ਬਰਨਾਲਾ 27 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ, ਬਰਨਾਲਾ ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ, ਅਨੁਵਾਦਕ ਅਤੇ ਸਾਹਿਤਕ ਮੈਗਜ਼ੀਨ ‘ਪ੍ਰਤਿਮਾਨ’ ਦੇ ਸੰਪਾਦਕ ਡਾ. ਅਮਰਜੀਤ ਕੌਂਕੇ ਜੀ ਦੇ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਬੂਟਾ ਸਿੰਘ ਚੌਹਾਨ, ਨੌਜਵਾਨ ਕਹਾਣੀਕਾਰ ਰਵੀ ਸ਼ੇਰਗਿੱਲ, ਲਵਲੀ ਯੂਨੀਵਰਸਿਟੀ ਦੇ ਹਿੰਦੀ ਡਿਪਾਰਟਮੈਂਟ ਦੇ ਹੈਡ ਡਾਕਟਰ ਅਨਿਲ ਪਾਂਡੇ ਅਤੇ ਹਿੰਦੀ ਕਵੀ ਵਿਨੋਦ ਅਨਿਕੇਤ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਪ੍ਰਸਿੱਧ ਸ਼ਾਇਰ ਅਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਅਮਰਜੀਤ ਕੌਂਕੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰਜੀਤ ਕੌਂਕੇ ਨੇ ਪੰਜਾਬੀ ਕਵਿਤਾ ਅਤੇ ਅਨੁਵਾਦ ਦੇ ਖੇਤਰ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ। ਉਹਨਾਂ ਨੇ ਅਮਰਜੀਤ ਕੌਂਕੇ ਦੇ ਬਾਇਓਡਾਟੇ ਵਿੱਚੋਂ ਪ੍ਰਮੁੱਖ ਪੁਸਤਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦਾ ਬਾਇਓਡਾਟਾ ਉਹਨਾਂ ਦੇ ਕੀਤੇ ਕੰਮਾਂ ਦੀ ਗਵਾਹੀ ਭਰਦਾ ਹੈ। ਇਸ ਤੋਂ ਬਾਅਦ ਸੰਪੂਰਨ ਸਿੰਘ ਟੱਲੇਵਾਲੀਆ, ਡਾਕਟਰ ਸੁਰਿੰਦਰ ਭੱਠਲ ਅਤੇ ਡਾ. ਭੁਪਿੰਦਰ ਸਿੰਘ ਬੇਦੀ ਨੇ ਵੀ ਅਮਰਜੀਤ ਕੌਂਕੇ ਦੀ ਕਵਿਤਾ ਅਤੇ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਡਾ. ਅਮਰਜੀਤ ਕੌਕੇ ਨੇ ਆਪਣੀ ਸਾਹਿਤਕ ਯਾਤਰਾ ਬਾਰੇ ਗੱਲ ਕਰਦਿਆਂ ਆਪਣੀ ਜੀਵਨ ਯਾਤਰਾ ਵਿਚਲੇ ਅਹਿਮ ਸਾਹਿਤਕ ਪੜਾਵਾਂ ਅਤੇ ਆਪਣੀਆਂ ਪੁਸਤਕਾਂ ਦੀ ਸਿਰਜਣਾ ਪ੍ਰਕਿਰਿਆ ਬਾਰੇ ਆਪਣੇ ਅਣਮੁੱਲੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਹਿਤ ਰਚਨਾ ਨੂੰ ਉਸ ਸਮੇਂ ਦੀ ਇਤਿਹਾਸਕਤਾ ਸਮਾਜਿਕਤਾ ਦੇ ਪ੍ਰਸੰਗ ਵਿੱਚ ਵਾਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਮਾਨਵਵਾਦੀ ਦ੍ਰਿਸਟੀਕੋਣ ਤੋਂ ਸਾਹਿਤ ਸਿਰਜਣਾ ਦੇ ਹਮਾਇਤੀ ਰਹੇ ਹਨ। ਬਹੁਤ ਸਾਰੇ ਲੇਖਕਾਂ ਨੇ ਉਨ੍ਹਾਂ ਦੀ ਰਚਨਾ ਪ੍ਰਕਿਰਿਆ ਬਾਰੇ ਅਨੇਕ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਅਮਰਜੀਤ ਕੌਂਕੇ ਨੇ ਖੂਬਸੂਰਤ ਜੁਆਬ ਦਿੱਤੇ। ਇਸ ਸਮਾਗਮ ਵਿੱਚ ਹਿੰਦੀ ਲੇਖਕ ਵਿਨੋਦ ਅਨੀਕੇਤ ਦੀ ਪੁਸਤਕ ‘ਅੰਧੇਰੇ ਦਿਨੋਂ ਮੇਂ’ ਅਤੇ ਡਾ. ਸੁਰਜੀਤ ਬਰਾੜ ਜੀ ਆਲੋਚਨਾ ਪੁਸਤਕ ‘ਪੂੰਜੀਵਾਦੀ ਵਿਸ਼ਵੀਕਰਨ ਅਤੇ ਅਮਰਜੀਤ ਕੌਂਕੇ ਦੇ ਕਾਵਿ-ਸਰੋਕਾਰ’ ਨੂੰ ਰਲੀਜ਼ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਬੁੱਧੀਜੀਵੀ ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਾਜ਼ਰ ਕਵੀਆਂ ਨੇ ਕਵਿਤਾਵਾਂ ਵੀ ਪੜ੍ਹੀਆਂ। ਸਭਾ ਵੱਲੋਂ ਡਾ. ਅਮਰਜੀਤ ਕੌਂਕੇ ਨੂੰ ਖੂਬਸੂਰਤ ਮੈਮੋਂਟੋ ਅਤੇ ਸ਼ਾਲ ਦੇ ਕੇ ਸਨਮਾਨਤ ਕੀਤਾ ਗਿਆ। ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਅਤੇ ਜਨਰਲ ਸਕੱਤਰ ਪਵਨ ਪਰਿੰਦਾ ਦੇ ਅਣਥਕ ਮਿਹਨਤ ਸਦਕਾ ਇਹ ਪੰਜਾਬੀ ਸਾਹਿਤ ਸਭਾ ਦੇ ਯਾਦਗਾਰੀ ਸਮਾਗਮਾਂ ਵਿੱਚ ਸ਼ੁਮਾਰ ਹੋ ਗਿਆ।

Leave a Reply