ਚੰਡੀਗੜ੍ਹ 1 ਮਈ (ਵਰਲਡ ਪੰਜਾਬੀ ਟਾਈਮਜ਼)
ਸਕੂਲ ਆਫ ਪੰਜਾਬੀ ਸਟਡੀਜ਼ ਦੀ ਐਸੋਸੀਏਟ ਪ੍ਰੋਫੈਸਰ ਡਾ. ਪਰਮਜੀਤ ਕੌਰ ਸਿੱਧੂ ਨੇ 30
ਅਪ੍ਰੈਲ 2026 ਨੂੰ ਰਸਮੀ ਤੌਰ ’ਤੇ ਪੰਜਾਬੀ ਵਿਭਾਗ ਦੇ ਮੁਖੀ ਦਾ ਕਾਰਜ ਭਾਰ ਸੰਭਾਲ ਲਿਆ ਹੈ।
ਡਾ. ਸਿੱਧੂ ਕੁਝ ਸਾਲ ਪਹਿਲਾਂ ਪੰਜਾਬ ਯੂਨੀਵਰਸਿਟੀ ਵਿੱਚ ਆਉਣ ਤੋਂ ਪਹਿਲਾ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਵੀ ਸੇਵਾ ਨਿਭਾ ਚੁੱਕੀ ਹੈ।
ਇਹ ਖ਼ਬਰ ਮੈਨੂੰ ਵੱਡੇ ਵੀਰ ਡਾ. ਸੁਰਿੰਦਰ ਦਵੇਸ਼ਵਰ ਜੀ ਨੇ ਘੱਲੀ ਤਾਂ ਬਹੁਤ ਹੀ ਚੰਗਾ ਲੱਗਿਆ।
ਚੰਗਾ ਲੱਗਣ ਦਾ ਕਾਰਨ ਨਾਲ ਨੱਥੀ ਤਸਵੀਰ ਵਿੱਚ ਡਾ. ਦਵੇਸ਼ਵਰ ਦੇ ਨਾਲ ਡਾ. ਦੀਪਕ ਮਨਮੋਹਨ, ਡਾ. ਸਰਬਜੀਤ ਸਿੰਘ, ਡਾ. ਗੁਰਪਾਲ ਸਿੰਘ ਸੰਧੂ, ਡਾ. ਯੋਗ ਰਾਜ ਐਂਗਰਿਸ਼ ਤੇ ਡਾ. ਉਮਾ ਨੂੰ ਵੇਖਣਾ ਸ਼ਾਇਦ ਓਨਾ ਮਹੱਤਵਪੂਰਨ ਨਹੀਂ ਸੀ ਜਿੰਨਾ ਭਾ ਜੀ ਡਾ. ਬਖ਼ਸ਼ੀਸ਼ ਸਿੰਘ ਨੂੰ ਵੇਖਣਾ ਸੀ।
ਕਦੇ ਸਾਡੇ ਇਹ ਭਾ ਜੀ ਮਾਝੇ ਵਿੱਚ ਸਭ ਤੋਂ ਸੋਹਣੀ ਪੱਗ ਵਾਲੇ ਛੈਲ ਛਬੀਲੇ ਗੱਭਰੂ ਵਜੋਂ ਜਾਣੇ ਜਾਂਦੇ ਸਨ। ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਵਿੱਚ ਉਹ ਮੇਰੇ ਵੱਡੇ ਭਾ ਜੀ ਸੁਖਵੰਤ ਦੇ ਸਹਿਪਾਠੀ ਸਨ। ਡਾ. ਬਖਸ਼ੀਸ਼ ਸਿੰਘ ਵੀ ਪੰਜਾਬੀ ਵਿਭਾਗ ਦੇ ਮੁਖੀ ਰਹੇ ਹਨ।
1974-75 ਤੋਂ ਬਾਦ ਮੇਰਾ ਪੰਜਾਬ ਯੂਨੀਵਰਸਿਟੀ ਵਿੱਚ ਆਉਣ ਜਾਣ ਬਣਿਆ ਰਿਹਾ। ਪਹਿਲੀ ਵਾਰ ਮੈਂ ਕਨਵੋਕੇਸ਼ਨ ਤੇ ਸ਼ਿਵ ਕੁਮਾਰ ਯਾਦਗਾਰੀ ਗੋਲਡ ਮੈਡਲ ਲੈਣ ਆਇਆ ਸੀ। ਦੂਜੀ ਵਾਰ ਐੱਮ ਏ ਦੀ ਡਿਗਰੀ ਲੈਣ ਲਈ, ਸ਼ਮਸ਼ੇਰ ਤੋਂ ਲਿਆ ਮੰਗਵਾਂ ਕੋਟ ਪਾ ਕੇ। ਉਦੋਂ ਭਰਮ ਸੀ ਕਿ ਕੋਟ ਪਾ ਕੇ ਬੰਦਾ ਵਿਦਵਾਨ ਲੱਗਦਾ ਹੈ।
ਮੈਂ ਇਸ ਵਿਭਾਗ ਵਿੱਚ ਕਦੇ ਨਹੀਂ ਪੜ੍ਹਿਆ। ਮੈਂ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਹੀ 1976 ਵਿੱਚ ਐੱਮ ਏ ਕੀਤੀ।
ਉਦੋਂ ਐੱਮ ਫਿਲ ਪਹਿਲੇ ਸਾਲ ਸ਼ੁਰੂ ਹੋਈ ਸੀ। ਮੇਰਾ ਵੀ ਮੈਰਿਟ ਲਿਸਟ ਵਿੱਚ ਨਾਮ ਬੋਲ ਪਿਆ ਪਰ ਮੈਂ ਦਾਖਲਾ ਨਾ ਲੈ ਸਕਿਆ। ਮੈਨੂੰ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਵਿੱਚ ਨੌਕਰੀ ਮਿਲਣ ਕਰਕੇ। ਨੌਕਰੀ ਕੱਚ ਪੱਕੀ ਸੀ, ਆਸ ਵੀ ਊਠ ਦੇ ਲਮਕਦੇ ਬੁੱਲ੍ਹ ਵਰਗੀ।
ਮੇਰੇ ਕੁਝ ਵੱਡੇ ਵੀਰ ਇਸ ਬੈਚ ਵਿੱਚ ਐੱਮ ਫਿਲ ਕਰ ਰਹੇ ਸਨ। ਡਾ. ਸਾਧੂ ਸਿੰਘ, ਵਰਿਆਮ ਸਿੰਘ ਸੰਧੂ ਤੇ ਹਰਜਿੰਦਰ ਅਟਵਾਲ ਵਰਗੇ। ਮੇਰਾ ਸਹਿਪਾਠੀ ਮਨਜੀਤ ਸਿੰਘ ਵੀ ਇਨ੍ਹਾਂ ਨਾਲ ਪੜ੍ਹਦਾ ਸੀ।
ਉਦੋਂ ਦੀਆਂ ਰੌਣਕਾਂ ਬਾ ਕਮਾਲ ਸਨ। ਡਿਕਸ਼ਨਰੀ ਵਿਭਾਗ ਵਿੱਚ ਡਾ. ਅਤਰ ਸਿੰਘ, ਡਾ. ਰਘਬੀਰ ਸਿੰਘ ਸਿਰਜਣਾ, ਜੀ ਐੱਸ ਰਿਆਲ, ਅਜਮੇਰ ਸਿੰਘ, ਬਖਸ਼ੀਸ਼ ਭਾ ਜੀ, ਬਲਜੀਤ ਬਾਸੀ ਤੇ ਹਰਭਜਨ ਹਲਵਾਰਵੀ ਵੀ। ਗੁਰੂ ਨਾਨਕ ਸਿੱਖ ਸਟਡੀਜ਼ ਵਿੱਚ ਡਾ. ਹਰਨਾਮ ਸਿੰਘ ਸ਼ਾਨ,ਪੰਜਾਬੀ ਵਿਭਾਗ ਵਿੱਚ ਡਾ. ਸ ਸ ਕੋਹਲੀ, ਬਾਬਾ ਰਾਮ ਸਿੰਘ, ਡਾ. ਵਿਸ਼ਵ ਨਾਥ ਤਿਵਾੜੀ, ਡਾ. ਰਘਬੀਰ ਸਿੰਘ, ਡਾ. ਦਰਸ਼ਨ ਸਿੰਘ, ਡਾ. ਕੇਸਰ ਸਿੰਘ ਕੇਸਰ ਵਰਗੇ ਮਹਾਂ ਅਨੁਭਵੀ। ਡਾ. ਦੀਪਕ ਮਨਮੋਹਨ ਵੀ ਮੁਖੀ ਬਣੇ, ਬਾਕੀ ਵੀ, ਪਰ ਮੈਨੂੰ ਇਸ ਵਿਭਾਗ ਵਿੱਚ ਜਾਣ ਦਾ ਬਹੁਤਾ ਮੌਕਾ ਨਹੀਂ ਮਿਲ ਸਕਿਆ। ਕਾਰਨ ਇਹ ਸੀ ਕਿ ਮੈਂ ਮੁੱਖ ਧਾਰਾ ਦੀ ਪੰਜਾਬੀ ਅਧਿਆਪਨ ਯੂਨੀਵਰਸਿਟੀ ਦਾ ਅਧਿਆਪਕ ਨਹੀਂ ਸਾਂ। ਬਾਕੀ ਯੂਨੀਵਰਸਿਟੀਆਂ ਵਿੱਚ ਵੀ ਮੇਰਾ ਆਉਣ ਜਾਣ ਸੀਮਤ ਰਿਹਾ ਹੈ।
ਸਭ ਸੱਜਣ ਹੀ ਜਿਉਣ ਜਾਗਣ, ਫਿਰ ਕੀ ਹੋਇਆ ਜੇ ਮੈਂ ਦਿੱਲੀ ਯੂਨੀਵਰਸਿਟੀ ਜਾਂ ਕੁਰੂਕਸ਼ੇਤਰਾ ਯੂਨੀਵਰਸਿਟੀ ਦਾ ਕਦੇ ਬੂਹਾ ਨਹੀਂ ਟੱਪਿਆ।
ਵੱਡੇ ਤੇ ਛੋਟੇ ਵੀਰਾਂ ਨੂੰ ਇਸ ਸਾਂਝੀ ਤਸਵੀਰ ਵਿੱਚ ਵੇਖਣਾ ਚੰਗਾ ਲੱਗਾ।
ਇਸ ਬਹਾਨੇ ਯਾਦਾਂ ਦਾ ਰੇਸ਼ਮੀ ਥਾਨ ਖੁੱਲ੍ਹ ਗਿਆ।
ਪਰਮਜੀਤ ਭਾਗਾਂ ਵਾਲੀ ਹੈ ਜਿਸ ਦੇ ਕਾਰਜਭਾਰ ਸੰਭਾਲਣ ਵੇਲੇ ਸਿਰ ਤੇ ਮਿਹਰਬਾਨ ਹੱਥਾਂ ਦੀ ਛਾਂ ਹੈ।
ਫਿਰ ਮੁਬਾਰਕ ਨਿੱਕੀ ਭੈਣ ਨੂੰ।
ਗੁੜ ਦੀ ਡਲ਼ੀ ਨਾਲ ਮੈਂ ਆਪ ਹੀ ਇਕੱਲਿਆਂ ਘਰ ਬੈਠਿਆਂ ਹੀ ਮੂੰਹ ਮਿੱਠਾ ਕਰ ਲਿਆ ਹੈ, ਸ਼ਗਨਾਂ ਮੱਤੇ ਮੌਕੇ ਦੀ ਤਸਵੀਰ ਵੇਖ ਕੇ।

Leave a Reply