ਸੁਣ ਨੀ ਕਲਮੇਂ ਮੇਰੀਏ

ਸੁਣ ਨੀ ਕਲਮੇਂ ਮੇਰੀਏ
ਤੂੰ ਕਿਉਂ ਹੁਣ ਲਿਖਣਾ ਛੱਡ ਤਾ
ਤੇਰੀ ਕਲਮ ਕਿਉਂ ਰੁੱਕ ਗਈ ਹੈ ਹੁਣ
ਕੀ ਤੇਰੇ ਕੋਲ ਸ਼ਬਦ ਨੇ ਮੁੱਕ ਗਏ
ਹੈਰਾਨ ਹੋ ਉਸ ਤੱਕਿਆ ਮੇਰੇ ਵੱਲ
ਲੰਬਾ ਹੌਕਾ ਭਰ ਉਹ ਬੋਲੀ
ਮੈਂ ਤਾਂ ਉਹ ਸੱਭ ਕੁਝ ਲਿਖਿਆ
ਜੋ ਤੂੰ ਕਿਹਾ ਉਹ ਸੱਭ ਮੈਂ ਲਿਖਦੀ
ਤੇਰੇ ਦੁੱਖਾਂ ਨੂੰ , ਤੇਰੇ ਪਿਆਰ ਨੂੰ
ਤੂੰ ਦੋਸਤੀਆਂ ਕਰਦੀ ਉਹ ਮੈਂ ਲਿਖਦੀ
ਤੂੰ ਮੁੱਹਬਤਾਂ ਵੰਡਦੀ ਉਹ ਮੈਂ ਲਿਖਦੀ
ਤੂੰ ਸਰਬੱਤ ਦਾ ਭਲਾ ਮੰਗਦੀ ਮੈਂ ਲਿਖਦੀ
ਰੱਬ ਨਾਲ ਗੱਲਾਂ ਕਰਦੀ ਮੈਂ ਲਿੱਖਦੀ
ਇਨਸਾਨੀ ਬਘਿਆੜਾਂ ਦੇ ਜ਼ੁਲਮ ਸਹਿੰਦੀ
ਤਨਿਹਾਈਆਂ ਨਾਲ ਗੱਲਾਂ ਕਰਦੀ
ਆਪਣੇ ਦੁੱਖ ਸਾਂਝੇ ਕਰਦੀ
ਤੂੰ ਭੁੱਬੀ ਰੋਂਦੀ ਮੈਂ ਸੱਭ ਲਿਖ ਦਿੰਦੀ
ਦਰਦਾਂ ਦੀ ਗੱਠੜੀ ਪੱਲੇ ਬੰਨ
ਅੱਖਾਂ ਵਿੱਚ ਦਰਦ ਤੇ ਹੰਝੂ ਛੁਪਾ
ਸੱਭ ਨੂੰ ਖ਼ੁਸ਼ ਰੱਖਦੀ ਮੈਂ ਲਿਖ ਦਿੰਦੀ
ਸੱਭ ਦੇ ਕੰਮ ਹੱਸ ਹੱਸ ਕਰਦੀ
ਕਦੇ ਤੂੰ ਨਾ ਕਹਿਣਾ ਸਿਖਿਆ ਨਹੀਂ
ਦੂਸਰਿਆਂ ਦੇ ਦੁੱਖ ਵਿੱਚ ਦੁਖੀ ਹੁੰਦੀ
ਹੱਸ ਹੱਸ ਸੱਭ ਤੂੰ ਸਹਿੰਦੀ ਰਹੀ
ਤੂੰ ਰੋਂਦੀ ਰਹੀ ਮੈਂ ਲਿੱਖਦੀ ਰਹੀ
ਤੂੰ ਸੱਭ ਨੂੰ ਆਪਣਾ ਬਣਾਉਂਦੀ ਰਹੀ
ਪਰ ਕੋਈ ਨਾ ਬਣਿਆ ਤੇਰਾ
ਮੈਥੋਂ ਨਹੀਂ ਹੁਣ ਜਰਿਆ ਜਾਂਦਾ
ਬੱਸ ਕਰ ਹੁਣ ਤੂੰ ਬੱਸ ਕਰ ਬੀਬਾ
ਆਪਣਾ ਤੇ ਕੁਝ ਖਿਆਲ ਕਰ
ਕਿਸੇ ਨਾ ਸਮਝਿਆ ਤੇਰੇ ਦੁੱਖ ਨੂੰ
ਕਿਸੇ ਕਦਰ ਨਾ ਪਾਈ ਤੇਰੀ
ਨਾ ਤੇਰੀ ਚਾਹਤ ਦੀ
ਨਾ ਤੇਰੀਆਂ ਲਿਖਤਾਂ ਦੀ
ਨਾ ਤੇਰੇ ਪਿਆਰ ਦੀ
ਨਾ ਤੇਰੀ ਦੋਸਤੀ ਦੀ
ਨਾ ਤੇਰੀ ਸਿਆਣਪ ਦੀ
ਨਾ ਤੇਰੇ ਮਿੱਠੇ ਬੋਲਾਂ ਦੀ
ਕਲਮ ਮੇਰੀ ਵੀ ਥੱਕ ਗਈ ਹੈ ਹੁਣ
ਕਹਿੰਦੀ ਬੱਸ ਕਰ ਬੀਬਾ ਬਹਿ ਜਾ ਹੁਣ ਤੂੰ
ਜਿੱਥੇ ਕਹਿਣੀ ਕਥਿਨੀ ਵਿੱਚ ਫ਼ਰਕ ਹੋਵੇ
ਜਿੱਥੇ ਲਿੱਖਣਾ ਕੁਝ ਤੇ ਕਰਨਾ ਕੁਝ ਹੋਰ ਹੋਵੇ
ਜਿੱਥੇ ਕਿਰਦਾਰਾਂ ਵਿੱਚ ਫ਼ਰਕ ਹੋਵੇ
ਜੋ ਬਾਹਰੋਂ ਹੋਰ ਤੇ ਅੰਦਰੋਂ ਹੋਰ ਹੋਵੇ
ਮੈਥੋਂ ਨਹੀਂ ਇਹ ਸੱਭ ਲਿਖਿਆ ਜਾਣਾ
ਹੱਸ ਕੇ ਬੋਲੀ ਮੈਂ ਵੀ ਜ਼ਰਾ ਕੁ
ਸੁਣ ਨੀ ਕਲਮੇਂ ਮੇਰੀਏ
ਤੂੰ ਵੀ ਕਹਿਣਾ ਜੋ ਕਹਿ ਲੈ ਹੁਣ
ਜੇ ਮੈਂ ਨਹੀਂ ਅੱਕੀ ਤੇ ਤੂੰ ਕਿਉਂ ਥੱਕੀ
ਮੁੜ ਕੇ ਫੜ ਲੈ ਕਲਮ ਆਪਣੀ
ਮੈਂ ਜੋ ਬੋਲਾਂਗੀ ਤੂੰ ਲਿਖੇਂਗੀ
ਸੱਚ ਹੀ ਕਹਿਣਾ ਸੱਚ ਹੀ ਲਿਖਣਾ
ਨਹੀਂ ਡਰਨਾ ਹੁਣ ਤੂੰ ਕਿਸੇ ਤੋਂ
ਤਨ ਕੇ ਚੱਲਣਾ ਤੂੰ ਵੀ ਸਿੱਖ ਲੈ
ਝਰਨੇ ਵਾਂਗੂ ਤੂੰ ਵੀ ਬਣ ਜਾ
ਮੌਜ ਆਪਣੀ ਦੇ ਵਿੱਚ ਰਹਿਣਾ
ਸਦਾ ਹੀ ਵੱਗਦੇ ਜਾਣਾ
ਸੁਣ ਨੀ ਕਲਮੇਂ ਮੇਰੀਏ
ਫਿਰ ਪਕੜ ਲੈ ਆਪਣੀ ਕਲਮ
ਸੁਣ ਨੀ ਕਲਮੇਂ ਮੇਰੀਏ
ਸੁਣ ਨੀ ਕਲਮੇਂ ਮੇਰੀਏ ।


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.