ਇਸ ਵੇਲੇ ਪੰਜਾਬੀ ਟੈਲੀਕਾਸਟਿੰਗ ਖੇਤਰ ਵਿੱਚ ਮਹੱਤਵ ਪੂਰਨ ਚੈਨਲ ਨਿਊਜ਼ -18 ਤੇ ਮੇਰੇ 1971 ਵੇਲੇ ਦੇ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਦੀ ਮੁਲਾਕਾਤ ਪੇਸ਼ ਹੋ ਰਹੀ ਸੀ।
ਸਾਡੀ ਦੋਸਤੀ ਉਦੋਂ ਦੀ ਹੈ ਜਦੋਂ ਹਾਲੇ ਘੁਮਾਰ ਮੰਡੀ ਲੁਧਿਆਣਾ ਵਿੱਚ ਘਣਛਾਵੀਆ ਟਾਹਲੀਆਂ ਦੀ ਪੁਰਾਣੀਆਂ ਕਚਹਿਰੀਆਂ ਤੀਕ ਲੰਮੀ ਕਤਾਰ ਦੋਹੀਂ ਪਾਸੀਂ ਹੁੰਦੀ ਸੀ।
ਸ਼ਮਸ਼ੇਰ ਸਿੰਘ ਸੰਧੂ ਕੋਲ ਗੱਲ ਕਰਨ ਤੇ ਸੁਣਾਉਣ ਦਾ ਬੇਹੱਦ ਵਧੀਆ ਸਲੀਕਾ ਹੈ। ਮੈਂ ਤਾਂ ਕੀਹ, ਵੱਡੇ ਵੱਡੇ ਗੱਲ- ਕਾਰ ਵੀ ਉਹਦੇ ਸਾਹਮਣੇ ਫਿੱਕੇ ਨੇ। ਨਿੱਕੀ ਤੋ ਨਿੱਕੀ ਗੱਲ ਦੇ ਬਾਰੀਕ ਵੇਰਵੇ ਚੇਤੇ ਰੱਖਣੇ, ਸਰੋਤੇ ਦੀ ਲੋੜ ਮੁਤਾਬਕ ਪਰੋਸਣੇ ਉਸ ਤੋਂ ਮੈਂ ਵੀ ਨਹੀਂ ਸਿੱਖ ਸਕਿਆ ਭਾਵੇਂ ਦੋਸਤੀ ਦੀ ਉਮਰ ਪਚਵੰਜਾ ਸਾਲ ਹੋ ਗਈ ਹੈ।
ਅੱਜ ਸਾਰੇ ਮੁੱਖ ਚੈਨਲ ਉਸ ਨੂੰ ਲਗਾਤਾਰ ਉਡੀਕਦੇ ਹਨ। ਸੰਗੀਤ ਦੇ ਲੋਕ ਰੰਗ ਦਾ ਅੱਧੀ ਸਦੀ ਤੋਂ ਚਸ਼ਮਦੀਦ ਗਵਾਹ।
ਜੀ ਜੀ ਐੱਨ ਖ਼ਾਲਸਾ ਕਾਲਿਜ ਵਿੱਚ ਸਾਡੇ ਅਧਿਆਪਕ ਰਹੇ ਪਰ ਹੁਣ ਵੀ ਮਾਰਗ ਦਰਸ਼ਕ ਡਾ. ਸ ਪ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਕਸਰ ਮੈਨੂੰ ਮਿਹਣਾ ਦਿੰਦੇ ਨੇ ਕਿ ਤੂੰ ਹੀ ਸ਼ਮਸ਼ੇਰ ਦਾ ਨਾਮ ਜਾਪ ਕਰਦੈ, ਉਸ ਨੇ ਤਾ ਕਦੇ ਤੇਰਾ ਜ਼ਿਕਰ ਨਹੀੰ ਕੀਤਾ।
ਮੇਰੇ ਕੋਲ ਇਸ ਦਾ ਕੋਈ ਜਵਾਬ ਨਹੀਂ ਕਿਉਂਕਿ ਉਸ ਦੇ ਜ਼ਿਕਰ ਵਿੱਚ ਹੀ ਅਸੀਂ ਸਾਰੇ ਆ ਜਾਂਦੇ ਹਾਂ, ਸ਼ਿਕਵਾ ਕਾਹਦਾ। ਮੈਨੂੰ ਤਾ ਆਪ ਹੀ ਦੱਸਣਾ ਪੈਣਾ ਹੈ ਕਿ ਸ਼ਮਸ਼ੇਰ ਸਾਡਾ ਮਾਣ ਹੈ।
ਉਸ ਨਾਲ ਮੁਲਾਕਾਤ ਮੇਰੀ ਭਤੀਜੀ ਮੀਸ਼ਾ ਬਾਜਵਾ ਕਰ ਰਹੀ ਸੀ। ਮੀਸ਼ਾ ਟੈਲੀਕਾਸਟਿੰਗ ਜਗਤ ਦਾ ਵੱਡਾ ਨਾਮ ਹੈ। ਮੇਰੇ ਵਿਚਕਾਰਲੇ ਭੂਆ ਜੀ ਹਰਨਾਮ ਕੌਰ ਦੀ ਪੋਤਰੀ। ਪ੍ਰਿੰਸੀਪਸ ਬਲਕਾਰ ਸਿੰਘ ਬਾਜਵਾ ਦੀ ਭਤੀਜੀ। ਵੱਡੇ ਬਾਸਕਟਬਾਲ ਖਿਡਾਰੀ ਕੰਵਲਜੀਤ ਬਾਜਵਾ ਤੇ ਦੇਸ਼ ਦੀ ਉੱਘੀ ਐਥਲੀਟ ਰਾਜ ਬਾਜਵਾ ਦੀ ਵੱਡੀ ਧੀ। ਮੈਨੂੰ ਮਾਣ ਹੈ ਕਿ ਸਾਡੀਆਂ ਧੀਆਂ ਵੀ ਪੁੱਤਰਾਂ ਵਾਂਗ ਵਿਕਾਸ ਮਾਰਗ ਦੀਆਂ ਪਾੰਧੀ ਹਨ।
ਇਸ ਮੁਲਾਕਾਤ ਵਿੱਚ ਸ਼ਮਸ਼ੇਰ ਇੱਕ ਗੀਤ ਦਾ ਜ਼ਿਕਰ ਕਰਦਾ ਹੈ। ਇਹ ਗੀਤ ਇਨਕਲਾਬੀ ਕਵੀ ਤੇ ਵਰਤਮਾਨ ਸਮੇਂ ਦੇ ਪ੍ਰਮੁੱਖ ਢਾਡੀ ਤੇ ਭਾਸ਼ਾ ਵਿਭਾਗ ਪੰਜਾਬ ਦਾ ਐਲਾਨ ਸ਼ੁਦਾ ਸ਼੍ਰੋਮਣੀ ਢਾਡੀ ਪੁਰਸਕਾਰ ਵਿਜੇਤਾ ਸ. ਮੁਖਤਿਆਰ ਸਿੰਘ ਜ਼ਫ਼ਰ (ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦਾ ਸ਼ਾਗਿਰਦ)ਪਿੰਡ ਮੱਲੋ ਕੇ(ਜ਼ੀਰਾ) ਨੇ ਕਦੇ ਲਿਖਿਆ ਸੀ। ਧੁੰਦਲਾ ਜਿਹਾ ਯਾਦ ਹੈ ਕਿ ਇਹ ਗੀਤ ਅਸਾਂ ਕਿਸੇ ਕ੍ਰਾਂਤੀਕਾਰੀ ਮੈਗਜ਼ੀਨ ਵਿੱਚੋਂ ਲਿਆ ਸੀ।
ਸ਼ਮਸ਼ੇਰ ਇਸ ਗੀਤ ਨੂੰ ਪਿਛਲੇ ਪੰਜਾਹ ਸਾਲਾਂ ਤੋਂ ਲਗਾਤਾਰ ਗਾ ਰਿਹਾ ਹੈ। ਇਸ ਗੀਤ ਨੂੰ ਕਦੇ ਕਿਸੇ ਗਾਇਕ ਨੇ ਰੀਕਾਰਡ ਨਹੀਂ ਕੀਤਾ।
ਹੁਣ ਜਰਗ ਵਾਲੇ ਮੰਢੇਰ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਤੂੰਬੇ ਅਲਗੋਜ਼ੇ ਦੇ ਤਾਲ ਤੇ ਇਸ ਨੂੰ ਸੱਥਾਂ ਵਿੱਚ ਲੈ ਕੇ ਜਾਉ। ਇਹ ਸਰਬ ਸਮਿਆਂ ਦਾ ਗੀਤ ਹੈ। ਸਮੇਂ ਦੀ ਸੀਮਾ ਤੋਂ ਪਾਰ।
ਸ਼ਮਸ਼ੇਰ ਨੂੰ ਸਨਮਾਨ ਦੀ ਮੁਬਾਰਕ ਦੇਂਦਿਆ ਮੈਂ ਖ਼ੁਦ ਨੂੰ ਵੀ ਸਨਮਾਨਿਤ ਹੋਇਆਂ ਮਹਿਸੂਸ ਕਰਦਾ ਹਾਂ।
ਮੁਖਤਿਆਰ ਸਿੰਘ ਜ਼ਫ਼ਰ ਬਾਰੇ ਕੁਝ ਲੱਗਦੇ ਹੱਥ ਦੱਸ ਦਿਆਂ।
ਪਿੰਡ ਮੱਲੋ ਕੇ ( ਨੇੜੇ ਜ਼ੀਰਾ) ਜ਼ਿਲ੍ਹਾ ਫੀਰੋਜ਼ਪੁਰ ਚ ਜਨਮਿਆ ਤੇ ਜ਼ੀਰਾ ਵਿੱਚ ਗੁਰਦਵਾਰੇ ਨੇੜੇ ਵੱਸਦਾ ਕਵੀ ਤੇ ਕਵੀਸ਼ਰ ਹੈ ਮੁਖਤਿਆਰ ਸਿੰਘ ਜ਼ਫ਼ਰ । 15 ਅਗਸਤ 1947 ਨੂੰ ਜਨਮਿਆ ਨਾਨਕੇ ਪਿੰਡ ਨਾਥੇ ਵਾਲਾ ਤਹਿਸੀਲ ਬਾਘਾ ਪੁਰਾਣਾ(ਮੋਗਾ) ਵਿੱਚ ਪਿਤਾ ਜੀ ਸ. ਮੇਲਾ ਸਿੰਘ ਗਿੱਲ ਦੇ ਘਰ ਮਾਤਾ ਜੀ ਮਹਿੰਦਰ ਕੌਰ ਦੀ ਕੁਖੋਂ। ਸ਼ਾਇਰੀ ਚ ਉਸਤਾਦ ਸ਼੍ਰੋਮਣੀ ਕਵੀਸ਼ਰ ਸ: ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਤੇ ਸ. ਰਣਜੀਤ ਸਿੰਘ ਸਿੱਧਵਾਂ ਸਨ ।
ਪ੍ਰਕਾਸ਼ਤ ਪੁਸਤਕਾਂ ਹਨ : ਸ਼ਹੀਦ ਭਗਤ ਸਿੰਘ,ਗਦਰੀ ਬਾਬਾ ਗਾਂਧਾ ਸਿੰਘ ਕੱਚਰਭੰਨ ,ਗਾਡੀਰਾਹ(ਚਿੱਤੂ ਤੇ ਮਿੱਤੂ ਲੋਕ ਗਾਥਾ)ਦੋ ਉਜਾੜੇ (1947 ਤੇ 1984), ਗਰੀਬ ਨਿਵਾਜ਼ ਗੁਰੂ ਗੋਬਿੰਦ ਸਿੰਘ,ਆਜ਼ਾਦੀ ਦੇ ਪਰਵਾਨੇ ਤੇ ਬੋਲ ਖੇਤਾਂ ਦੇ(ਪੰਜਾਬ ਸੰਗੀਤ ਨਾਟਕ ਅਕਾਡਮੀ ਵੱਲੋਂ ਪ੍ਰਕਾਸ਼ਿਤ) ਅਪ੍ਰਕਾਸ਼ਿਤ ਛਪਣ ਯੋਗ ਖਰੜੇ ਹਨ ; ਸੱਚ ਦਾ ਸੂਰਜ : ਗੁਰੂ ਨਾਨਕ, ਮਨੁੱਖਤਾ ਦੇ ਰਹਿਬਰ (ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੀਕ) ਕਾਫ਼ਲਾ ਮੁਰੀਦਾਂ ਦਾ (ਭਾਈ ਤਾਰੂ ਸਿੰਘ, ਬਾਬਾ ਬੰਦਾ ਸਿੰਘ ਬਹਾਦਰ,ਮੀਰ ਮੰਨੂੰ ਦੀ ਜੇਲ੍ਹ)ਮਹਾਨ ਸੋਚ( ਭਗਤ ਕਬੀਰ, ਰਵੀਦਾਸ ਤੇ ਨਾਮਦੇਵ ਜੀ) ਜ਼ਿੰਦਗੀ ਦੇ ਗੀਤ ( ਚੋਣਵੀਂ ਕਵਿਤਾ) ਪੂਰਨ ਭਗਤ,ਕੌਲਾਂ ਭਗਤਣੀ,ਬਾਬਾ ਆਦਮ ਜੀ,ਦੋਖੀ ਸੰਤਾਂ ਦੇ ਹਨ। ਰੀਕਾਰਡਡ ਰਚਨਾਵਾਂ ਹਨ; ਰੂਹ ਪੰਜਾਬ ਦੀ (ਕਵੀਸ਼ਰੀ) ਕਲਿਆਣਾਂ ਦੇ ਯੋਧੇ (ਕਵੀਸ਼ਰੀ) ਮਰਦ ਕਾ ਚੇਲਾ : ਬਾਬਾ ਬੰਦਾ ਸਿੰਘ ਬਹਾਦਰ(ਕਵੀਸ਼ਰੀ) ਢਾਡੀ ਰਾਗ ਵਿੱਚ ਸਿੱਖੀ ਸਿਦਕ ਦਾ ਡੇਰਾ,ਗਦਰੀ ਬਾਬੇ (ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੱਲੋਂ ਪੇਸ਼) ਧਰਮੀ ਮਾਂ ਪਾਪੀ ਪੁੱਤ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਤੇ ਆਕਾਸ਼ਵਾਣੀ ਜਲੰਧਰ ਤੋਂ ਅਨੇਕਾਂ ਯਾਦਗਾਰੀ ਪੇਸ਼ਕਾਰੀਆਂ ਕੀਤੀਆਂ ਹਨ।
ਜਿਸ ਗੀਤ ਦਾ ਜ਼ਿਕਰ ਸ਼ਮਸ਼ੇ ਨੇ ਕੀਤਾ ਉਹ ਗੀਤ ਤੁਹਾਡੇ ਸਨਮੁੱਖ ਪੇਸ਼ ਹੈ।
ਗੀਤ
ਮੰਡੀ ਵਿੱਚੋਂ ਆ ਕੇ ਬਾਪੂ ਮੰਜੀ ਉੱਤੇ ਪੈ ਗਿਓਂ ਵੇ ਮੂੰਹ ਦੇ ਉੱਤੇ ਗ਼ਮ ਦੇ ਨੇ ਸਾਏ।
ਵੇ ਬਾਬਲਾ ਗ਼ਮ ਜਿਵੇਂ ਕਣਕੋਂ ਵਟਾਏ।
ਜਾਪਦਾ ਹਿਸਾਬ ਤੇਰਾ ਤੇਲ ਅਤੇ ਖਾਦ ਦਾ ਵੇ ਪੂਰਾ ਨਹੀਂ ਕਣਕ ਵਿੱਚੋਂ ਹੋਇਆ।
ਹਾਉਕਾ ਤੇਰੇ ਬੁੱਲਾਂ ਉੱਤੇ ਆਇਆ ਅੱਖੀਂ ਵੇਖਿਆ ਮੈਂ, ਵੇਖ ਮੈਨੂੰ ਕਾਸਤੋਂ ਲੁਕੋਇਆ।
ਮੇਰੇ ਬਾਬਲਾ ਮੈਂ, ਤੇਰੇ ਮਨ ਦੀਆਂ ਜਾਣਦੀ ਹਾਂ, ਕਾਹਤੋਂ ਰੰਗ ਜਾਏ ਇੱਕ ਆਏ।
ਆਸਾਂ ਲਾ ਕੇ ਤਨ ਤਾਈਂ ਪੋਹ ਮਾਘ ਕੱਕਰਾਂ ‘ਚ ਕਣਕ ਨੂੰ ਪਾਣੀ ਲਾਉਂਦੇ ਠਾਰਿਆ।
ਆਖਦਾ ਸੀ ਧੀਏ ਲੈ ਕੇ ਐਤਕੀਂ ਵਿਛਾਈ ਦੇਊਂ, ਰੀਝ ਪੂਰੀ ਹੋਈ ਨਾ ਵਿਚਾਰਿਆ।
ਖ਼ਸਮਾਂ ਨੂੰ ਖਾਏ ਮੇਰੀ ਬਾਬਲਾ ਵਿਛਾਈ ਪਰ ਤੇਰਾ ਵੀ ਕਿਉਂ ਮੂੰਹ ਕੁਮਲਾਏ।
ਜਾਪਦਾ ਦਿਮਾਗ ਵਿੱਚ ਲਿਮਟਾਂ ਤੇ ਕੱਪੜੇ ਦੇ ਹੋਰ ਨਿੱਕੇ ਮੋਟੇ ਘੁੰਮਦੇ ਉਧਾਰ।
ਸੀਨੇ ‘ਚ ਅਲੇਹ ਦੇ ਕੰਡੇ ਵਾਂਗੂੰ ਚੁਭੀ ਤੇਰੇ ਬਾਪੂ, ਪਿੱਛੋਂ ਪਈ ਸੀ ਆਵਾਜ਼ ਜੋ ਬਾਜ਼ਾਰ।
ਔਖਾ ਸੌਖਾ ਪਾਣੀ ਵਾਂਗੂੰ ਪੀ ਗਿਆ ਤੂੰ ਘੁੱਟੋਬਾਟੀ, ਬੋਲ ਤੱਤੇ ਠੰਢੇ ਸੇਠ ਨੇ ਸੁਣਾਏ।
ਪੁੱਤ ਜਿਵੇਂ ਧਨੀਆਂ ਦਾ ਪੈਸੇ ਦੇ ਗੁਮਾਨ ਵਿੱਚ, ਲੁੱਟ ਲੈਂਦਾ ਇੱਜਤਾਂ ਕੁਆਰੀਆਂ।
ਓਵੇਂ ਤੇਰੀ ਸੋਨੇ ਜਹੀ ਕਣਕ ਬਾਪੂ ਮੰਡੀ ਵਿੱਚ, ਰਲ਼ ਲੁੱਟੀ ਸੇਠਾਂ ਸਰਕਾਰੀਆਂ।
ਤੇਰੇ ਖੇਤੀਂ ਜੰਮੀ ਵੇ ਕਣਕ ਬਾਪੂ ਭੈਣ ਮੇਰੀ, ਕੌਣ ਸਾਡੀ ਇੱਜ਼ਤ ਬਚਾਏ।
ਵੇ ਬਾਬਲਾ ਗ਼ਮ ਜਿਵੇਂ ਕਣਕੋਂ ਵਟਾਏ।
ਗੁਰਭਜਨ ਗਿੱਲ

Leave a Reply