾਂ ਜਿਥੇ ਜ਼ਹੂਰ ਹੁਸੈਨ ਜ਼ਹੂਰ ਹੁਰੀਂ ਬੈਠੇ ਨੇ । ਵਾਰੀ ਆਉਣ ਤੇ ਉਨ੍ਹਾਂ ਆਪਣੀ ਚਿਰਾਂ ਪੁਰਾਣੀ ਨਜ਼ਮ ਛੇੜੀ ਜੋ ਉਨ੍ਹਾਂ ਨੇ ਕਦੇ ਕੰਵਰ ਮਹਿੰਦਰ ਸਿੰਘ ਬੇਦੀ ਦੇ ਪਾਕਿਸਤਾਨ ਜਾਣ ਮੌਕੇ ਉਨ੍ਹਾਂ ਦੇ ਆਦਰ ਵਿਚ ਹੋਏ ਪਾਕਪਟਨ ਵਾਲੇ ਮੁਸ਼ਾਇਰੇ ਵਿਚ ਪੜ੍ਹਨੀ ਸੀ । ਪਰ ਸੱਦਾ ਨਾ ਮਿਲਣ ਕਰਕੇ ਸੁਣਾ ਨਾ ਸਕੇ । ਕਵਿਤਾ ਲਿਖ ਕੇ ਘੱਲੀ ਤਾਂ ਕਿਤੇ ਬੇਦੀ ਸਾਹਿਬ ਨਾਲ ਮੁਲਾਕਾਤ ਹੋਈ ।

ਜੀਅ ਆਇਆਂ ਨੂੰ ਜੀਅ ਸਰਦਾਰਾ ।
ਤੂੰ ਮੇਰੇ ਪੰਜਾਬ ਦਾ ਪੁੱਤਰ, ਤੂੰ ਮੈਨੂੰ ਮੈਂ ਤੈਨੂੰ ਪਿਆਰਾ ।

ਹੋਰ ਅੱਗੇ ਵਧਿਆ ਤਾਂ ਆਖਣ ਲੱਗਾ

ਦੌਲਤ ਵਿਚ ਦਫ਼ਨਾ ਕੇ ਆਪਣੀ, ਕਲਮ ਨੂੰ ਕਤਲ ਕਰਾ ਨਹੀਂ ਸਕਦਾ।
ਮੈਂ ਅੱਖਰਾਂ ਨੂੰ ਜ਼ਿੰਦਾ ਕਰਨਾ, ਮੈਂ ਸਦੀਆਂ ਤੱਕ ਮਰ ਨਹੀਂ ਸਕਦਾ ।

ਜ਼ਰੂਰ ਹੁਸੈਨ ਜ਼ਹੂਰ ਨੇ ਸਰੋਤਿਆਂ ਦੀ ਫਰਮਾਇਸ਼ ਤੇ ਆਪਣੀ ਉਹ ਨਜ਼ਮ ਵੀ ਇਸ ਮੁਸ਼ਾਇਰੇ ਵਿਚ ਸੁਣਾਈ ਜੋ ਉਨ੍ਹਾਂ ਨੇ ਸੈਂਟਰਲ ਜੇਲ੍ਹ ਸਾਹੀਵਾਲ ਵਿਚ ਕੈਦ ਹੋ ਕੇ ਲਿਖੀ ਸੀ । ਇਹ ਓਹੀ ਕੈਦਖਾਨਾ ਸੀ ਜਿਥੇ ਫ਼ੈਜ਼ ਅਹਿਮਦ ਫ਼ੈਜ਼ ਵਰਗੇ ਬਾਗੀ ਸ਼ਾਇਰ, ‘ਪਸੇ ਦੀਵਾਰੇ ਜ਼ਿੰਦਾਂ’ ਨਾਂ ਹੇਠ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਕਿਤਾਬ ਲਿਖਣ ਵਾਲੇ ਪੱਤਰਕਾਰ/ਅਦੀਬ ਅਤੇ ਚੱਟਾਨ ਦੇ ਸੰਪਾਦਕ ਸੋਰਸ਼ ਕਸ਼ਮੀਰੀ ਨੂੰ ਕੈਦ ਕੀਤਾ ਗਿਆ ਸੀ । ਮਗਰੋਂ ਜ਼ੁਲਫ਼ਕਾਰ ਅਲੀ ਭੁੱਟੋ ਵੀ ਫਾਂਸੀ ਲੱਗਣ ਤੋਂ ਪਹਿਲਾ ਏਥੇ ਹੀ ਕੈਦ ਰਿਹਾ । ਬਾਗ਼ੀ ਨਜ਼ਮਾਂ ਲਿਖਣ ਕਰਕੇ ਹੀ ਜ਼ਹੂਰ ਹੁਸੈਨ ਜ਼ਹੂਰ ਨੂੰ ਇਸ ‘ਕੈਦ’ ਦਾ ਸਨਮਾਨ ਮਿਲਿਆ ਸੀ । ਜ਼ਹੂਰ ਹੁਸੈਨ ਜ਼ਹੂਰ ਜਦੋਂ ਇਹ ਨਜ਼ਮ ਪੜ੍ਹ ਰਹੇ ਸਨ ਤਾਂ ਚਿਹਰਾ ਹੋਰ ਵੀ ਸੁਰਖ਼ ਸੀ । ਸ਼ਬਦ ਅੰਗਿਆਰ ਸਨ, ਦਹਿਕਦੇ ਅੰਗਿਆਰ!

ਮੋਟੇ ਮੋਟੇ ਜੰਦਰੇ ਬੰਦ।
ਸ਼ਾਮੀਂ ਸਾਰੇ ਅੰਦਰ ਬੰਦ।
ਘੰਟੀ ਵੱਜਦੀ ਕੁੰਜੀਆਂ ਫੜਦਾ ।
ਕਾਗਜ਼ ਦਾ ਇਕ
ਸ਼ੇਰ ਆ ਵੜਦਾ ।
ਮਜਬੂਰੀ ਦਾ ਸੀਨਾ ਸੜਦਾ ।
ਬੰਦਾ ਡਿੱਗਦਾ ਢਹਿੰਦਾ ਮਰਦਾ ।
ਉਲਟਾ ਲਾਅ ਇਸ ਚਿੜੀਆ ਘਰ ਦਾ ।
ਬਾਂਦਰ ਬਾਹਰ ਕਲੰਦਰ ਬੰਦ।
ਸ਼ਾਮੀਂ ਸਾਰੇ ਅੰਦਰ ਬੰਦ।

ਸਰਦਾਰ ਜੀ, ਮੈਂ ਦੋਹੜੇ ਵੀ ਲਿਖੇ ਨੇ, ਟੱਪੇ ਵੀ ਤੇ ਲੋਕ ਤਰਜ਼ਾਂ ਵਾਲੇ ਗੀਤ ਵੀ । ਸ਼ਾਇਰੀ ਕਰਨ ਵੇਲੇ ਕਦੇ ਨਹੀਂ ਭੁੱਲਦਾ ਕਿ ਮੇਰੇ ਪੜ੍ਹਨ ਸੁਣਨ ਵਾਲੇ ਲੋਕ ਕਿਹੜੇ ਨੇ? ਉਨ੍ਹਾਂ ਨੂੰ ਮੈਂ ਕੁਨੀਨ ਤਾਂ ਦੇਣੀ ਨਹੀਂ । ਸ਼ਬਦ ਉਨ੍ਹਾਂ ਦੇ, ਦਰਦ ਉਨ੍ਹਾਂ ਦਾ । ਮੁਕਤੀ ਉਨ੍ਹਾਂ ਨੇ ਹਾਸਲ ਖੁਦ ਕਰਨੀ ਹੈ, ਮੈਂ ਤਾਂ ਸਿਰਫ਼ ਸ਼ਬਦ ਗੁੰਨ੍ਹ ਕੇ ਨਜ਼ਮ ਹੀ ਪਕਾਉਣੀ ਏਂ । ਮੈਨੂੰ ਨਿੱਜੀ ਦੁੱਖ ਕਦੇ ਰਸਤਿਓਂ ਨਹੀਂ ਭਟਕਾ ਸਕੇ ਪਰ ਮੇਰੇ ਪੁੱਤਰ ਸ਼ਬੀਰ ਉਲ ਹਸਨਖਾਨੀ ਦੀ ਚਾਕੂ ਮਾਰ ਕੇ ਹਤਿਆਰਿਆਂ ਵੱਲੋਂ ਕੀਤੀ ਹੱਤਿਆ ਨੇ ਮੈਨੂੰ 28 ਫਰਵਰੀ 1990 ਤੋਂ ਮਗਰੋਂ ਕਮਜ਼ੋਰ ਕਰ ਦਿੱਤਾ ਹੈ । ਮੈਂ ਸੋਚਦਾਂ ਸ਼ਾਇਰ ਕਿਸੇ ਦਾ ਕੀ ਵਿਗਾੜਦੇ ਨੇ । ਸ਼ਬਦਾਂ ਦੀਆਂ ਤਿਤਲੀਆਂ ਨੂੰ ਮਾਰ ਕੇ ਕਿਸੇ ਨੂੰ ਕੀ ਮਿਲਿਆ । ਦੂਜਾ ਹਾਰਟ ਅਟੈਕ ਅਜੇ ਕੁਝ ਮਹੀਨੇ ਪਹਿਲਾਂ ਹੀ ਹੋ ਕੇ ਹਟਿਐ! ਮੇਰੀ ਸਮੁੱਚੀ ਸ਼ਾਇਰੀ ਵੀ ਇੱਕ ਜਿਲਦ ਵਿਚ ਛਪ ਰਹੀ ਏ । ਅਗਲੀ ਵਾਰ ਜੇ ਮੈਂ ਤੁਹਾਡੇ ਪੰਜਾਬ ਆਇਆ ਤਾਂ ਲੈ ਕੇ ਆਵਾਂਗਾ । ਜੇ ਤੁਸੀਂ ਫੇਰ ਆਏ ਤਾਂ ਦੱਸ ਦੇਣਾ,
ਮੈਂ ਪਹੁੰਚਾ ਦੇਵਾਂਗਾ ।

ਸਾਡੀ ਮੁਲਾਕਾਤ 13 ਨਵੰਬਰ 1997 ਦੀ ਰਾਤ ਨੂੰ ਹੋਈ ਤੇ ਉਸੇ ਮਹੀਨੇ 30 ਨਵੰਬਰ 1997 ਨੂੰ ਹੀ ਜ਼ਰੂਰ ਹੁਸੈਨ ਜ਼ਹੂਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ । ਪੂਰੇ 17 ਦਿਨ ਬਾਅਦ!
ਅਹੁ ਗਏ ਸੱਜਣ ਅਹੁ ਗਏ, ਲੰਘ ਗਏ ਦਰਿਆ ।
ਅਸਾਂ ਰੱਜ ਨਾ ਗੱਲਾਂ ਕੀਤੀਆਂ, ਸਾਡੇ ਮਨੋ ਨਾ ਲੱਥੜਾ ਚਾਅ ।
◼️
ਪੇਸ਼ ਹਨ ਤੁਹਾਡੇ ਲਈ ਪਾਕਿਪਟਨ(ਪਾਕਿਸਤਾਨ) ਦੇ ਜੰਮਪਲ ਮਹਾਨ ਇਨਕਲਾਬੀ ਪੰਜਾਬੀ ਕਵੀ ਜ਼ਹੂਰ ਹੁਸੈਨ ਜ਼ਹੂਰ ਦੀ ਨਾਮਵਰ ਕਵਿਤਾ

ਪੰਜਾਬੀ ਮੇਰੀ ਬੋਲੀ ਏ

ਇਸ ਮਿੱਟੀ ਮੈਨੂੰ ਮੂੰਹ ਦਿੱਤਾ ਇਸ ਆਲ੍ਹਣੇ ਮੈਂ ਚੁੰਝ ਖੋਲ੍ਹੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਕੁੱਝ ਬੋਲਣ ਤੇ ਜੇ ਆ ਜਾਵਾਂ ਇਜ਼ਹਾਰਾਂ ਦੇ ਰਾਹ ਫੇਰਾਂ ਮੈਂ
ਸੁਰਕਾਵਾਂ ਸੀਨਾ ਸਿੱਪੀਆਂ ਦਾ ਸੋਚਾਂ ਦੇ ਮੋਤੀ ਕੇਰਾਂ ਮੈਂ
ਆ ਵੇਖੋ ਸੱਜਣੋ ਕੋਲ਼ ਮੇਰੇ ਹਰਫ਼ਾਂ ਦੀ ਭਰੀ ਭੜੋਲੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਇਸ ਪਿਆਰ ਪਰੁੱਪੇ ਪਿੰਡੇ ਨੇ ਪੰਜਾਂ ਦਾ ਪਾਣੀ ਪੀਤਾ ਏ
ਤਾਹੀਓਂ ਤਾਂ ਮੇਰੇ ਇਸ਼ਕੇ ਨੇਂ ਯਾਰੀ ਨੂੰ ਜ਼ਿੰਦਾ ਕੀਤਾ ਏ
ਜਿਥੇ ਵੀ ਹੁਕਮ ਹਜ਼ੂਰ ਹੋਇਆ ਪਾਣੀ ਦੀ ਥਾਂ ਰੱਤ ਡੋਲ੍ਹੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਕਿਰਦਾਰ ਕਹਾਣੀ ਕੀਹ ਦਸਾਂ ਇਕ ਮਾਤਾ ਦੇ ਮਤਵਾਲੇ ਦੀ
ਇਹ ਭਗਤ ਸਿੰਘ ਦੀ ਭੂਮੀ ਏ ਸਹੁੰ ਮੈਨੂੰ ਜਲ੍ਹਿਆਂਵਾਲੇ ਦੀ
ਮੈਂ ਅਣਖ਼ਾਂ ਇੱਜ਼ਤਾਂ ਦੀ ਤਕੜੀ ਸੂਲ਼ੀ ਦੇ ਸਾਂਵੇਂ ਤੋਲੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਰੰਗ ਭਿੰਨੇ ਇਕ ਇਕ ਫੁੱਲ ਫੁੱਲ ਦੇ ਪਈ ਧਰਤੀ ਆਖੇ ਜੀ ਓਏ ਜੀ
ਪਿੱਪਲਾਂ ਤੇ ਕੋਇਲਾਂ ਕੂ ਕੂ ਕੂ ਪਏ ਗਾਣ ਪਪੀਹੇ ਪੀ ਪੀ ਪੀ
ਇਹ ਗੁਟਕੂੰ ਗੁਟਕੂੰ ਕੁਮਰੀ ਏ ਮੁਟਿਆਰ ਮਲੂਕ ਮਮੂਲੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਲਾ ਡੀਕਾਂ ਇਥੇ ਅਕਲਾਂ ਨੇ ਇਲਮਾਂ ਦੇ ਸਮੰਦਰ ਪੀਤੇ ਨੇਂ
ਇਹ ਬੁਲ੍ਹੇ ਸ਼ਾਹ ਦੀ ਧਰਤੀ ਏ ਏਸ ਬਾਹੂ/ਨਾਨਕ ਪੈਦਾ ਕੀਤੇ ਨੇਂ
ਇਹ ਟਿੱਲਾ ਬਾਲਾ ਨਾਥਾਂ ਦਾ ਇਹ ਵਾਰਿਸ ਸ਼ਾਹ ਦੀ ਡੋਲੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਕਾਗ਼ਜ਼ ਤੇ ਚੰਨ ਉਭਾਰੇ ਨੇਂ ਚਾਨਣ ਦਾ ਤੰਬੂ ਤਾਂ ਤਣਿਆ
ਮੈਂ ਐਂਵੇਂ ਰਾਂਝੇ ਦੀ ਮਿਠੜੀ ਵੰਝਲੀ ਦਾ ਵਾਰਿਸ ਨਈਂ ਬਣਿਆ
ਤਾਰੀਖ਼ਾਂ ਦੇ ਕੱਦ ਨਾਪੇ ਨੇਂ ਸਦੀਆਂ ਦੀ ਕੁੱਖ ਫਰੋਲੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਇਕਬਾਲ ਦੇ ਅਕਲਾਂ ਤੋਂ ਲੈ ਕੇ ਫ਼ੈਜ਼ ਦੀ ਕਲਮ ਦੇ ਵਾਰਾਂ ਤੱਕ
ਆ ਗਏ ਅਮ੍ਰਿਤਾ ਪ੍ਰੀਤਮ ਜਏ ਇਕ ਕਵੀ ਦੇ ਸੰਘਣੇ ਪਿਆਰਾਂ ਤੱਕ
ਇਹ ਧਰਤੀ ਸਦਾ ਸੁਹਾਗਣ ਏਂ ਅੱਜ ਭਰਵੀਂ ਇਹਦੀ ਝੋਲ਼ੀ ਏ
ਮੈਂ ਦੇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਮੈਂ ਆਪਣੇ ਰੰਗ ਦਾ ਸ਼ਾਇਰ ਆਂ ਕੋਈ ਤਾਂਘ ‘ਜ਼ਹੂਰ’ ਨਈਂ ਗ਼ੈਰਾਂ ਦੀ
ਬੁੱਤ ਮੇਰੇ ਦੀ ਮਾਲਿਕ ਮਿੱਟੀ ਏ ਮੈਂ ਲੈ ਕੇ ਤੇਰੇ ਪੈਰਾਂ ਦੀ
ਸੋਚਾਂ ਦੇ ਵਰਕੇ ਵਰਕੇ ਤੇ ਅੱਖਰਾਂ ਦੀ ਸ਼ੱਕਰ ਘੋਲ਼ੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ।

ਗੁਰਭਜਨ ਸਿੰਘ ਗਿੱਲ(ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.