ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਵਾਰਡ ਨੰਬਰ 25 ਦੇ ਅਜਾਦ ਉਮੀਦਵਾਰ ਸੁਰਿੰਦਰ ਕੌਰ ਬੰਗਾ ਧਰਮਪਤਨੀ ਸਾਬਕਾ ਕੌਂਸਲਰ ਦਰਸ਼ਨ ਸਿੰਘ ਬੰਗਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ ਅਜਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਹਨ। ਉਨ੍ਹਾਂ ਵੋਟਰਾਂ ਨੂੰ ‘ਸੇਬ’ ਦੇ ਚੋਣ ਨਿਸ਼ਾਨ ’ਤੇ ਮੋਹਰ ਲਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਪਤੀ ਦਰਸ਼ਨ ਸਿੰਘ ਬੰਗਾ ਜੋ ਕਿ ਹਮੇਸ਼ਾਂ ਲੋਕਾਂ ਦੀ ਸੇਵਾ ਕਰਦੇ ਰਹੇ ਹਨ, ਉਹ ਅੱਜ ਕੱਲ੍ਹ ਸਿਹਤਯਾਬ ਨਹੀ ਹਨ। ਇਸ ਮੌਕੇ ਉਮੀਦਵਾਰ ਸੁਰਿੰਦਰ ਕੌਰ ਬੰਗਾ ਦੇ ਸਮਰਥਕ ਕੌਰ ਸਿੰਘ ਸੰਧੂ ਨੇ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਕਈ ਉਮੀਦਵਾਰਾਂ ਦੇ ਕਾਗਜ ਰੱਦ ਕਰਵਾਏ ਗਏ, ਜਿਸ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਵਾਰਡ ਨੰਬਰ 25 ਦੇ ਵੋਟਰਾਂ ਨੂੰ ਸੁਰਿੰਦਰ ਕੌਰ ਬੰਗਾ ਦਾ ਹਮਦਰਦੀ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੇ ਪਤੀ ਦਰਸ਼ਨ ਸਿੰਘ ਬੰਗਾ ਨੇ ਪੰਜ ਵਾਰ ਨਗਰ ਕੌਂਸਲਰ ਦੀਆਂ ਚੋਣਾਂ ਲੜੀਆਂ ਸਨ, ਜਿਸ ਵਿੱਚੋਂ ਚਾਰ ਵਾਰ ਉਹ ਜੇਤੂ ਰਹੇ ਸਨ। ਉਨ੍ਹਾਂ ਵਾਰਡ ਨੰਬਰ 25 ਦੇ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਸੁਰਿੰਦਰ ਕੌਰ ਬੰਗਾ ਨਾਲ ਹਮੇਸ਼ਾਂ ਮਜਬੂਤੀ ਨਾਲ ਖੜ੍ਹ ਕੇ ਪੰਜ ਸਾਲ ਲੋਕਾਂ ਦੀ ਸੇਵਾ ਕਰਨ ਲਈ ਤਤਪਰ ਰਹਿਣਗੇ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ 26 ਮਈ ਦਿਨ ਮੰਗਲਵਾਰ ਨੂੰ ਨਗਰ ਕੌਸਲ ਦੀਆਂ ਚੋਣਾ ਨਿਰਪੱਖ ਕਰਵਾਈਆਂ ਜਾਣ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਦੀਸ਼ ਸਿੰਘ ਡੀਸੀ, ਕੁਲਜੀਤ ਸਿੰਘ ਬੰਬੀਹਾ, ਬਲਵੀਰ ਸਿੰਘ ਪੀਟਰ, ਅਕਾਸ਼ਦੀਪ ਸਿੰਘ, ਸੰਦੀਪ ਕੁਮਾਰ ਸੰਨੀ, ਸੰਤੋਸ਼ ਰਾਣੀ, ਗ੍ਰੰਥੀ ਬਸੰਤ ਸਿੰਘ, ਤਰਸੇਮ ਸਿੰਘ ਆਦਿ ਵੀ ਹਾਜਰ ਸਨ।

